ਮੱਧ ਪ੍ਰਦੇਸ਼ ਵਿਖੇ ਬਲਾਤਕਾਰ ਦਾ ਸ਼ਿਕਾਰ ਹੋਈ  ਮੰਦਬੁੱਧੀ ਲੜਕੀ ਲਈ ਲੋਕਾਂ ਨੇ ਦਰਵਾਜ਼ੇ ਕੀਤੇ ਬੰਦ

ਮੱਧ ਪ੍ਰਦੇਸ਼ ਵਿਖੇ ਬਲਾਤਕਾਰ ਦਾ ਸ਼ਿਕਾਰ ਹੋਈ  ਮੰਦਬੁੱਧੀ ਲੜਕੀ ਲਈ ਲੋਕਾਂ ਨੇ ਦਰਵਾਜ਼ੇ ਕੀਤੇ ਬੰਦ

ਮੌਜੂਦਾ ਭਾਰਤੀ ਰਾਜਸੀ ਵਿਵਸਥਾ ਨੇ ਸਮਾਜ ਨੂੰ ਵਹਿਸ਼ੀਪੁਣੇ ਵਲ ਪਹੁੰਚਾਇਆ

*ਮੰਦਬੁੱਧੀ 26 ਸਾਲਾ ਮੁਸਲਮਾਨ ਨੌਜਵਾਨ ਦੀ  ਫਿਰਕੂ ਭੀੜ ਨੇ ਕੁੱਟ ਕੁੱਟ ਕੇ ਕੀਤੀ ਹੱਤਿਆ 

ਇਸ ਹਫ਼ਤੇ ਦੇ ਸ਼ੁਰੂ ਵਿੱਚ ਭਾਰਤ ਦੇ ਦੋ ਰਾਜਾਂ ਵਿੱਚ ਵਾਪਰੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਮੌਜੂਦਾ ਰਾਜਸੀ ਵਿਵਸਥਾ ਨੇ ਸਮਾਜ ਨੂੰ ਵਹਿਸ਼ੀਪੁਣੇ ਵਲ ਪਹੁੰਚਾ ਦਿੱਤਾ ਹੈ, ਜਿੱਥੇ ਮਨੁੱਖ ਨੈਤਿਕਤਾ ਗੁਆਕੇ ਬੁਤ ਹੋ ਚੁਕਿਆ ਹੈ।

ਪਹਿਲੀ ਘਟਨਾ ਮੱਧ ਪ੍ਰਦੇਸ਼ ਦੀ ਹੈ, ਜਿਸ ਦੇ ਧਾਰਮਿਕ ਸ਼ਹਿਰ ਦਾ ਲਬਾਦਾ ਪਹਿਨੇ ਹੋਏ ਉਜੈਨ ਵਿੱਚ ਇੱਕ 12 ਸਾਲਾ ਮੰਦਬੁੱਧੀ ਲੜਕੀ ਨਾਲ ਸੜਕ ਕੰਢੇ ਬਲਾਤਕਾਰ ਹੁੰਦਾ ਹੈ । ਅੱਧਨੰਗੀ ਉਹ ਕੁੜੀ 8 ਕਿਲੋਮੀਟਰ ਤੱਕ ਘਰ-ਘਰ ਮਦਦ ਮੰਗਦੀ ਦੌੜਦੀ ਰਹੀ, ਪਰ ਕਿਸੇ ਨੂੰ ਵੀ ਉਸ ‘ਤੇ ਰਹਿਮ ਨਾ ਆਇਆ । ਸਭ ਨੇ ਦਰਵਾਜ਼ੇ ਬੰਦ ਕਰ ਲਏ।ਸ਼ੋਸ਼ਲ ਮੀਡੀਆ ਉਪਰ ਵਾਇਰਲ ਵੀਡੀਓ ਵਿੱਚ ਉਸ ਦੇ ਪ੍ਰਾਈਵੇਟ ਅੰਗ ਵਿੱਚੋਂ ਰਿਸਦਾ ਖੂਨ ਭਿਆਨਕ ਮੰਜਰ ਪੇਸ਼ ਕਰ ਰਿਹਾ ਸੀ । ਅੰਤ ਇਕ ਧਰਮੀ ਨੇ ਉਸ ਦੀ ਮਦਦ ਕੀਤੀ ਅਤੇ ਪੁਲੀਸ ਨੂੰ ਬੁਲਾਇਆ। ਹੁਣ ਉਹ ਹਸਪਤਾਲ ਵਿਚ ਹੈ ਤੇ ਉਸ ’ਤੇ ਇਹ ਜ਼ੁਲਮ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਸੇ ਤਰ੍ਹਾਂ ਤਿੰਨ ਦਰਿੰਦਿਆਂ ਨੇ ਅਸਾਮ ਵਿਚ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ-ਜਨਾਹ ਕਰ ਕੇ ਉਸ ਨੂੰ ਮਾਰ ਮੁਕਾਇਆ। ਅਪਰਾਧੀ ਗ੍ਰਿਫ਼ਤਾਰ ਕੀਤੇ ਗਏ ਹਨ ਪਰ ਇਹ ਘਟਨਾਵਾਂ ਸਾਡੇ ਸਮਾਜ ਵਿਚ ਪਲਦੀ ਘਿਨਾਉਣੀ ਮਾਨਸਿਕਤਾ ਦੀਆਂ ਤਸਵੀਰਾਂ ਹਨ। 

ਇਸ ਵੇਲੇ ਜਦੋਂ ਭਾਰਤੀ ਸੰਸਦ ਵਿੱਚ ਔਰਤਾਂ ਲਈ 33 ਫ਼ੀਸਦੀ ਰਾਖਵੇਂਕਰਨ ਦੇ ਰਾਗ ਦੀ ਧੁਨ ਉੱਤੇ ਸੱਤਾ ਪ੍ਰਾਪਤੀ ਦਾ ਸੰਗੀਤ ਗਲੀ ਗਲੀ ਵਿੱਚ ਗੂੰਜ ਰਿਹਾ ਹੈ, ਇੱਕ ਮਾਸੂਮ ਕੁੜੀ ਨਾਲ ਵਾਪਰੀ ਹੈਵਾਨੀਅਤ ਨੇ ਸਮੁੱਚੀ ਵਿਵਸਥਾ ਦੇ ਕੋਹੜ ਤੋਂ ਪਰਦਾ ਚੁੱਕ ਦਿੱਤਾ ਹੈ ।ਅਸਲ ਵਿੱਚ 20 ਸਾਲ ਦੇ ਹਿੰਦੂਤਵੀ ਰਾਜ ਨੇ ਉਸ ਸੂਬੇ ਨੂੰ ਜੰਗਲੀ ਸਮਾਜ ਵਿੱਚ ਬਦਲ ਦਿੱਤਾ ਹੈ ।

ਸੂਬੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ । ਕਦੇ ਕਿਸੇ ਭਾਜਪਾ ਨੇਤਾ ਦਾ ਦਬੰਗ ਹਮੈਤੀ ਕਿਸੇ ਦਲਿਤ ਦੇ ਮੂੰਹ ਉੱਤੇ ਪੇਸ਼ਾਬ ਕਰ ਦਿੰਦਾ ਹੈ ਤੇ ਕਦੇ ਕਿਸੇ ਆਦਿਵਾਸੀ ਨੂੰ ਚਪਲਾਂ ਨਾਲ ਕੁੱਟ ਦਿੰਦਾ ਹੈ ।ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਵੀ ਇਹ ਸੂਬਾ ਅੱਵਲ ਹੈ ।ਹਰ ਰੋਜ਼ ਔਸਤਨ 8 ਬਲਾਤਕਾਰ ਦੀਆਂ ਘਟਨਾਵਾਂ ਹੋ ਰਹੀਆਂ ਹਨ ।ਸ਼ਿਵਰਾਜ ਮਾਮੇ ਦੇ ਰਾਜ ਦੌਰਾਨ 58 ਹਜ਼ਾਰ ਬਲਾਤਕਾਰ ਤੇ 68 ਹਜ਼ਾਰ ਔਰਤਾਂ ਅਗਵਾ ਹੋ ਚੁੱਕੀਆਂ ਹਨ ।ਸੂਬੇ ਵਿੱਚ ਜਰਵਾਣਿਆਂ ਦਾ ਰਾਜ ਹੈ ।

ਦੂਜੀ ਘਟਨਾ ਦੇਸ਼ ਦੀ ਰਾਜਧਾਨੀ ਦਿੱਲੀ ਦੀ ਹੈ, ਜਿਥੇ ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਵਿੱਚ ਇੱਕ ਮੰਦਬੁੱਧੀ 26 ਸਾਲਾ ਨੌਜਵਾਨ ਦੀ ਕੁੱਟ ਕੁੱਟ ਕੇ ਇਸ ਲਈ ਹੱਤਿਆ ਕਰ ਦਿੱਤੀ ਗਈ ਕਿਉਂਕਿ ਉਸ ਉੱਤੇ ਪ੍ਰਸਾਦ ਚੋਰੀ ਕਰਕੇ ਖਾਣ ਦਾ ਦੋਸ਼ ਸੀ । ਪੁਲਸ ਨੇ ਦੱਸਿਆ ਕਿ 26 ਸਤੰਬਰ ਨੂੰ ਇੱਕ ਮੰਦਰ ਨੇੜੇ ਪ੍ਰਸ਼ਾਦ ਚੋਰੀ ਕਰਨ ਦੇ ਸ਼ੱਕ ਵਿੱਚ 26 ਸਾਲਾ ਮੁਹੰਮਦ ਈਸਾਰ ਨਾਂਅ ਦੇ ਮੰਦਬੁੱਧੀ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਸੀ ।ਮੁਹੰਮਦ ਈਸਾਰ ਨੂੰ ਪਹਿਲਾਂ ਇੱਕ ਭਗਵਾਂ ਕੱਪੜੇ ਰਾਹੀਂ ਖੰਭੇ ਨਾਲ ਬੰਨ੍ਹਿਆ ਗਿਆ ਤੇ ਫਿਰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ।ਇਹ ਉਹੀ ਇਲਾਕਾ ਹੈ ਜਿੱਥੇ 2020 ਵਿੱਚ ਦੰਗਿਆਂ ਦੌਰਾਨ 53 ਵਿਅਕਤੀ ਮਾਰੇ ਗਏ ਸਨ । ਇਨ੍ਹਾਂ ਵਿੱਚ ਸਭ ਤੋਂ ਵੱਧ ਮੁਸਲਮਾਨ ਸਨ । ਪੁਲਸ ਨੇ ਦੋਸ਼ੀ ਬਣਾ ਕੇ ਗਿ੍ਫ਼ਤਾਰ ਵੀ ਮੁਸਲਮਾਨਾਂ ਨੂੰ ਕੀਤਾ ਸੀ |

ਇੱਕ ਵਿਅਕਤੀ ਨੂੰ ਇਸ ਤਰ੍ਹਾਂ ਕੁੱਟ ਕੁੱਟ ਕੇ ਮਾਰ ਦੇਣਾ ਸਮਾਜ ਵਿੱਚ ਸੰਵੇਦਨਹੀਣਤਾ ਦੇ ਪਸਾਰ ਦੀ ਨਿਸ਼ਾਨਦੇਹੀ ਹੈ । ਕੁੱਟਮਾਰ ਕਰਨ ਵਾਲੀ ਫਿਰਕੂ ਭੀੜ ਲਈ ਉਹ ਮਨੁੱਖ ਨਹੀਂ, ਮੁਸਲਮਾਨ ਸੀ। ਉਸ ਦਾ ਮਾਰਿਆ ਜਾਣਾਹਿੰਦੂ ਰਾਸ਼ਟਰਵਾਦੀ ਸਿਆਸਤ ਦੀ ਜ਼ਰੂਰਤ ਸੀ ।ਇਹ ਸਭ ਘਟਨਾਵਾਂ ਦੱਸਦੀਆਂ ਹਨ ਕਿ ਫਿਰਕੂ ਫਾਸ਼ੀਵਾਦੀ ਸਿਆਸਤ  ਨੇ ਭਾਰਤ ਨੂੰ ਜੰਗਲ ਰਾਜ ਵਿੱਚ ਤਬਦੀਲ ਕਰ ਦਿੱਤਾ ਹੈ ।