ਗੁੜਗਾਂਓ ਵਿੱਚ ਨਮਾਜ਼ ਪੜ੍ਹ ਕੇ ਜਾ ਰਹੇ ਮੁਸਲਮਾਨ ਦੀ ਕੁੱਟਮਾਰ ਕਰਕੇ "ਜੈ ਸ੍ਰੀ ਰਾਮ" ਦੇ ਨਾਅਰੇ ਲਗਵਾਏ

ਗੁੜਗਾਂਓ ਵਿੱਚ ਨਮਾਜ਼ ਪੜ੍ਹ ਕੇ ਜਾ ਰਹੇ ਮੁਸਲਮਾਨ ਦੀ ਕੁੱਟਮਾਰ ਕਰਕੇ
ਮੋਹੱਮਦ ਬਰਕਤ ਆਲਮ

ਗੁੜਗਾਂਓ: ਭਾਰਤ ਵਿੱਚ ਘੱਟਗਿਣਤੀਆਂ 'ਤੇ ਹਮਲੇ ਲਗਾਤਾਰ ਜਾਰੀ ਹਨ ਤੇ ਹਿੰਦੁਤਵ ਦੀ ਅਗਵਾਈ ਕਰਦੀ ਮੋਦੀ ਸਰਕਾਰੀ ਦੇ ਦੁਬਾਰਾ ਸੱਤਾ ਵਿੱਚ ਕਾਬਜ਼ ਹੋਣ ਨਾਲ ਇਹਨਾਂ ਹਮਲਿਆਂ ਦਾ ਤਿੱਖਾਪਣ ਹੋਰ ਵੱਧਦਾ ਨਜ਼ਰ ਆ ਰਿਹਾ ਹੈ। ਗੁੜਗਾਂਓ ਵਿੱਚ 25 ਸਾਲਾ ਮੁਸਲਮਾਨ ਨੌਜਵਾਨ ਮੋਹੱਮਦ ਬਰਕਤ ਆਲਮ ਦੇ ਨਾਲ ਲੋਕਾਂ ਦੀ ਇੱਕ ਭੀੜ ਨੇ ਕੁੱਟਮਾਰ ਕੀਤੀ ਤੇ ਉਸਦੇ ਧਰਮ ਦੀ ਪਛਾਣ ਉਸਦੀ ਟੋਪੀ ਵੀ ਸਿਰ ਤੋਂ ਲਾਹ ਦੂਰ ਸੁੱਟ ਦਿੱਤੀ। 

ਕੁੱਟਮਾਰ ਦਾ ਸ਼ਿਕਾਰ ਹੋਇਆ ਆਲਮ ਬਿਹਾਰ ਨਾਲ ਸਬੰਧਿਤ ਹੈ ਤੇ ਕੁੱਝ ਦਿਨ ਪਹਿਲਾਂ ਹੀ ਬਿਹਾਰ ਤੋਂ ਗੁੜਗਾਂਓ ਆਇਆ ਸੀ। ਇਸ ਘਟਨਾ ਸਬੰਧੀ ਉਸ ਵੱਲੋਂ ਦਰਜ ਕਰਵਾਈ ਗਈ ਐਫ.ਆਈ.ਆਰ ਵਿੱਚ ਕਿਹਾ ਗਿਆ ਹੈ ਕਿ ਸ਼ਨੀਵਾਰ ਰਾਤ ਨੂੰ 10.15 ਵਜੇ ਉਹ ਸਦਰ ਬਜਾਰ ਮਸੀਤ ਵਿੱਚ ਨਮਾਜ਼ ਪੜ੍ਹ ਕੇ ਜਕੋਬਪੁਰਾ ਇਲਾਕੇ 'ਚ ਆਪਣੇ ਕਿਰਾਏ ਦੇ ਕਮਰੇ ਵੱਲ ਵਾਪਿਸ ਜਾ ਰਿਹਾ ਸੀ। ਜਦੋਂ ਉਹ ਸ਼ਾਮ ਸਵੀਟਸ ਦੀ ਦੁਕਾਨ ਕੋਲ ਪੁੱਜਾ ਤਾਂ ਉੱਥੇ ਖੜੇ ਲੋਕਾਂ ਨੇ ਉਸ ਨਾਲ ਜਬਰਦਸਤੀ ਕਰਦਿਆਂ ਉਸਨੂੰ ਕਿਹਾ ਕਿ ਉਹ ਇਸ ਇਲਾਕੇ ਵਿੱਚ ਸਿਰ 'ਤੇ ਇਹ ਟੋਪੀ (ਮੁਸਲਿਮ ਟੋਪੀ) ਨਹੀਂ ਪਾ ਸਕਦਾ। ਆਲਮ ਮੁਤਾਬਿਕ ਸ਼ਰਾਬ ਦੇ ਨਸ਼ੇ ਵਿੱਚ ਉਹਨਾਂ ਲੋਕਾਂ ਨੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।

ਆਲਮ ਨੇ ਕਿਹਾ ਕਿ ਉਹਨਾਂ ਲੋਕਾਂ ਨੇ ਉਸਦੀ ਟੋਪੀ ਲਾਹ ਕੇ ਸੁੱਟ ਦਿੱਤੀ। ਆਲਮ ਨੇ ਦੱਸਿਆ ਕਿ ਉਸ ਕੋਲੋਂ ਜ਼ਬਰਦਸਤੀ "ਜੈ ਸ੍ਰੀਰਾਮ" ਅਤੇ "ਭਾਰਤ ਮਾਤਾ ਦੀ ਜੈ" ਦੇ ਨਾਅਰੇ ਲਗਵਾਏ ਗਏ। ਇਸ ਦੌਰਾਨ ਆਲਮ ਨੂੰ ਡੰਡਿਆਂ ਨਾਲ ਕੁੱਟਿਆ ਗਿਆ। 

ਆਲਮ ਨੇ ਦੱਸਿਆ ਕਿ ਉਸਨੇ ਪੁਲਿਸ ਨੂੰ ਸਾਰੀ ਘਟਨਾ ਦੱਸੀ ਸੀ ਪਰ ਪੁਲਿਸ ਨੇ ਐਫ.ਆਈ.ਆਰ ਵਿੱਚ ਜ਼ਬਰਦਸਤੀ ਨਾਅਰੇ ਲਗਵਾਉਣ ਦਾ ਕੋਈ ਜ਼ਿਕਰ ਦਰਜ ਨਹੀਂ ਕੀਤਾ। ਆਲਮ ਨੇ ਕਿਹਾ ਕਿ ਉਹ ਇਸ ਸਾਰੀ ਘਟਨਾ ਤੋਂ ਐਨਾ ਡਰ ਚੁੱਕਿਆ ਸੀ ਕਿ ਉਹ ਪੁਲਿਸ ਨੂੰ ਇਸ ਬਾਰੇ ਸਵਾਲ ਵੀ ਨਹੀਂ ਕਰ ਸਕਿਆ। 

ਪੁਲਿਸ ਨੇ ਇਸ ਘਟਨਾ ਸਬੰਧੀ ਧਾਰਾ 153 ਏ, 153, 149, 323 ਅਤੇ 506 ਅਧੀਨ ਮਾਮਲਾ ਦਰਜ ਕੀਤਾ ਹੈ।

ਆਲਮ ਨੇ ਪੁਲਿਸ 'ਤੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਨੇ ਉਸ ਨੂੰ ਸਵੇਰੇ 03.30 ਵਜੇ ਤੱਕ ਥਾਣੇ ਅੰਦਰ ਕੋਠੜੀ 'ਚ ਬਿਠਾਈ ਰੱਖਿਆ। ਇਸ ਮਗਰੋਂ ਪੁਲਿਸ ਨੇ ਉਸਨੂੰ ਸਵੇਰੇ 10 ਵਜੇ ਆ ਕੇ ਕੁੱਝ ਲੋਕਾਂ ਦੀ ਪਛਾਣ ਕਰਨ ਬਾਰੇ ਕਿਹਾ। ਪਰ ਅਗਲੇ ਦਿਨ ਆਲਮ 1 ਵਜੇ ਤੱਕ ਠਾਣੇ ਵਿੱਚ ਬੈਠਾ ਰਿਹਾ ਪਰ ਕਿਸੇ ਨੂੰ ਵੀ ਉਸ ਅੱਗੇ ਪਛਾਣ ਕਰਨ ਲਈ ਪੇਸ਼ ਨਹੀਂ ਕੀਤਾ ਗਿਆ। ਇਸ ਮਗਰੋਂ ਮੁਸਲਿਮ ਏਕਤਾ ਮੰਚ ਦੇ ਆਗੂ ਹਾਜੀ ਸ਼ਹਿਜ਼ਾਦ ਖਾਨ ਦੇ ਆਉਣ 'ਤੇ ਪੁਲਿਸ ਨੇ ਆਲਮ ਨੂੰ ਵਾਪਿਸ ਭੇਜਿਆ। ਹਾਜੀ ਸ਼ਹਿਜ਼ਾਦ ਖਾਨ ਨੇ ਪੁਲਿਸ 'ਤੇ ਆਲਮ ਦਾ ਮਾਨਸਿਕ ਸੋਸ਼ਣ ਕਰਨ ਦਾ ਦੋਸ਼ ਲਾਇਆ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ