ਪੰਜਾਬੀ ਮੀਡੀਆ ਪੰਜਾਬੀ ਸੱਭਿਆਚਾਰ ਨੂੰ ਲਗਾ ਰਿਹਾ ਏ ਢਾਹ

ਪੰਜਾਬੀ ਮੀਡੀਆ ਪੰਜਾਬੀ ਸੱਭਿਆਚਾਰ ਨੂੰ ਲਗਾ ਰਿਹਾ ਏ ਢਾਹ

ਪੰਜਾਬੀ ਗਾਇਕੀ ਵਿਚ ਮੁੱਖ-ਪਾਤਰ ਵਿਹਲੜ, ਹਿੰਸਕ ਅਤੇ ਨਸ਼ਈ

ਕਾਰਪੋਰੇਟ ਘਰਾਣੇ ਮੀਡੀਆ ਦੇ ਮਾਧਿਅਮ ਰਾਹੀਂ ਤੀਜੀ ਦੁਨੀਆ ਦੇ ਦੇਸ਼ਾਂ ’ਤੇ ਸੱਭਿਆਚਾਰਕ ਇਜਾਰੇਦਾਰੀ ਸਥਾਪਤ ਕਰਨਾ ਚਾਹੁੰਦੇ ਹਨ। ਪੰਜਾਬੀ ਮੀਡੀਆ (ਰੇਡੀਓ ਅਤੇ ਟੀਵੀ ਚੈਨਲ) ਵੀ ਇਸ ਤੋਂ ਅਛੂਤੇ ਨਹੀਂ ਹਨ। ਪੂੰਜੀਵਾਦ ਦੇ ਇਸ ਦੌਰ ਵਿਚ ਪੰਜਾਬੀ ਵਿਚ 100 ਦੇ ਕਰੀਬ ਰੇਡੀਓ ਚੈਨਲ ਅਤੇ 30 ਤੋਂ ਜ਼ਿਆਦਾ ਟੀਵੀ ਚੈਨਲ ਵੱਖ-ਵੱਖ ਬਹੁ-ਕੌਮੀ ਕੰਪਨੀਆਂ ਵੱਲੋਂ ਪ੍ਰਸਾਰਿਤ ਹੋ ਰਹੇ ਹਨ। ਕੰਪਿਊਟਰ ਤੇ ਮੋਬਾਈਲ ’ਤੇ ਇੰਟਰਨੈੱਟ ਦੀ ਸਹਾਇਤਾ ਨਾਲ ਸੋਸ਼ਲ ਮੀਡੀਆ ਸਾਈਟਸ ਫੇਸਬੁਕ, ਟਵਿੱਟਰ, ਵ੍ਹਟਸਐਪ, ਯੂ-ਟਿਊਬ ਆਦਿ ਦੀ ਵਰਤੋਂ ਕਰਨ ਵਿਚ ਵੀ ਪੰਜਾਬੀ ਕਿਸੇ ਤੋਂ ਪਿੱਛੇ ਨਹੀਂ ਹਨ। ਬਿਜਲਈ ਮੀਡੀਆ ਦੇ ਇਹ ਸਾਧਨ ਸਾਡੇ ਸੱਭਿਆਚਾਰਕ ਮੁੱਲਾਂ ਨੂੰ ਬੁਰੀ ਤਰ੍ਹਾਂ ਢਾਅ ਲਾ ਰਹੇ ਹਨ।ਵਿਸ਼ਵੀਕਰਨ ਦੇ ਦੌਰ ’ਚ ਸੱਭਿਆਚਾਰਕ ਸਾਮਰਾਜਵਾਦ ਰਾਹੀਂ ਕੌਮਾਂਤਰੀ ਕੰਪਨੀਆਂ ਆਪਣੇ ਉਤਪਾਦ ਵੇਚਣ ਲਈ ਸਮੁੱਚੇ ਸੰਸਾਰ ਨੂੰ ਮੰਡੀ ਵਜੋਂ ਵਰਤਦੀਆਂ ਹਨ। ਸਾਧਨ ਸੰਪੰਨ ਲੋਕ (ਸਾਮਰਾਜਵਾਦੀ ਤਾਕਤਾਂ) ਮੀਡੀਆ ’ਤੇ ਕੰਟਰੋਲ ਕਰ ਕੇ ਇਸ ਨੂੰ ਹਥਿਆਰ ਵਜੋਂ ਵਰਤ ਰਹੇ ਹਨ। ਇਸ ਰਾਹੀਂ ਉਹ ਆਪਣੀ ਸ਼ਕਤੀ ਅਤੇ ਪੂੰਜੀ ਵਿਚ ਇਜ਼ਾਫ਼ਾ ਕਰ ਰਹੇ ਹਨ। ਫਿਲਮਾਂ, ਗਾਣੇ, ਖ਼ਬਰਾਂ, ਆਦਿ ਹਰ ਮਾਧਿਅਮ ਰਾਹੀਂ ਇਹ ਕੰਪਨੀਆਂ ਸਥਾਨਕ ਸੱਭਿਆਚਾਰ ’ਤੇ ਆਪਣੀ ਵਿਚਾਰਧਾਰਾ ਥੋਪ ਕੇ ਸਥਾਨਕ ਲੋਕਾਂ ਨੂੰ ਆਪਣੇ ਹੱਕ ’ਚ ਕਰਨ ਦਾ ਯਤਨ ਕਰਦੀਆਂ ਹਨ। ਅਜਿਹਾ ਕਰ ਕੇ ਉਹ ਸਾਡੇ ਰਹਿਣ-ਸਹਿਣ, ਖਾਣ-ਪੀਣ ਅਤੇ ਪਹਿਰਾਵੇ ਦੇ ਤੌਰ-ਤਰੀਕਿਆਂ ’ਤੇ ਗ਼ਲਬਾ ਬਣਾਉਣ ਦੇ ਨਾਲ-ਨਾਲ ਸੋਚਣ-ਸਮਝਣ ਦੇ ਢੰਗ-ਤਰੀਕਿਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਅੱਜ-ਕੱਲ ਪੰਜਾਬੀ ਆਪਣੇ ਰਵਾਇਤੀ ਭੋਜਨ (ਸਾਗ, ਮੱਕੀ ਦੀ ਰੋਟੀ, ਦਹੀਂ, ਮਿੱਸੀ ਰੋਟੀ, ਖੀਰ ਆਦਿ) ਛੱਡ ਕੇ ਵਿਦੇਸ਼ੀ ਖਾਣੇ (ਮੈਗੀ, ਨੂਡਲ, ਬਰਗਰ, ਪੀਜ਼ਾ, ਮੋਮੋਜ਼) ਖਾਣਾ ਪਸੰਦ ਕਰਦੇ ਹਨ। ਇਨ੍ਹਾਂ ਸਾਮਰਾਜਵਾਦੀ ਕੰਪਨੀਆਂ ਨੇ ਤਾਂ ਸਾਡੀ ਮਾਨਸਿਕਤਾ ਨੂੰ ਇਸ ਪ੍ਰਕਾਰ ਜਕੜ ਲਿਆ ਹੈ ਕਿ ਅਸੀਂ ਘਰ ਆਏ ਪ੍ਰਾਹੁਣੇ ਨੂੰ ਲੱਸੀ, ਸ਼ਿਕੰਜਵੀ ਪਿਆਉਣ ਵਿਚ ਸ਼ਰਮ ਮਹਿਸੂਸ ਕਰਨ ਲੱਗ ਪਏ ਹਾਂ ਅਤੇ ਇਸ ਦੀ ਬਜਾਏ ਕੋਲਡ ਡਰਿੰਕ ਆਦਿ ਪਿਆਉਣ ਵਿਚ ਮਾਣ ਮਹਿਸੂਸ ਕਰਦੇ ਹਾਂ। ਅੱਜ ਦਾ ਪੰਜਾਬੀ ਤਾਂ ਲੱਸੀ, ਸ਼ਿਕੰਜਵੀ, ਦੁੱਧ, ਦਹੀਂ ਆਦਿ ਵੀ ਬਹੁਕੌਮੀ ਕੰਪਨੀਆਂ ਵੱਲੋਂ ਬੰਦ ਪੈਕਟਾਂ ਵਾਲਾ ਜ਼ਿਆਦਾ ਵਧੀਆ ਅਤੇ ਸੁਰੱਖਿਅਤ ਸਮਝਦਾ ਹੈ।ਇਸੇ ਤਰ੍ਹਾਂ ਹੁਣ ਰਵਾਇਤੀ ਪਹਿਰਾਵੇ ਦੀ ਥਾਂ ਭੜਕੀਲੇ ਅਤੇ ਫੈਸ਼ਨੇਬਲ ਪਹਿਰਾਵੇ ਉਨ੍ਹਾਂ ਨੂੰ ਵਧੇਰੇ ਆਪਣੇ ਲੱਗਣ ਲੱਗ ਪਏ ਹਨ। ਇਸ ਸਭ ਦਾ ਮੁੱਖ ਕਾਰਨ ਪੰਜਾਬੀ ਫਿਲਮਾਂ ਅਤੇ ਗਾਣਿਆਂ ਵਿਚ ਮੁੱਖ ਪਾਤਰਾਂ ਵੱਲੋਂ ਅਜਿਹਾ ਕਰਨਾ ਹੈ। ਆਪਣੀ ਹੈਜੇਮਨੀ ਸਥਾਪਤ ਕਰਨ ਲਈ ਸਾਮਰਾਜਵਾਦੀ ਤਾਕਤਾਂ ਮੀਡੀਆ ਰਾਹੀਂ ਆਪਣੇ ਸੱਭਿਆਚਾਰ ਨੂੰ ਮਸ਼ਹੂਰ ਚੇਤਨਾ ਦਾ ਰੂਪ ਦਿੰਦੀਆਂ ਹਨ। ਅਜਿਹਾ ਕਰਨ ਲਈ ਉਹ ਸਥਾਨਕ ਸੱਭਿਆਚਾਰ ਨੂੰ ਹੀਣਾ ਦਰਸਾਉਂਦੇ ਹਨ ਅਤੇ ਆਪਣੇ ਸੱਭਿਆਚਾਰ ਨੂੰ ਸ੍ਰੇਸ਼ਠ। ਇਸ ਤਰ੍ਹਾਂ ਉਹ ਸਾਨੂੰ ਜ਼ਿਹਨੀ ਰੂਪ ਵਿਚ ਗ਼ੁਲਾਮ ਬਣਾ ਕੇ ਉਪਭੋਗੀ ਬਣਾ ਲੈਂਦੇ ਹਨ। ਸਾਮਰਾਜਵਾਦੀ ਤਾਕਤਾਂ ਹੁਣ ਦੂਜੇ ਮੁਲਕਾਂ ਨੂੰ ਪ੍ਰਤੱਖ ਰੂਪ ਵਿਚ ਗ਼ੁਲਾਮ ਬਣਾਉਣ ਦੀ ਥਾਂ ਸੱਭਿਆਚਾਰਕ ਰੂਪ ਵਿਚ ਆਪਣੇ ਅਧੀਨ ਕਰਨਾ ਚਾਹੁੰਦੀਆਂ ਹਨ। ਉਹ ਆਪਣਾ ਮਕਸਦ ਮੀਡੀਆ ਨੂੰ ਹਥਿਆਰ ਵਜੋਂ ਵਰਤ ਕੇ ਹੀ ਪੂਰਾ ਕਰਦੀਆਂ ਹਨ।

ਸੱਭਿਆਚਾਰ ਨੂੰ ਉਦਯੋਗ ਵਿਚ ਬਦਲ ਕੇ ਮੁਨਾਫ਼ਾ ਕਮਾਉਣ ਲਈ ਕੌਮਾਂਤਰੀ ਕੰਪਨੀਆਂ ਮੀਡੀਆ ਰਾਹੀਂ ਪੰਜਾਬੀ ਸੰਗੀਤ, ਰੀਤੀ-ਰਿਵਾਜ, ਵਿਸ਼ਵਾਸ, ਤਿਉਹਾਰ, ਖੇਡਾਂ ਅਤੇ ਕਲਾ-ਰੂਪਾਂ ਨੂੰ ਵੀ ਨਵੇਂ ਰੂਪ ਦੇ ਰਹੀਆਂ ਹਨ। ਉਨ੍ਹਾਂ ਲਈ ਸੱਭਿਆਚਾਰ ਕੇਵਲ ਅਤੇ ਕੇਵਲ ਪੈਸਾ ਕਮਾਉਣ ਦਾ ਸਾਧਨ ਹੈ। ਇਸ ਦੀ ਮਿਸਾਲ ਪੰਜਾਬੀ ਫਿਲਮਾਂ ਦੇ ਨਾਵਾਂ (ਲਾਵਾਂ-ਫੇਰੇ, ਮੰਜੇ-ਬਿਸਤਰੇ, ਸਰਦਾਰ ਜੀ, ਗੁੱਡੀਆਂ ਪਟੋਲੇ, ੳ.ਅ, ਦਾਣਾ-ਪਾਣੀ ਨਿੱਕਾ ਜ਼ੈਲਦਾਰ, ਸ਼ਰੀਕ, ਸਿੰਘ ਵ/ਸ ਕੌਰ, ਪ੍ਰਾਹੁਣਾ, ਗਿੱਦੜਸਿੰਘੀ, ਆਟੇ ਦੀ ਚਿੜੀ, ਜੱਟ ਬੁਆਏਜ਼, ਜੱਟ ਏਅਰਵੇਜ਼, ਜੱਟ ਇਨ ਗੋਲਮਾਲ, ਜੱਟ ਅਤੇ ਜੂਲੀਅਟ, ਜੱਦੀ ਸਰਦਾਰ ਆਦਿ) ਵਿਚੋਂ ਵੇਖੀ ਜਾ ਸਕਦੀ ਹੈ। ਅਜੋਕੀਆਂ ਪੰਜਾਬੀ ਫਿਲਮਾਂ ਭਾਵੇਂ ਬਹੁਕੌਮੀ ਕੰਪਨੀਆਂ ਵੱਲੋਂ ਬਣਾਈਆਂ ਜਾਂਦੀਆਂ ਹਨ ਪਰ ਪੰਜਾਬੀ ਮਾਨਸਿਕਤਾ ਨੂੰ ਕੈਸ਼ ਕਰਨ ਲਈ ਇਨ੍ਹਾਂ ਦੇ ਨਾਵਾਂ ਵਿਚ ਅਜਿਹੇ ਸ਼ਬਦ ਵਰਤੇ ਜਾਂਦੇ ਹਨ ਜਿਹੜੇ ਸਿੱਧੇ ਰੂਪ ਵਿਚ ਪੰਜਾਬੀ ਲੋਕਾਂ ਨੂੰ ਆਕਰਸ਼ਿਤ ਕਰਦੇ ਹਨ। ਪੰਜਾਬੀ ਫਿਲਮਾਂ ਦੇ ਮੁੱਖ-ਪਾਤਰਾਂ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਉਸ ਦਾ ਅਸਲ ਜ਼ਿੰਦਗੀ ਨਾਲ ਦੂਰ-ਦੂਰ ਤਕ ਕੋਈ ਨਾਤਾ ਨਹੀਂ ਹੁੰਦਾ। ਪੰਜਾਬੀ ਗਾਇਕੀ ’ਚੋਂ ਸਥਾਨਿਕਤਾ ਦੇ ਪ੍ਰਭਾਵ ਨੂੰ ਖ਼ਤਮ ਕਰ ਕੇ ਉਸ ਵਿਚ ਪੌਪ ਅਤੇ ਰੈਪ ਮਿਊੁਜ਼ਿਕ ਨੂੰ ਵਧਾ-ਚੜਾਅ ਕੇ ਦਿਖਾਇਆ ਜਾਂਦਾ ਹੈ।

ਪੰਜਾਬੀ ਗਾਇਕੀ ਵਿਚ ਮੁੱਖ-ਪਾਤਰ ਵਿਹਲੜ, ਹਿੰਸਕ ਅਤੇ ਨਸ਼ਈ ਦਿਖਾਇਆ ਜਾਂਦਾ ਹੈ। ਔਰਤਾਂ ਦੇ ਅਕਸ ਨੂੰ ਢਾਅ ਲਾਉਣ ਵਾਲੀ ਗਾਇਕੀ ਰਾਹੀਂ ਪੰਜਾਬੀ ਔਰਤਾਂ ਨੂੰ ਵੀ ਲੱਚਰ ਅਤੇ ਅਸ਼ਲੀਲ ਪਹਿਰਾਵੇ ਵਿਚ ਪੇਸ਼ ਕੀਤਾ ਜਾਂਦਾ ਹੈ। ਅੱਜ-ਕੱਲ੍ਹ ਤਾਂ ਜ਼ਿਆਦਾਤਰ ਪੰਜਾਬੀ ਗਾਣਿਆਂ ਵਿਚ ਸ਼ਬਦਾਵਲੀ ’ਤੇ ਵੀ ਅੰਗਰੇਜ਼ੀ ਭਾਰੂ ਹੁੰਦੀ ਹੈ। ਸੱਭਿਆਚਾਰ ’ਤੇ ਗਲੋਬਲ ਪ੍ਰਭਾਵ ਪਾ ਕੇ ਉਸ ਦਾ ਸਥਾਨੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਵਰਤਮਾਨ ਦੌਰ ਵਿਚ ਸੱਭਿਆਚਾਰਕ ਸਿਰਜਣਾਵਾਂ ’ਚੋਂ ਕਲਾ-ਪੱਖ ਮਨਫ਼ੀ ਹੋ ਰਿਹਾ ਹੈ ਅਤੇ ਇਸ ਦੀ ਥਾਂ ਮਸ਼ੀਨੀ ਵਸਤਾਂ ਨੇ ਲੈ ਲਈ ਹੈ। ਬਿਜਲਈ ਮੀਡੀਆ ਸਾਧਨਾਂ ਰਾਹੀਂ ਮਨੁੱਖੀ ਮਾਨਸਿਕਤਾ ਵਿੱਚੋਂ ਆਰਥਿਕ ਮੁੱਲ ਸਮਾਪਤ ਕਰ ਕੇ ‘ਸਟੇਟਸ ਮੁੱਲ’ ਸਥਾਪਤ ਕੀਤਾ ਜਾ ਰਿਹਾ ਹੈ। ਘਰੇਲੂ ਵਸਤਾਂ ਦੀ ਥਾਂ ਬਾਜ਼ਾਰੀ (ਡੱਬਾ ਬੰਦ) ਵਸਤਾਂ ਨੂੰ ਉਨ੍ਹਾਂ ਦੇ ‘ਸਟੇਟਸ ਮੁੱਲ’ ਕਾਰਨ ਹੀ ਤਰਜੀਹ ਦਿੱਤੀ ਜਾਂਦੀ ਹੈ। ਘਰ ਦੀ ਲੱਸੀ ਦੀ ਬਜਾਏ ਬਾਜ਼ਾਰੀ (ਪੈਕੇਟ ਵਾਲੀ) ਲੱਸੀ ਨੂੰ ਵਧੀਆ ਮੰਨਣਾ ਇਸ ਦੀ ਸਪਸ਼ਟ ਉਦਾਹਰਨ ਹੈ। ਸੱਭਿਆਚਾਰਕ ਇਕਰੂਪਤਾ ਦੇ ਵਿਖਾਵੇ ਅਧੀਨ ਪੱਛਮੀ ਸੱਭਿਆਚਾਰ ਦਾ ਦਬਦਬਾ ਬਣਾਉਣ ਅਤੇ ਵਿਖਾਉਣ ਦੀ ਬੁਣਤ ਬੁਣੀ ਜਾ ਰਹੀ ਹੈ। ਟੀਵੀ, ਫਿਲਮਾਂ ਅਤੇ ਸੋਸ਼ਲ ਮੀਡੀਆ ਸਾਈਟਸ ਦੀ ਮਦਦ ਨਾਲ ਹਾਈਪਰ ਰਿਐਲਟੀ ਨੂੰ ਯਥਾਰਥ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਰਾਹੀਂ ਅਜਿਹੀ ਰਿਐਲਟੀ ਸਿਰਜੀ ਜਾਂਦੀ ਹੈ ਜਿਸ ਨੂੰ ਜਨ-ਸਾਧਾਰਨ ਵੀ ਅਸਲ ਮੰਨਣ ਲੱਗ ਜਾਂਦਾ ਹੈ। ਕਿਸੇ ਕਰੀਮ ਦੀ ਮਦਦ ਨਾਲ ਰੰਗ ‘ਕਾਲੇ ਤੋਂ ਗੋਰਾ’ ਹੋ ਜਾਂਦਾ ਹੈ ਜਾਂ ਜਵਾਨਾਂ ਵਰਗੀ ਤਾਜ਼ਗੀ ਅਤੇ ਫੁੁਰਤੀ ਪ੍ਰਾਪਤ ਕਰਨ ਲਈ ਕੋਈ ਕੈਪਸੂਲ (ਦਵਾਈ) ਜਾਂ ਵਿਸ਼ੇਸ਼ ਪ੍ਰਕਾਰ ਦਾ ਘੋਲ ਸਹਾਇਕ ਹੈ, ਇਹ ਇਕ ਹਾਈਪਰ ਰਿਐਲਟੀ ਹੈ।ਸਰੀਰਕ ਖੇਡਾਂ ਦੀ ਬਜਾਏ ਅੱਜ-ਕੱਲ੍ਹ ਵਰਚੂਅਲ (ਮੋਬਾਈਲ ਅਤੇ ਕੰਪਿਊਟਰ ’ਤੇ) ਖੇਡਾਂ ਨੂੰ ਤਰਜੀਹ ਦੇ ਕੇ ਪ੍ਰਚਾਰਿਆ ਜਾ ਰਿਹਾ ਹੈ। ਇਹੀ ਮੀਡੀਆ ਇਸ ਤੱਥ ਦਾ ਵੀ ਪ੍ਰਚਾਰ ਕਰਦਾ ਹੈ ਕਿ ਮੱਧਕਾਲੀ ਪੰਜਾਬੀ ਨਾਇਕਾਂ ਨਾਲੋਂ ਪੱਛਮੀ ਨਾਇਕ ਵਧੇਰੇ ਬਲਸ਼ਾਲੀ ਅਤੇ ਸੂਝਵਾਨ ਸਨ। ਇਸੇ ਲਈ ਪੰਜਾਬੀ ਬੱਚਿਆਂ ਦੁਆਰਾ ਖੇਡੀਆਂ ਜਾਣ ਵਾਲੀਆਂ ਆਨਲਾਈਨ ਅਤੇ ਕੰਪਿਊਟਰ ਖੇਡਾਂ ’ਚੋਂ ਕਿਸੇ ਦਾ ਵੀ ਨਾਇਕ ਪੰਜਾਬੀ ਨਹੀਂ। ਪੰਜਾਬੀ ਬੱਚਿਆਂ ਦੇ ਰੋਲ ਮਾਡਲ ਵੀ ਪੱਛਮੀ ਨਾਇਕ ਹੀ ਬਣਦੇ ਜਾ ਰਹੇ ਹਨ।

ਇਸ ਤਰ੍ਹਾਂ ਇਹ ਬਹੁ-ਕੌਮੀ ਵਿਦੇਸ਼ੀ ਕੰਪਨੀਆਂ ਸਥਾਨਕ ਸੱਭਿਆਚਾਰ ’ਤੇ ਹਾਵੀ ਹੋ ਕੇ ਉਸ ਨੂੰ ਆਪਣੇ ਮੁਨਾਫ਼ੇ ਲਈ ਵਰਤਣ ਦਾ ਹਰ ਹੀਲਾ ਅਪਣਾਉਂਦੀਆਂ ਹਨ। ਇਹ ਆਪਣੇ ਉਤਪਾਦਾਂ ਨੂੰ ਸਥਾਨਕ ਰੰਗਤ ਦੇ ਕੇ, ਪੰਜਾਬੀ ਗਾਇਕਾਂ ਅਤੇ ਫਿਲਮੀ ਪਾਤਰਾਂ ਰਾਹੀਂ ਇਨ੍ਹਾਂ ਦਾ ਪ੍ਰਚਾਰ ਕਰਵਾ ਕੇ ਅਤੇ ਇਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਦੇ ਰੰਗ ਵਿਚ ਰੰਗ ਕੇ ਲੋਕਾਂ ਸਾਹਮਣੇ ਇੰਜ ਪੇਸ਼ ਕਰਦੇ ਹਨ ਕਿ ਲੋਕਾਂ ਨੂੰ ਇਹ ਉਤਪਾਦ ਦੇਸੀ ਲੱਗਣ ਲੱਗਦੇ ਹਨ। ਇਨ੍ਹਾਂ ਨੇ ਸੱਭਿਆਚਾਰ ਨੂੰ ਆਪਣੀ ਮਰਜ਼ੀ ਅਨੁਸਾਰ ਢਾਲ ਲਿਆ ਹੈ। ਇਨ੍ਹਾਂ ਮਲਟੀ-ਨੈਸ਼ਨਲ ਕੰਪਨੀਆਂ ਦੀ ਅਜਿਹੀ ਵਿਚਾਰਧਾਰਾ ਤੋਂ ਸੁਚੇਤ ਹੋਣ ਦੀ ਲੋੜ ਹੈ। ਜੇ ਅਜਿਹਾ ਨਾ ਕੀਤਾ ਗਿਆ ਤਾਂ ਨੇੜੇ ਭਵਿੱਖ ਵਿਚ ਛੇਤੀ ਹੀ ਪੰਜਾਬੀ ਸੱਭਿਆਚਾਰ ਆਪਣੀ ਅਸਲ ਹੋਂਦ ਗੁਆ ਬੈਠੇਗਾ।

 

 ਡਾ. ਵਿਸ਼ਾਲ ਕੁਮਾਰ