ਸਿੱਖ ਧਰਮ ਵਿਚ ਫੈਲੀਆਂ ਕੁਰੀਤੀਆਂ ਦੂਰ ਕਰਨਾ ਸਮੇਂ ਦੀ ਲੋੜ

ਸਿੱਖ ਧਰਮ ਵਿਚ ਫੈਲੀਆਂ ਕੁਰੀਤੀਆਂ ਦੂਰ ਕਰਨਾ ਸਮੇਂ ਦੀ ਲੋੜ

ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਾਰੇ ਮਨੁੱਖ ਇਕ ਬਰਾਬਰ ਹਨ

ਸਾਡੇ ਧਰਮ ਵਿਚ ਸਾਡੇ ਗੁਰੂ ਸਾਹਿਬਾਨ ਨੇ ਸਭ ਨੂੰ ਇਕ ਬਰਾਬਰ ਸਮਝਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਾਰੇ ਮਨੁੱਖ ਇਕ ਬਰਾਬਰ ਹਨ। ਪਰ ਸਾਡੇ ਬਹੁਤ ਸਾਰੇ ਗੁਰਦਵਾਰਿਆਂ ਵਿਚ ਸ਼ਰਧਾਲੂਆਂ ਨਾਲ ਭੇਦ-ਭਾਵ ਕੀਤਾ ਜਾ ਰਿਹਾ ਹੈ। ਜ਼ਿਆਦਾ ਪੈਸੇ ਨਾਲ ਮੱਥਾ ਟੇਕਣ ਵਾਲਿਆਂ ਨੂੰ ਸਪੈਸ਼ਲ ਪ੍ਰਸ਼ਾਦ ਜਾਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਨੂੰ ਵੇਖ ਕੇ ਇਕ ਗ਼ਰੀਬ ਸ਼ਰਧਾਵਾਨ ਸਿੱਖ ਸ਼ਰਧਾਲੂ ਦੇ ਮਨ ਤੇ ਕੀ ਬੀਤਦੀ ਹੋਵੇਗੀ? ਕੀ ਪੈਸੇ ਵਾਲੇ ਸਿੱਖ ਹੀ ਸਾਡੇ ਗੁਰੂ ਸਾਹਿਬਾਨ ਨੂੰ ਜ਼ਿਆਦਾ ਪਿਆਰੇ ਹਨ? ਹਿੰਦੂ ਧਰਮ ਦੇ ਵੱਡੇ ਮੰਦਰਾਂ ਵਿਚ ਵੀ ਇਹ ਹੀ ਹਾਲ ਹੈ, ਪੈਸੇ ਵਾਲਿਆਂ ਨੂੰ ਵੀ.ਆਈ.ਪੀ. ਐਂਟਰੀ ਮਿਲਦੀ ਹੈ ਅਤੇ ਗਰੀਬ ਸ਼ਰਧਾਲੂ ਆਮ ਲਾਈਨਾਂ ਵਿਚ ਘੰਟਿਆਂ ਬੱਧੀ ਖੜ੍ਹ ਕੇ ਮੱਥਾ ਟੇਕਦੇ ਹਨ। ਗੁਰੂ ਗ੍ਰੰਥ ਸਾਹਿਬ ਅੱਗੇ ਸਾਰੇ ਅਮੀਰ ਗਰੀਬ ਸ਼ਰਧਾਲੂ ਇਕ ਸਮਾਨ ਹਨ। ਕਿਰਪਾ ਕਰਕੇ ਇਸ ਤਰ੍ਹਾਂ ਦੇ ਵਿਕਤਰਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਜੀ।

ਸਿੱਖ ਧਰਮ ਵਿਚ ਪਾਖੰਡਾਂ ਦੀ ਕੋਈ ਥਾਂ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਤੀਰਥਾਂ 'ਤੇ ਨਹਾਉਣ ਅਤੇ ਸੂਰਜ ਨੂੰ ਪਾਣੀ ਦੇਣ ਨੂੰ ਅਗਿਆਨਤਾ ਕਿਹਾ ਸੀ। ਪਰ ਸਾਡੇ ਵੱਡੇ ਵੱਡੇ ਗੁਰਦੁਆਰਿਆਂ ਅੱਗੇ ਸਰੋਵਰਾਂ ਤੋਂ ਪਾਣੀ ਆਪਣੇ ਘਰ ਲੈਕੇ ਜਾਣ ਲਈ ਪਾਣੀ ਦੀਆਂ ਪੀਪੀਆਂ ਆਮ ਵਿਕ ਰਹੀਆਂ ਹਨ। ਜਿੱਥੋਂ ਲੋਕ ਸਰੋਵਰਾਂ ਦਾ ਪਾਣੀ ਇਨ੍ਹਾਂ ਪੀਪੀਆਂ ਵਿਚ ਭਰ ਕੇ ਘਰਾਂ ਨੂੰ ਲੈ ਕੇ ਜਾਂਦੇ ਹਨ। ਗੁਰੂ ਸਾਹਿਬਾਨ ਨੇ ਕਿਹਾ ਸੀ ਕਿ ਸਿੱਖ ਦਾ ਸਿਰ ਸਿਰਫ਼ ਗੁਰੂ ਗ੍ਰੰਥ ਸਾਹਿਬ ਅੱਗੇ ਹੀ ਝੁਕੇਗਾ, ਪਰ ਧਰਮ ਦੇ ਠੇਕੇਦਾਰਾਂ ਵੱਲੋਂ ਕਿਤੇ ਗੁਰਦੁਆਰਾ ਸਾਹਿਬ ਵਿਚ ਲੱਗੇ ਕਿਸੇ ਦਰੱਖ਼ਤ ਅੱਗੇ ਮੱਥਾ ਟਿਕਾਇਆ ਜਾ ਰਿਹਾ ਹੈ ਕਿਤੇ ਖੜਾਵਾਂ ਆਦਿ ਦੇ ਅੱਗੇ। ਇਨ੍ਹਾਂ ਕੋਲ ਗੋਲਕਾਂ ਵੀ ਰੱਖ ਦਿੱਤੀਆਂ ਗਈਆਂ ਹਨ ਤਾਂ ਜੋ ਮੱਥਾ ਸੁੱਕਾ ਨਾ ਟੇਕਿਆ ਜਾ ਸਕੇ । ਕਿਰਪਾ ਕਰਕੇ ਕੌਮ ਨੂੰ ਵਹਿਮਾਂ ਭਰਮਾਂ ਵਿਚੋਂ ਕੱਢ ਕੇ ਸਿਰਫ਼ ਗੁਰੂ ਗ੍ਰੰਥ ਸਾਹਿਬ ਅੱਗੇ ਹੀ ਮੱਥਾ ਟੇਕਣ ਦਾ ਹੁਕਮਨਾਮਾ ਸਖਤੀ ਨਾਲ ਲਾਗੂ ਕੀਤਾ ਜਾਵੇ ਜੀ।

ਗੁਰੂ ਸਾਹਿਬਾਨ ਨੇ ਉਪਦੇਸ਼ ਦਿੱਤਾ ਸੀ 'ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ' । ਉਨ੍ਹਾਂ ਨੇ ਵੱਖ-ਵੱਖ ਜਾਤਾਂ ਦੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਕੇ ਜਾਤ-ਪਾਤ ਖ਼ਤਮ ਕੀਤੀ ਸੀ। ਪਰ ਦੁੱਖ ਦੀ ਗੱਲ ਹੈ ਸਾਡੀ ਸ਼੍ਰੋਮਣੀ ਕਮੇਟੀ ਸੈਂਕੜੇ ਸਾਲਾਂ ਬਾਅਦ ਵੀ ਇਸ ਜਾਤ-ਪਾਤ ਨੂੰ ਖ਼ਤਮ ਨਹੀਂ ਕਰ ਸਕੀ। ਤਕਰੀਬਨ ਹਰ ਪਿੰਡ ਵਿਚ ਜਾਤਾਂ ਤੇ ਆਧਾਰਿਤ ਗੁਰਦਵਾਰਾ ਸਾਹਿਬਾਨ ਬਣੇ ਹੋਏ ਹਨ। ਮੌਤ ਤੋਂ ਬਾਅਦ ਇਹ ਜਾਤਾਂ-ਪਾਤਾਂ ਪਿੱਛਾ ਨਹੀਂ ਛੱਡਦੀਆਂ ਹਨ। ਮ੍ਰਿਤਕ ਇਨਸਾਨ ਲਈ ਜਾਤ ਆਧਾਰਿਤ ਸ਼ਮਸ਼ਾਨ ਘਾਟ ਵੀ ਵੱਖ-ਵੱਖ ਬਣਾ ਦਿੱਤੇ ਗਏ ਹਨ। ਕਿਰਪਾ ਕਰਕੇ ਇਸ ਸੰਬੰਧੀ ਵੀ ਆਪ ਜੀ ਵਲੋਂ ਠੋਸ ਕਦਮ ਚੁੱਕਦੇ ਹੋਏ ਸਿੱਖਾਂ ਨੂੰ ਹਰ ਪਿੰਡ ਵਿਚ ਇਕ ਗੁਰਦੁਆਰਾ ਸਾਹਿਬ ਅਤੇ ਇਕ ਸ਼ਮਸ਼ਾਨ ਘਾਟ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ ਜੀ। ਅਕਸਰ ਵੇਖਣ ਵਿਚ ਆਉਂਦਾ ਹੈ ਵਿਆਹ ਵਾਲੇ ਦਿਨ ਜਦੋਂ ਬਰਾਤ ਆਉਂਦੀ ਹੈ ਤਾਂ ਬਰਾਤ ਨੂੰ ਜੀ ਆਇਆਂ ਕਹਿਣ ਲਈ ਅਰਦਾਸ ਦੀ ਰਸਮ ਕੀਤੀ ਜਾਂਦੀ ਹੈ। ਇਸ ਮੌਕੇ ਕਈ ਬਰਾਤੀਆਂ ਨੇ  ਨਸ਼ਾ ਆਦਿ ਵੀ ਕੀਤਾ ਹੁੰਦਾ ਹੈ, ਕਈਆਂ ਨੇ ਸਿਰ ਵੀ ਨੰਗਾ ਹੀ ਰੱਖਿਆ ਹੁੰਦਾ ਹੈ। ਜਿਸ ਨਾਲ ਅਰਦਾਸ ਦੀ ਬੇਅਦਬੀ ਹੁੰਦੀ ਹੈ।

ਆਮ ਸੋਸ਼ਲ ਮੀਡੀਆ ਅਤੇ ਯੂ ਟਿਊਬ ਆਦਿ ਤੇ ਗੁਰਬਾਣੀ ਦੀ ਵੀਡੀਓ ਪਾ ਕੇ ਲਿਖ ਦਿੱਤਾ ਜਾਂਦਾ ਹੈ ਕਿ ਇਹ ਸ਼ਬਦ ਸੁਣਨ ਨਾਲ ਮਾਇਆ ਆਵੇਗੀ ਜਾਂ ਇਹ ਸ਼ਬਦ ਸੁਣਨ ਨਾਲ ਨੌਕਰੀ ਆਦਿ ਮਿਲ ਜਾਵੇਗੀ, ਜੋ ਕਿ ਪੂਰੀ ਤਰ੍ਹਾਂ ਅੰਧ ਵਿਸ਼ਵਾਸ ਤੇ ਅਧਾਰਿਤ ਹੈ। ਕਿਰਪਾ ਕਰਕੇ ਪਾਠੀ ਸਿੰਘਾਂ ਨੂੰ ਅਜਿਹਾ ਅੰਧ ਵਿਸ਼ਵਾਸ ਫੈਲਾਉਣ ਤੋਂ ਰੋਕਿਆ ਜਾਵੇ ਜੀ। ਗੁਰੂਆਂ ਦੇ ਨਾਵਾਂ ਤੇ ਖੁੱਲ੍ਹੇ ਹਸਪਤਾਲਾਂ ਵਿਚ ਮਹਿੰਗੇ ਇਲਾਜ ਕੀਤੇ ਜਾ ਰਹੇ ਹਨ। ਕਿਰਪਾ ਕਰਕੇ ਗੁਰੂ ਸਾਹਿਬਾਨ ਦੇ ਨਾਵਾਂ ਤੇ ਹੁੰਦਾ ਝੂਠ ਦਾ ਵਪਾਰ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੀ।

ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜਾਂ ਵਿਚ ਆਮ ਸਿੱਖਾਂ ਦੇ ਬੱਚਿਆਂ ਨੂੰ ਸਸਤੀ ਵਿੱਦਿਆ ਦੇਣ ਦੇ ਉਪਰਾਲੇ ਕੀਤੇ ਜਾਣ ਤਾਂ ਜੋ ਸਮਾਜ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਕੀਤਾ ਜਾ ਸਕੇ। ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਹਨਾਂ ਮੁਦਿਆਂ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ ਸਿੱਖ ਧਰਮ ਦੀ ਚੜ੍ਹਦੀ ਕਲਾ ਵਾਸਤੇ ਸਖ਼ਤ ਸੰਦੇਸ਼ ਜਾਰੀ ਕਰਨਾ ਚਾਹੀਦਾ ਹੈ। 

ਗੁਰਪ੍ਰੀਤ ਸਿੰਘ

-ਪਿੰਡ ਤੇ ਡਾਕ ਬਡਾਲੀ