ਲਾਹੌਰ ਕਿਲ੍ਹੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ-ਤੋੜ ਪਿੱਛੇ ਕੌਣ?

ਲਾਹੌਰ ਕਿਲ੍ਹੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ-ਤੋੜ ਪਿੱਛੇ ਕੌਣ?

ਲਾਹੌਰ: ਭਾਰਤ ਵੱਲੋਂ ਕਸ਼ਮੀਰ 'ਤੇ ਸਿੱਧੇ ਕਬਜ਼ੇ ਨਾਲ ਬਣੇ ਮਾਹੌਲ ਦਾ ਫਾਇਦਾ ਚੁੱਕਦਿਆਂ ਲਾਹੌਰ ਦੇ ਕੁੱਝ ਸ਼ਰਾਰਤੀ ਅਨਸਰਾਂ ਲਾਹੌਰ ਕਿਲ੍ਹੇ ਵਿੱਚ ਸਥਾਪਿਤ ਕੀਤੇ ਗਏ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨ ਤੋੜ ਕੀਤੀ ਹੈ। 

ਜਦੋਂ ਇਹ ਲੋਕ ਭੰਨ ਤੋੜ ਕਰ ਰਹੇ ਸਨ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਦੀ ਪਛਾਣ ਅਦਨਾਨ ਮੁਗਲ ਅਤੇ ਅਸਾਦ ਵਜੋਂ ਹੋਈ ਹੈ। ਇਹਨਾਂ ਦੋਵਾਂ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਅਪਰਾਧਿਕ ਮਾਮਲਾ ਦਰਜ ਕਰ ਲਿਆ ਗਿਆ ਹੈ। 


ਖ਼ਾਦਿਮ ਹੁਸੈਨ ਰਿਜ਼ਵੀ
ਸਥਾਨਕ ਅਫਸਰਾਂ ਨੇ ਦੱਸਿਆ ਕਿ ਇਹ ਦੋਵੇਂ ਤਹਰੀਕੇ ਲਬਾਇਕ ਪਾਕਿਸਤਾਨ ਨਾਮ ਦੀ ਸਿਆਸੀ ਜਮਾਤ ਨਾਲ ਸਬੰਧਿਤ ਹਨ, ਜਿਸ ਦਾ ਆਗੂ ਖ਼ਾਦਿਮ ਹੁਸੈਨ ਰਿਜ਼ਵੀ ਹੈ। ਇਸ ਖਿਲਾਫ ਪਾਕਿਸਤਾਨ ਵਿੱਚ ਪਹਿਲਾਂ ਵੀ ਕਈ ਮਾਮਲੇ ਚੱਲ ਰਹੇ ਹਨ। ਇਸ ਘਟਨਾ ਪਿੱਛੇ ਮੂਲ ਉਦੇਸ਼ ਵਿਵਾਦ ਪੈਦਾ ਕਰਕੇ ਸਸਤੀ ਸ਼ੋਹਰਤ ਹਾਸਿਲ ਕਰਨਾ ਸਮਝਿਆ ਜਾ ਰਿਹਾ ਹੈ। ਉਂਝ ਭਾਰਤ ਪਾਕਿਸਤਾਨ ਦੇ ਆਪਸੀ ਤਲਖੀ ਵਾਲੇ ਇਸ ਮਾਹੌਲ ਵਿੱਚ ਮਹਾਰਾਜ ਰਣਜੀਤ ਸਿੰਘ ਦਾ ਕੋਈ ਸਬੰਧ ਨਹੀਂ ਹੈ ਜੋ ਸਿੱਖ ਰਾਜ ਦਾ ਮਹਾਰਾਜਾ ਸੀ ਅਤੇ ਜਿਸ ਦੇ ਰਾਜ ਵਿੱਚ ਸਿੱਖ, ਹਿੰਦੂ, ਮੁਸਲਮਾਨ ਸਭ ਬਰਾਬਰ ਹੱਕਾਂ ਅਤੇ ਖੁਸ਼ਹਾਲੀ ਨਾਲ ਜੀਵਨ ਬਸਰ ਕਰਦੇ ਸਨ। 

ਕਸ਼ਮੀਰ 'ਤੇ ਭਾਰਤ ਵੱਲੋਂ ਸਿੱਧਾ ਕਬਜ਼ਾ ਕਰਨ ਦਾ ਸਿੱਖ ਭਾਈਚਾਰੇ ਵੱਲੋਂ ਕਾਫੀ ਵਿਰੋਧ ਵੀ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਸਿੱਖਾਂ ਦੇ ਕੇਂਦਰੀ ਰਾਜਨੀਤਕ ਸਥਾਨ ਅਕਾਲ ਤਖ਼ਤ ਸਾਹਿਬ ਤੋਂ ਸੁਨੇਹਾ ਵੀ ਜਾਰੀ ਕੀਤਾ ਗਿਆ ਹੈ। 

ਪਿਛਲੇ ਸਮੇਂ ਦੌਰਾਨ ਪਾਕਿਸਤਾਨ ਅਤੇ ਸਿੱਖਾਂ ਦਰਮਿਆਨ ਇਕ ਇਤਫਾਕ ਅਤੇ ਭਰੋਸੇ ਵਾਲਾ ਰਿਸ਼ਤਾ ਬਣ ਰਿਹਾ ਹੈ ਤੇ ਇਸ ਘਟਨਾ ਨੂੰ ਇਸ ਰਿਸ਼ਤੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ।