ਕੋਟਕਪੂਰਾ ਗੋਲੀ ਕਾਂਡ ,ਪੰਥਕ ਤੇ ਸਿਆਸੀ ਧਿਰਾਂ ਵੱਲੋਂ ਧਰਨਾ

ਕੋਟਕਪੂਰਾ ਗੋਲੀ ਕਾਂਡ ,ਪੰਥਕ ਤੇ ਸਿਆਸੀ ਧਿਰਾਂ ਵੱਲੋਂ ਧਰਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ

*ਬਰਗਾੜੀ ਮੋਰਚੇ ਦੇ ਆਗੂ ਰਹੇ ਗ਼ੈਰ-ਹਾਜ਼ਰ*

*ਬੇਅਦਬੀ ਮਾਮਲੇ 'ਚ  ਸਿੱਧੂ  ਕੈਪਟਨ ਤੋਂ ਔਖੇ ,ਕਿਹਾ ਕਿ ਜੋ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਸਕਦਾ, ਉਹ ਹੋਰ ਕੀ ਪੰਜਾਬ ਦਾ ਸਵਾਰ ਦੇਵੇਗਾ

ਫ਼ਰੀਦਕੋਟ,  ਕੋਟਕਪੂਰਾ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਰਿਪੋਰਟ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕੀਤੇ ਜਾਣ ਤੋਂ ਬਾਅਦ ਨਿਰਾਸ਼ ਹੋਈਆਂ ਸਿੱਖ ਜਥੇਬੰਦੀਆਂ ਅਤੇ ਕੁਝ ਸਿਆਸੀ ਧਿਰਾਂ ਨੇ ਫ਼ਰੀਦਕੋਟ ਕੋਟਕਪੂਰਾ ਰੋਡ ਤੇ ਬੱਤੀਆਂ ਵਾਲੇ ਚੌਕ ਵਿਚ ਰੋਸ ਧਰਨਾ ਦਿੱਤਾ।

ਇਹ ਉਹੀ ਚੌਕ ਹੈ ਜਿੱਥੇ 14 ਅਕਤੂਬਰ 2015 ਨੂੰ ਗੋਲੀ ਕਾਂਡ ਵਾਪਰਿਆ ਸੀ। ਹਾਲਾਂਕਿ ਇਸ ਰੋਸ ਧਰਨੇ ਵਿੱਚ ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਪੰਥਕ ਆਗੂ ਸ਼ਾਮਲ ਨਹੀਂ ਹੋਏ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੰਥਕ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਗਿਣੀ ਮਿੱਥੀ ਸਾਜਿਸ਼ ਤਹਿਤ ਪੜਤਾਲ ਰਿਪੋਰਟ ਰੱਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਟਕਪੂਰਾ ਗੋਲ਼ੀ ਕਾਂਡ ਵਿੱਚ ਵੱਡੇ ਲੋਕ ਸ਼ਾਮਲ ਹਨ ਅਤੇ ਉਹ ਨਿਆਂ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਰਹੇ ਹਨ।

ਪੰਥਕ ਆਗੂ ਸੁਰਜੀਤ ਸਿੰਘ ਅਰਾਈਆਂਵਾਲਾ ਅਤੇ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਛੇ ਸਾਲ ਬਾਅਦ ਵੀ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ। ਬਾਸਕਟਬਾਲ ਦੇ ਕੌਮੀ ਖਿਡਾਰੀ ਗੁਰਦਿੱਤ ਸਿੰਘ ਸੇਖੋਂ ਅਤੇ ਗੁਰਸੇਵਕ ਸਿੰਘ ਭਾਣਾ ਨੇ ਕਿਹਾ ਕਿ ਇਨਸਾਫ਼ ਅਤੇ ਨਿਰਪੱਖ ਜਾਂਚ ਦੇ ਨਾਂ ’ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ ਸਮੇਤ ਚਾਰ ਜਾਂਚ ਏਜੰਸੀਆਂ ਕੋਟਕਪੂਰਾ ਗੋਲ਼ੀ ਕਾਂਡ ਦੀ ਪੜਤਾਲ ਕਰ ਚੁੱਕੀਆਂ ਹਨ ਪ੍ਰੰਤੂ ਅੱਜ ਤੱਕ ਕਿਸੇ ਵੀ ਪੜਤਾਲ ਰਿਪੋਰਟ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਸਰਕਾਰ ਦੇ ਮਨਸ਼ੇ ਜੱਗ ਜ਼ਾਹਿਰ ਹੁੰਦੇ ਹਨ।

ਪੀੜਤ ਪਰਿਵਾਰ ਦੇ ਮੈਂਬਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਕਸੂਰਵਾਰਾਂ ਨੂੰ ਬਚਾ ਰਹੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਇਸ ਮਾਮਲੇ ਵਿੱਚ ਕਸੂਰਵਾਰਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਨਹੀਂ ਮਿਲਦੀ ਤਾਂ ਸਿੱਖ ਸੰਗਤਾਂ ਦੇਸ਼ ਭਰ ਵਿੱਚ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਇਸ ਰੋਸ ਧਰਨੇ ਨੂੰ ਕੋਟਕਪੂਰੇ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਫਰੀਦਕੋਟ ਦੇ ਸਾਬਕਾ ਸਾਂਸਦ ਪ੍ਰੋ. ਸਾਧੂ ਸਿੰਘ, ਮਾਸਟਰ ਬਲਦੇਵ ਸਿੰਘ, ਅਵਤਾਰ ਸਿੰਘ ਸਹੋਤਾ ਅਤੇ ਜਸਪਾਲ ਸਿੰਘ ਸਾਦਿਕ ਨੇ ਵੀ ਸੰਬੋਧਨ ਕੀਤਾ।

ਸਿੱਧੂ ਕੈਪਟਨ ਉਪਰ ਵਰੇ                                                                                         

ਸਾਬਕਾ ਸੰਸਦ ਮੈਂਬਰ ਤੇ ਪੰਜਾਬ ਦੇ ਸਾਬਕਾ ਮੰਤਰੀ ਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਨਤਮਸਤਕ ਹੋਏ ।  ਇਸ ਮੌਕੇ ਉਨ੍ਹਾਂ ਨੇ ਬਹੁਚਰਚਿਤ ਕੋਟਕਪੂਰਾ ਗੋਲੀਕਾਂਡ ਦੇ ਤਾਜਾ ਘਟਨਾਕ੍ਰਮ ਨੂੰ ਲੈ ਕੇ ਆਪਣੀ ਹੀ ਕੈਪਟਨ ਸਰਕਾਰ ਨੂੰ ਘੇਰਦਿਆਂ ਕਈ ਤਰ੍ਹਾਂ ਦੇ ਸਵਾਲ ਕੀਤੇ ਅਤੇ ਮੰਗ ਕੀਤੀ ਕਿ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ 'ਚ ਰੱਖਣ ਉਪਰੰਤ ਜਨਤਕ ਕੀਤੀ ਗਈ ਸੀ | ਉਸੇ ਤਰ੍ਹਾਂ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਵੀ ਜਨਤਕ ਕੀਤੀ ਜਾਵੇ | ਇਸ ਤੋਂ ਇਲਾਵਾ ਡਰੱਗਜ਼ ਮਾਮਲੇ 'ਚ ਹਰਪ੍ਰੀਤ ਸਿੰਘ ਸਿੱਧੂ ਦੀ ਰਿਪੋਰਟ ਵੀ ਜਨਤਕ ਕਰ ਕੇ ਸਾਰੀ ਸਚਾਈ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ । ਆਪਣੇ ਅੰਦਾਜ਼ 'ਚ ਗੱਲ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਅੱਜ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਉਸ ਪਵਿੱਤਰ ਸਥਾਨ 'ਤੇ ਆਏ ਹਨ, ਜਿੱਥੇ ਗੁਰੂ ਸਾਹਿਬਾਨ ਦੇ ਪਾਵਨ ਚਰਨ ਪਏ ਹਨ | ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਬੇਅਦਬੀ ਮਾਮਲੇ 'ਚ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਸਕਦਾ, ਉਹ ਹੋਰ ਕੀ ਪੰਜਾਬ ਦਾ ਸਵਾਰ ਦੇਵੇਗਾ । ਉਨ੍ਹਾਂ ਕਿਹਾ ਕਿ ਇਨਸਾਫ਼ ਦੇਣ ਵਾਲਿਆਂ ਨੇ ਇਸ ਨੂੰ ਸ਼ਤਰੰਜ ਦੀ ਖੇਡ ਬਣਾ ਦਿੱਤਾ ਹੈ । ਇਸ ਮਾਮਲੇ 'ਚ ਗੋਲੀ ਦਾ ਹੁਕਮ ਦੇਣ ਵਾਲੇ ਹੁਕਮਰਾਨਾਂ ਦੀ ਘੇਰਾਬੰਦੀ ਕਰ ਕੇ ਉਨ੍ਹਾਂ ਨੂੰ ਸੁਰੱਖਿਅਤ ਕੀਤਾ ਗਿਆ ਤੇ ਨਿਸ਼ਾਨਾ ਪਿਆਦਿਆਂ ਨੂੰ ਬਣਾਇਆ ਗਿਆ ਹੈ ਤੇ ਕਟਹਿਰੇ 'ਚ ਖੜ੍ਹਾ ਕੀਤਾ ਗਿਆ ਹੈ । ਜਦੋਂ ਕਿ ਹੁਕਮ ਦੇਣ ਵਾਲਿਆਂ ਨੂੰ ਬਚਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕਾਨੂੰਨ ਤੱਥਾਂ ਦੇ ਆਧਾਰ 'ਤੇ ਫ਼ੈਸਲਾ ਕਰਦਾ ਹੈ, ਜਦੋਂ ਤੱਥ ਹੀ ਕਮਜ਼ੋਰ ਹੋਣ ਜਾਂ ਫਿਰ ਤੱਥ ਪੇਸ਼ ਕਰਨ ਵਾਲੇ ਕਮਜ਼ੋਰ ਹੋਣ ਤਾਂ ਫਿਰ ਇਨਸਾਫ਼ ਦੀ ਉਮੀਦ ਕਿੱਥੋਂ ਕੀਤੀ ਜਾ ਸਕਦੀ ਹੈ । ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ 13 ਅਪ੍ਰੈਲ 1919 ਜਲਿ੍ਹਆਂ ਵਾਲੇ ਬਾਗ਼ ਦੇ ਸਾਕੇ ਦੇ ਦੁੱਖ ਨਾਲ ਪੂਰੇ ਭਾਰਤ ਦੇ ਹਿਰਦੇ ਵਲੂੰਧਰੇ ਗਏ ਸਨ । ਇਸ ਮਾਮਲੇ 'ਤੇ ਸਾਰੇ ਲੋਕ ਇਕੱਠੇ ਹੋ ਗਏ ਸਨ ਤੇ ਦੇਸ਼ ਆਪਸੀ ਏਕਤਾ ਦਾ ਧੁਰਾ ਬਣ ਗਿਆ ਸੀ । ਸ਼ਹੀਦ ਊਧਮ ਸਿੰਘ ਨੇ ਇਸ ਦੁਖਾਂਤ ਦਾ ਬਦਲਾ ਲਿਆ ਸੀ, ਗੋਲੀ ਦਾ ਹੁਕਮ ਦੇਣ ਵਾਲੇ ਨੂੰ ਮਾਰ ਕੇ, ਉਨ੍ਹਾਂ ਕਿਹਾ ਕਿ ਇਹ ਇਨਸਾਫ਼ ਹੁੰਦਾ ਹੈ । ਉਹ ਇੱਥੇ ਮੰਗ ਕਰਦੇ ਹਨ ਕਿ ਇਸ ਮਾਮਲੇ ਦੀ ਪੂਰੀ ਜਾਂਚ ਜਨਤਕ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਇਆਂ ਨੂੰ ਪੂਰੇ ਛੇ ਵਰੇ੍ਹ ਹੋ ਚੁੱਕੇ ਹਨ । ਉਸ ਵਕਤ ਤੋਂ ਪੰਜਾਬ ਦੇ ਲੋਕ ਇਸ ਮਾਮਲੇ ਦੀ ਇਨਸਾਫ਼ ਲਈ ਮੰਗ ਕਰ ਰਹੇ ਹਨ । ਜਦੋਂ ਕਿ ਬੇਅਦਬੀ ਮਾਮਲੇ ਦੇ ਇਨਸਾਫ਼ ਲਈ ਚੱਲ ਰਹੇ ਸੰਘਰਸ਼ ਵਿਚ ਦੋ ਸਿੰਘਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ।