ਪਾਕਿਸਤਾਨ ਨਿਊਜ਼ੀਲੈਂਡ ਵਿਸ਼ਵ ਕੱਪ ਮੈਚ ਦੌਰਾਨ ਮੈਦਾਨ ਵਿੱਚ ਗੂੰਜੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ (ਵੀਡੀਓ ਵੇਖੋ)

ਲੰਡਨ: ਇੰਗਲੈਂਡ ਵਿੱਚ ਚੱਲ ਰਹੇ ਕ੍ਰਿਕਟ ਦੇ ਵਿਸ਼ਵ ਕੱਪ ਵਿੱਚ ਬੀਤੇ ਕੱਲ੍ਹ ਪਾਕਿਸਤਾਨ ਅਤੇ ਨਿਊਜ਼ੀਲੈਂਡ ਦਰਮਿਆਨ ਹੋਏ ਮੈਚ ਦੌਰਾਨ ਖਚਾਖਚ ਭਰੇ ਮੈਦਾਨ 'ਚ ਇੱਕ ਗੁਰਸਿੱਖ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ਜਿਸ ਨੂੰ ਮੈਦਾਨ ਵਿੱਚੋਂ ਉੱਚੀ ਅਵਾਜ਼ ਵਿੱਚ ਜ਼ਿੰਦਾਬਾਦ ਦਾ ਭਰਵਾਂ ਹੁੰਗਾਰਾ ਮਿਲਿਆ। ਹੱਥ ਵਿੱਚ ਪਾਕਿਸਤਾਨ ਦਾ ਝੰਡਾ ਫੜ੍ਹੀ ਨਜ਼ਰ ਆ ਰਿਹਾ ਇਹ ਸਿੱਖ ਮੈਚ ਦੌਰਾਨ ਪਾਕਿਸਤਾਨ ਟੀਮ ਦਾ ਸਮਰਥਨ ਕਰ ਰਿਹਾ ਸੀ ਤੇ ਇਸ ਦੌਰਾਨ ਉਸ ਵੱਲੋਂ ਪਾਕਿਸਤਾਨ ਜ਼ਿੰਦਾਬਾਦ ਦੇ ਨਾਲ-ਨਾਲ ਖਾਲਿਸਤਾਨ ਜ਼ਿੰਦਾਬਾਦ ਦੇ ਵੀ ਨਾਅਰੇ ਲਗਾਏ ਗਏ।

ਇਸ ਖਬਰ ਨਾਲ ਨੱਥੀ ਕੀਤੀ ਵੀਡੀਓ ਉਸ ਮੌਕੇ ਦੀ ਹੈ ਜਦੋਂ ਅੰਮ੍ਰਿਤਧਾਰੀ ਸਿੱਖ ਖਾਲਿਸਤਾਨ ਕਹਿ ਰਿਹਾ ਹੈ ਤੇ ਪਿੱਛੇ ਮੈਦਾਨ ਵਿੱਚ ਜੁੜੇ ਲੋਕ ਜ਼ਿੰਦਾਬਾਦ ਕਹਿ ਰਹੇ ਹਨ। 

ਜ਼ਿਕਰਯੋਗ ਹੈ ਕਿ ਭਾਰਤੀ ਪ੍ਰਬੰਧ ਵਾਲੇ ਪੰਜਾਬ ਦੇ ਖੇਤਰ ਵਿੱਚ ਵਸਦੀ ਸਿੱਖ ਕੌਮ ਆਪਣੇ ਅਜ਼ਾਦ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਲਈ ਬੀਤੇ ਕਈ ਦਹਾਕਿਆਂ ਤੋਂ ਸੰਘਰਸ਼ ਕਰ ਰਹੀ ਹੈ। ਇਸ ਖਿੱਤੇ ਵਿੱਚ ਬਰਤਾਨੀਆ ਦੇ ਰਾਜ ਤੋਂ ਪਹਿਲਾਂ ਸਿੱਖ ਕੌਮ ਨੇ ਮੁਗਲ ਰਾਜ ਨੂੰ ਤਬਾਹ ਕਰਕੇ ਆਪਣਾ ਸਿੱਖ ਰਾਜ ਕਾਇਮ ਕੀਤਾ ਸੀ। ਪਰ ਬਰਤਾਨੀਆ ਵੱਲੋਂ ਇਸ ਖਿੱਤੇ ਨੂੰ ਛੱਡਣ ਮੌਕੇ ਬਣੇ ਰਾਜਸੀ ਹਾਲਤਾਂ ਦੇ ਚਲਦਿਆਂ ਸਿੱਖਾਂ ਨੂੰ ਇੱਕ ਵੱਡੇ ਉਜਾੜੇ ਦਾ ਸੰਤਾਪ ਭੋਗਣਾ ਪਿਆ ਤੇ ਪੰਜਾਬ ਦੀ ਵੰਡ ਮਗਰੋਂ ਸਿੱਖਾਂ ਨੇ ਭਾਰਤ ਦੇ ਹਿੰਦੂ ਆਗੂਆਂ ਦੇ ਵਾਅਦਿਆਂ 'ਤੇ ਯਕੀਨ ਕਰਕੇ ਆਪਣੀ ਰਾਜਸੀ ਕਿਸਮਤ ਨੂੰ ਭਾਰਤ ਨਾਲ ਜੋੜਿਆ। ਪਰ 1947 ਤੋਂ ਹੀ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਜਿਸ ਖਿਲਾਫ ਸਿੱਖ ਸੰਘਰਸ਼ ਕਰਦਿਆਂ ਆਪਣੇ ਹੱਕ ਮੰਗਦੇ ਰਹੇ। ਪਰ ਅੰਦਰੂਨੀ ਖੁਦਮੁਖਤਿਆਰੀ ਦੇ ਹੱਕਾਂ ਨੂੰ ਮੰਗਦਿਆਂ ਭਾਰਤੀ ਰਾਜ ਪ੍ਰਬੰਧ ਵੱਲੋਂ ਜੂਨ 1984 ਵਿੱਚ ਸਿੱਖਾਂ 'ਤੇ ਆਪਣੀ ਫੌਜ ਨਾਲ ਹਮਲਾ ਕੀਤਾ ਗਿਆ ਤੇ ਸਿੱਖਾਂ ਦੇ ਧਾਰਮਿਕ ਕੇਂਦਰੀ ਸਥਾਨ ਨੂੰ ਤਬਾਹ ਕਰਕੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ। 

ਇਸ ਤੋਂ ਬਾਅਦ ਨਵੰਬਰ 1984 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਹੋਰ ਹਿੰਦੀ ਖੇਤਰ ਦੇ ਸ਼ਹਿਰਾਂ ਵਿੱਚ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ ਗਿਆ। ਅੱਜ ਵੀ ਪੰਜਾਬ ਅਤੇ ਭਾਰਤ ਅੰਦਰ ਕਈ ਤਰ੍ਹਾਂ ਦੇ ਕਾਲੇ ਕਾਨੂੰਨਾਂ ਤਹਿਤ ਸੈਂਕੜੇ ਸਿੱਖ ਭਾਰਤ ਦੀਆਂ ਜ਼ੇਲ੍ਹਾਂ ਵਿੱਚ ਨਜ਼ਰਬੰਦ ਹਨ। ਸਿੱਖਾਂ ਵੱਲੋਂ ਇਸ ਵਤੀਰੇ ਕਾਰਨ ਆਪਣੇ ਅਜ਼ਾਦ ਦੇਸ਼ ਦਾ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ਜੋ ਹੌਲੀ ਹੌਲੀ ਪੂਰੀ ਦੁਨੀਆ ਅੰਦਰ ਆਪਣਾ ਰਾਜਸੀ ਪ੍ਰਭਾਵ ਸਥਾਪਿਤ ਕਰ ਰਿਹਾ ਹੈ।

ਭਾਰਤ ਸਰਕਾਰ ਅਤੇ ਭਾਰਤ ਦੀ ਅਧੀਨਗੀ ਵਾਲੀ ਪੰਜਾਬ ਸਰਕਾਰ ਇਸ ਸੰਘਰਸ਼ ਨੂੰ ਦਬਾਉਣ ਲਈ ਹਰ ਤਰ੍ਹਾਂ ਦੇ ਹੀਲੇ ਵਰਤ ਰਹੀ ਹੈ। ਇਸ ਲਈ ਜਿੱਥੇ ਕਈ ਤਰ੍ਹਾਂ ਦੇ ਕਾਲੇ ਕਾਨੂੰਨ ਵਰਤ ਕੇ ਮਹਿਜ਼ ਕਿਤਾਬਾਂ ਰੱਖਣ ਦੇ ਅਧਾਰ 'ਤੇ ਸਿੱਖ ਨੌਜਵਾਨਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਪੰਜਾਬ ਖਿੱਤੇ ਦੇ ਪੌਣ-ਪਾਣੀ ਅਤੇ ਧਰਤੀ ਜਿਹੇ ਕੁਦਰਤੀ ਸਰੋਤਾਂ ਨੂੰ ਨਾ-ਜੀਣ ਯੋਗ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਸਿੱਖਾਂ ਵੱਲੋਂ ਵਧਾਏ ਜਾ ਰਹੇ ਰਾਜਸੀ ਪ੍ਰਭਾਵ ਨੂੰ ਠੱਲ ਪਾਉੇਣ ਲਈ ਉੱਚ ਪੱਧਰ 'ਤੇ ਕੂਟਨੀਤਕ ਯਤਨ ਜਾਰੀ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ