ਮੌਜੂਦਾ ਸੁਪਰੀਮ ਕੌਂਸਲ ਨੂੰ ਲਾਂਭੇ ਕਰਨ ਲਈ ਜਨਰਲ ਬਾਡੀ 24 ਨਵੰਬਰ ਨੂੰ

ਮੌਜੂਦਾ ਸੁਪਰੀਮ ਕੌਂਸਲ ਨੂੰ ਲਾਂਭੇ ਕਰਨ ਲਈ ਜਨਰਲ ਬਾਡੀ 24 ਨਵੰਬਰ ਨੂੰ

ਫਰੀਮਾਂਟ/ਏ.ਟੀ. ਨਿਊਜ਼: ਗੁਰਦੁਆਰਾ ਸਾਹਿਬ ਫਰੀਮੌਂਟ ਦੀ ਸੁਪਰੀਮ ਕੌਸਲ ਦਾ ਮਸਲਾ ਗੰਭੀਰ ਹੁੰਦਾ ਜਾ ਰਿਹਾ ਸੀ ਤੇ ਮੌਜੂਦਾ ਸੁਪਰੀਮ ਕੌਸਲ ਦੋਫਾੜ ਹੋਣ ਕਰਕੇ ਐਸ.ਪੀ. ਤੇ ਰਾਣੇ ਧੜੇ ਵੱਲੋਂ ਗੁਰਦੁਆਰਾ ਸਾਹਿਬ ਵਿਰੁੱਧ ਨੁਕਸਾਨ ਕਰਣ ਵਾਲ਼ੀਆਂ ਕਾਰਵਾਈਆਂ ਦਿਨੋ ਦਿਨ ਵੱਧ ਰਹੀਆਂ ਸਨ। ਸਾਰੀ ਸਥਿਤੀ ਨੂੰ ਵਾਚਦੇ ਹੋਏ ਸਿੱਖ ਪੰਚਾਇਤ ਨੇ ਸਾਧ ਸੰਗਤ Îਨੂੰ ਇਸ ਐਤਵਾਰ ਪਟੀਸ਼ਨ ਤੇ ਸਾਈਨ ਕਰਨ ਨੂੰ ਕਿਹਾ, ਜਿਸ ਵਿੱਚ 24 ਨਵੰਬਰ ਨੂੰ ਮੌਜੂਦਾ ਸੁਪਰੀਮ ਕੌਸਲ ਲਾਂਭੇ ਕਰਕੇ 8 ਮਾਰਚ 2020 ਨੂੰ ਹੋਣ ਵਾਲ਼ੀਆਂ ਚੋਣਾਂ ਤੱਕ ਸੰਗਤ ਵਿੱਚੋਂ ਆਰਜ਼ੀ ਸੁਪਰੀਮ ਕੌਸਲ ਚੁਣਨ ਦੀ ਤਜ਼ਵੀਜ ਹੈ। ਐਤਵਾਰ ਨੂੰ ਮੇਜ਼ ਲਾਕੇ ਸੰਗਤ ਨੂੰ ਆਪਣੀ ਸਹਿਮਤੀ ਪ੍ਰਗਟ ਕਰਨ ਨੂੰ ਕਿਹਾ ਗਿਆ ਤਾਂ ਸੰਗਤ ਨੇ ਪਹਿਲੇ ਦਿਨ ਹੀ 307 ਦਸਤਖ਼ਤ ਕੀਤੇ।

ਸਿੱਖ ਪੰਚਾਇਤ ਦੇ ਭਾਈ ਜਸਦੇਵ ਸਿੰਘ ਨੇ ਜਨਰਲ ਬਾਡੀ ਕਰਾਉਣ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੌਜੂਦਾ ਸੁਪਰੀਮ ਕੌਂਸਲ ਦੇ ਤਿੰਨ ਮੈਂਬਰਾਂ ਬੀਬੀ ਅਰਵਿੰਦਰ ਕੌਰ, ਹਰਮਿੰਦਰ ਸਿੰਘ ਤੇ ਕੁਲਜੀਤ ਸਿੰਘ ਦੇ ਦਿਮਾਗ ਨੂੰ ਏਨੀ ਚੌਧਰ ਚੜ੍ਹ ਗਈ ਹੈ ਕਿ ਦਸਵੇਂ ਪਾਤਿਸ਼ਾਹ ਦੇ 'ਪੰਜ ਪਿਆਰਾ' ਸਿਧਾਂਤ ਵੱਲ ਪਿੱਠ ਕਰਕੇ ਆਪਣੇ ਆਪ ਨੂੰ ਬੋਰਡ ਆਫ ਡਾਇਰੈਕਟਰ ਕਹਿਣ ਲੱਗ ਪਏ ਹਨ। ਕਿਸੇ ਅੰਮ੍ਰਿਤਧਾਰੀ ਲਈ ਇਸ ਤੋਂ ਵੱਧ ਸ਼ਰਮ ਵਾਲੀ ਹੋਰ ਗੱਲ ਕੀ ਹੋ ਸਕਦੀ ਹੈ? ਦੂਜਾ ਕਾਰਨ ਇਹ ਕਿ ਇੱਕ ਪਾਸੇ ਤਾਂ ਇਹ ਸੰਗਤ ਨੂੰ ਗੁੰਮਰਾਹ ਕਰਦੇ ਹੋਏ ਕਹਿੰਦੇ ਹਨ ਕਿ ਭਾਈ ਐਚ ਪੀ ਸਿੰਘ ਹਿਸਾਬ ਨਹੀਂ ਦਿੰਦਾ ਤੇ ਜਦੋਂ ਉਹ ਹਿਸਾਬ ਦੇਣ ਲਈ ਸਟੇਜ ਤੋਂ ਟਾਈਮ ਮੰਗਦੇ ਹਨ ਤਾਂ ਉਨ੍ਹਾਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ। ਇਸੇ ਤਰ੍ਹਾਂ ਇਨ੍ਹਾਂ ਵੱਲੋਂ ਦੋ ਵਾਰ ਸਿਟੀ ਨੂੰ ਲੰਗਰ ਬਾਰੇ ਕੀਤੀਆਂ ਸ਼ਿਕਾਇਤਾਂ ਜੱਗ ਜਾਹਿਰ ਹੋ ਗਈਆਂ ਹਨ। ਹਰ ਸਾਲ ਅਪ੍ਰੈਲ ਦੇ ਦੂਜੇ ਹਫ਼ਤੇ ਜਨਰਲ ਬਾਡੀ ਹੋਣੀ ਹੁੰਦੀ ਹੈ ਉਹ ਵੀ ਇਨ੍ਹਾਂ ਨੇ ਨਹੀਂ ਹੋਣ ਦਿੱਤੀ। ਇਸ ਕਰਕੇ ਅਸੀਂ ਸੰਗਤ ਦੀ ਸਹਿਮਤੀ ਨਾਲ ਅਪ੍ਰੈਲ ਵਾਲੀ ਜਨਰਲ ਬਾਡੀ 24 ਨਵੰਬਰ ਨੂੰ ਕਰਨ ਦੀ ਮੰਗ ਕੀਤੀ ਹੈ ਤੇ ਜਿਸ ਵਿੱਚ ਵਿੱਤੀ ਖਾਤਿਆਂ ਤੋਂ ਬਿਨਾਂ ਹੋਰ ਮਸਲੇ ਵੀ ਵਿਚਾਰੇ ਜਾ ਸਕਦੇ ਹਨ ਅਤੇ ਉਨ੍ਹਾਂ 'ਤੇ ਫ਼ੈਸਲੇ ਲਏ ਜਾ ਸਕਦੇ ਹਨ। ਨਵੇਂ ਪੰਜ ਸਿੰਘ ਚੁਣਨ ਦੇ ਅਧਿਕਾਰ ਸਾਧ ਸੰਗਤ ਜਾਂ ਮੈਂਬਰਸ਼ਿਪ ਕੋਲ ਹਨ। ਵੈਸੇ ਤਾਂ ਚੋਣਾਂ ਵਿੱਚ ਮੈਂਬਰਸ਼ਿਪ ਹੀ ਪੰਜ ਸਿੰਘ ਚੁਣਦੀ ਹੈ ਪਰ ਗੁਰਦੁਆਰਾ ਬਾਈਲਾਜ ਦੇ ਆਰਟੀਕਲ ਦੋ ਵਿੱਚ ਇਹ ਅਧਿਕਾਰ ਸਾਧ ਸੰਗਤ ਕੋਲ ਵੀ ਹੈ। 

ਸਿੱਖ ਪੰਚਾਇਤ ਦੇ ਭਾਈ ਜਸਜੀਤ ਸਿੰਘ ਨੇ ਦੱਸਿਆ ਕਿ ਮਾਰਚ ਵਿੱਚ ਵਕੀਲਾਂ ਦੀ ਹਾਜ਼ਰੀ ਵਿੱਚ ਇਹ ਫੈਸਲਾ ਹੋਇਆ ਸੀ ਕਿ ਇਹੀ ਪੰਜ ਸਿੰਘ ਸਰਬ-ਸੰਮਤੀ ਨਾਲ ਅਗਲੀ ਚੋਣ ਤੱਕ ਕੰਮ ਚਲਾਉਣ ਦੀ ਕੋਸ਼ਿਸ਼ ਕਰਨਗੇ ਤੇ ਇਹੀ ਗੱਲ ਉਸੇ ਐਤਵਾਰ ਸੰਗਤ ਵਿੱਚ ਦੱਸੀ ਵੀ ਗਈ ਸੀ। ਪਰ ਇਹ ਤਿੰਨ ਸੁਪਰੀਮ ਕੌਸਲ ਮੈਂਬਰ ਨਿੱਤ ਨਵਾਂ ਮੁੱਦਾ ਖੜ੍ਹਾ ਰੱਖਦੇ ਹਨ ਤੇ ਪਹਿਲੀ ਮੀਟਿੰਗ ਵਿੱਚ ਹੀ ਭਾਈ ਐਚ ਪੀ ਸਿੰਘ ਤੇ ਭਾਈ ਜਸਵਿੰਦਰ ਸਿੰਘ ਜੰਡੀ ਨੂੰ ਵਾਕ ਆਊਟ ਕਰਨਾ ਪਿਆ। ਅਸੀਂ ਇਨ੍ਹਾਂ ਤਿੰਨਾਂ ਨੂੰ ਸੁਪਰੀਮ ਕੌਸਲ ਵਿੱਚੋਂ ਪਾਸੇ ਕਰਨ ਦੀ ਗੱਲ ਨਹੀਂ ਕਰ ਰਹੋ ਸਗੋਂ ਸਾਰੇ ਪੰਜਾਂ ਨੂੰ ਜਾਣ ਲਈ ਕਹਿ ਰਹੇ ਹਾਂ ਕਿਉਂਕਿ ਸਿੱਖਾਂ ਵਿੱਚ 'ਪੰਜ ਪਿਆਰਿਆਂ' ਦਾ ਸਿਧਾਂਤ ਇੱਕ ਇਕਾਈ ਹੈ, ਪੰਜ ਵਿਅਕਤੀ ਨਹੀਂ। ਇਨ੍ਹਾਂ ਵੱਲੋਂ ਬੋਰਡ ਆਫ ਡਾਇਰੈਕਟਰ ਲਿਖਣਾ ਕਿਸੇ ਸਿੱਖ ਲਈ ਡੁੱਬ ਕੇ ਮਰਨ ਵਾਲੀ ਗੱਲ ਹੈ। ਅਸੀਂ ਕਦੇ ਵੀ ਇਨ੍ਹਾਂ ਵੱਲੋਂ ਲਿਆਂਦਾ ਮੁੱਦਾ ਕਿ ਪੰਜ ਪਿਆਰੇ ਸਰਬ-ਸੰਮਤੀ ਦੀ ਬਜਾਏ ਬਹੁਸੰਮਤੀ ਨਾਲ ਫੈਸਲਾ ਲੈ ਸਕਦੇ ਹਨ, ਮਨਜ਼ੂਰ ਨਹੀਂ ਕੀਤਾ।