ਕਸ਼ਮੀਰ ਵਿੱਚ ਪੱਤਰਕਾਰਾਂ ਦੀ ਅਜ਼ਾਦੀ ਦਾ ਘਾਣ ਜਾਰੀ; ਗ੍ਰਿਫਤਾਰ ਸੰਪਾਦਕ ਨੂੰ ਦਬਾਅ ਮਗਰੋਂ ਰਿਹਾਅ ਕੀਤਾ

ਕਸ਼ਮੀਰ ਵਿੱਚ ਪੱਤਰਕਾਰਾਂ ਦੀ ਅਜ਼ਾਦੀ ਦਾ ਘਾਣ ਜਾਰੀ; ਗ੍ਰਿਫਤਾਰ ਸੰਪਾਦਕ ਨੂੰ ਦਬਾਅ ਮਗਰੋਂ ਰਿਹਾਅ ਕੀਤਾ

ਸ਼੍ਰੀਨਗਰ: ਜੰਮੂ ਕਸ਼ਮੀਰ ਵਿਚ ਲਗਭਗ ਤਿੰਨ ਦਹਾਕੇ ਪੁਰਾਣੇ ਅਤਿਵਾਦ ਦੇ ਮਾਮਲੇ ਵਿਚ ਇਕ ਰੋਜ਼ਾਨਾ ਉਰਦੂ ਅਖ਼ਬਾਰ ਦੇ ਸੰਪਾਦਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ‘ਡੇਲੀ ਅਫ਼ਾਕ’ ਦੇ ਸੰਪਾਦਕ ਗ਼ੁਲਾਮ ਜਿਲਾਨੀ ਕਾਦਰੀ ਨੂੰ ਸੋਮਵਾਰ ਰਾਤ 1990 ਵਿਚ ਦਰਜ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਮਗਰੋਂ ਕਸ਼ਮੀਰ ਐਡੀਟਰਜ਼ ਗਿਲਡ ਨੇ ਕਾਦਰੀ ਦੀ ਜ਼ਮਾਨਤ ਲਈ ਅਦਾਲਤ ਦਾ ਰੁਖ਼ ਕੀਤਾ। ਕਾਦਰੀ ਖ਼ੁਦ ਵੀ ਇਸ ਦੇ ਮੈਂਬਰ ਹਨ। ਐਡੀਟਰਜ਼ ਗਿਲਡ ਵੱਲੋਂ ਦਾਖ਼ਲ ਕੀਤੀ ਅਰਜ਼ੀ ਦੇ ਆਧਾਰ ’ਤੇ ਸੰਪਾਦਕ ਦੀ ਜ਼ਮਾਨਤ ਅਦਾਲਤ ਨੇ ਮਨਜ਼ੂਰ ਕਰ ਲਈ। ਇਹ ਮਾਮਲਾ ਦਹਿਸ਼ਤਗਰਦੀ ਤੇ ਇਸ ਨਾਲ ਸਬੰਧਤ ਹੋਰ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਦਰਜ ਕੀਤਾ ਗਿਆ ਸੀ। 

ਸੰਪਾਦਕ ਨੂੰ ਤਤਕਾਲੀ ਨਿਆਂਇਕ ਅਧਿਕਾਰੀ ਵੱਲੋਂ 15 ਅਕਤੂਬਰ 1992 ਨੂੰ ਜਾਰੀ ਗ਼ੈਰ ਜ਼ਮਾਨਤੀ ਵਾਰੰਟ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਕਾਨੂੰਨ ਤਹਿਤ ਕਾਦਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਸਰਕਾਰ ਵੱਲੋਂ ਸਥਾਪਿਤ ਕਾਨੂੰਨ ਤਹਿਤ ਲੋਕਾਂ ਜਾਂ ਕਿਸੇ ਵੀ ਵਰਗ ਦੇ ਲੋਕਾਂ ਵਿਚ ਦਹਿਸ਼ਤ ਫੈਲਾਉਣ, ਵੰਡੀਆਂ ਪਾਉਣ ਜਾਂ ਵੱਖ-ਵੱਖ ਵਰਗਾਂ ਵਿਚਾਲੇ ਭਾਈਚਾਰਾ ਭੰਗ ਕਰਨ ਨਾਲ ਸਬੰਧਤ ਹੈ। 

ਕਾਦਰੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਨੂੰ ਬਾਲਗਾਰਡਨ ਇਲਾਕੇ ਵਿਚ ਸਥਿਤ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ। ਕਾਦਰੀ ਦੇ ਇਕ ਹੋਰ ਰਿਸ਼ਤੇਦਾਰ ਮੁਤਾਬਕ ਪੁਲੀਸ ਅੱਧੀ ਰਾਤ ਨੂੰ ਆਈ ਤੇ ਕਾਦਰੀ ਨੂੰ ਲੈ ਗਈ ਤੇ ਲਿਜਾਣ ਤੋਂ ਪਹਿਲਾਂ ਪੁਲੀਸ ਨੇ ਕੋਈ ਕਾਰਨ ਨਹੀਂ ਦੱਸਿਆ। 

ਕਸ਼ਮੀਰ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ ਸਮੇਤ ਕਈ ਪੱਤਰਕਾਰ ਸੰਗਠਨਾਂ ਨੇ ਕਾਦਰੀ ਦੀ ਅੱਧੀ ਰਾਤ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਹੈ। ਸੰਗਠਨਾਂ ਨੇ ਦੋਸ਼ ਲਾਇਆ ਹੈ ਕਿ ਅਜਿਹਾ ਲੱਗਦਾ ਹੈ ਕਿ ਸਰਕਾਰ ਸਥਾਨਕ ਪ੍ਰੈੱਸ ਦੀ ਅਵਾਜ਼ ਦਬਾਉਣਾ ਚਾਹੁੰਦੀ ਹੈ। ਯੂਨੀਅਨ ਨੇ ਕਾਦਰੀ ਨੂੰ ਤਤਕਾਲ ਰਿਹਾਅ ਕਰਨ ਦੀ ਮੰਗ ਕੀਤੀ ਸੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ