ਪੰਜਾਬ ਅਤੇ ਹਰਿਆਣਾ ਵਿਚ ਜੀਓ ਦੀ ਦੁਕਾਨਦਾਰੀ ਠੱਪ ਹੋਣ ਦੇ ਕੰਪਨੀ ਨੇ ਜਾਰੀ ਕੀਤੇ ਅੰਕੜੇ

ਪੰਜਾਬ ਅਤੇ ਹਰਿਆਣਾ ਵਿਚ ਜੀਓ ਦੀ ਦੁਕਾਨਦਾਰੀ ਠੱਪ ਹੋਣ ਦੇ ਕੰਪਨੀ ਨੇ ਜਾਰੀ ਕੀਤੇ ਅੰਕੜੇ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕਿਸਾਨ ਸੰਘਰਸ਼ ਦੌਰਾਨ ਕਿਸਾਨਾਂ ਵੱਲੋਂ ਰਿਲਾਇੰਸ ਦੀਆਂ ਬਣਾਈਆਂ ਚੀਜਾਂ ਦੇ ਬਾਈਕਾਟ ਦਾ ਐਲਾਨ ਕੀਤਾ ਸੀ ਜਿਸਦਾ ਰਿਲਾਇੰਸ ਇੰਡਸਟਰੀ ਦੀ ਜੀਓ ਕੰਪਨੀ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਪੰਜਾਬ ਅਤੇ ਹਰਿਆਣਾ ਵਿਚ ਜੀਓ ਦੇ ਲੱਖਾਂ ਸਿਮ ਬੰਦ ਹੋ ਗਏ ਹਨ।

ਕੰਪਨੀ ਵੱਲੋਂ ਦਸੰਬਰ 2020 ਦੇ ਜਾਰੀ ਕੀਤੇ ਅੰਕੜਿਆਂ ਵਿਚ ਦੱਸਿਆ ਗਿਆ ਹੈ ਕਿ ਉਸ ਮਹੀਨੇ ਪੰਜਾਬ ਵਿਚ ਜੀਓ ਦੇ 1.25 ਕਰੋੜ ਵਰਤੋਂਕਾਰ ਸਨ ਜੋ ਕਿ ਪਿਛਲੇ 18 ਮਹੀਨਿਆਂ ਵਿਚ ਸਭ ਤੋਂ ਘੱਟ ਦਰਜ ਕੀਤੇ ਗਏ। ਨਵੰਬਰ 2020 ਮਹੀਨੇ ਪੰਜਾਬ ਵਿਚ ਜੀਓ ਵਰਤੋਂਕਾਰਾਂ ਦੀ ਗਿਣਤੀ 1.40 ਕਰੋੜ ਸੀ। 

ਹਰਿਆਣਾ ਦੇ ਅੰਕੜਿਆਂ ਮੁਤਾਬਕ ਦਸੰਬਰ 2020 ਵਿਚ ਕੁੱਲ ਵਰਤੋਂਕਾਰ 89.07 ਲੱਖ ਸਨ ਜੋ ਕਿ ਨਵੰਬਰ 2020 ਵਿਚ 94.48 ਲੱਖ ਸਨ। 

ਦੱਸ ਦਈਏ ਕਿ ਕਿਸਾਨ ਸੰਘਰਸ਼ ਦਾ ਸਭ ਤੋਂ ਵੱਧ ਜ਼ੋਰ ਇਹਨਾਂ ਦੋਵਾਂ ਸੂਬਿਆਂ ਵਿਚ ਹੀ ਹੈ ਅਤੇ ਦੋਵਾਂ ਸੂਬਿਆਂ ਵਿਚ ਜੀਓ ਦੇ ਵਰਤੋਂਕਾਰਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। 

ਜੀਓ ਕੰਪਨੀ ਦਾ ਕਹਿਣਾ ਹੈ ਕਿ ਇਹ ਘਾਟਾ ਕੋਵਿਡ ਕਰਕੇ ਅਤੇ ਕੁੱਝ ਖਾਸ ਖੇਤਰਾਂ ਵਿਚ ਰਿਲਾਇੰਸ ਕੰਪਨੀ ਖਿਲਾਫ ਕੀਤੇ ਜਾ ਰਹੇ ਪ੍ਰਚਾਰ ਕਾਰਨ ਵਾਪਰਿਆ ਹੈ।