ਕੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੁਖਬੀਰ ਧੜੇ ਨੂੰ ਸਦਣਗੇ?
ਪੰਥਕ ਹਲਕਿਆਂ ਦਾ ਮੰਨਣਾ ਹੈ ਜੇ ਜਥੇਦਾਰ ਅਕਾਲ ਤਖਤ ਬਾਦਲ ਦਲ ਦੀ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ ਉਪਰ ਨਹੀਂ ਸਦਦੇ ਤਾਂ ਉਨ੍ਹਾਂ ਨੂੰ ਪੰਥ ਦੇ ਰੋਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ,ਜਿਵੇਂ ਸੌਦਾ ਸਾਧ ਨੂੰ ਮਾਫ ਕਰਨ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਾਹਮਣਾ ਕਰਨਾ ਪਿਆ ਸੀ।
ਉਹ ਉਸ ਤੋਂ ਬਾਅਦ ਕਦੇ ਸੰਗਤੀ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਸਕੇ।ਇਸ ਲਈ ਇਹ ਮੁਦਾ ਜਥੇਦਾਰ ਰਘਬੀਰ ਸਿੰਘ ਲਈ ਧਰਮ ਸੰਕਟ ਦਾ ਮੁਦਾ ਬਣਿਆ ਹੋਇਆ ਹੈ।ਉਹ ਕੁਝ ਸਮੇਂ ਲਈ ਇਹ ਮੁਦਾ ਜਰੂਰ ਟਾਲ ਸਕਦੇ ਹਨ ,ਪਰ ਇਸ ਨੂੰ ਅਖੋਂ ਪਰੌਖੇ ਨਹੀਂ ਕਰ ਸਕਦੇ।ਬਾਗੀਆਂ ਦਾ ਕਬੂਲਨਾਮਾ ਬਾਦਲ ਅਕਾਲੀ ਲੀਡਰਸ਼ਿਪ ਲਈ ਗਲੇ ਦੀ ਹੱਡੀ ਬਣ ਗਿਆ ਹੈ।
ਬਾਗ਼ੀ ਧੜੇ ਨੇ ਅਕਾਲ ਤਖ਼ਤ ਨੂੰ ਸੌਂਪੇ ਮੁਆਫ਼ੀਨਾਮੇ ਵਿਚ 4 ਗ਼ਲਤੀਆਂ ਮੰਨੀਆਂ...
1. ਡੇਰਾ ਸਿਰਸਾ ਖਿਲਾਫ ਸ਼ਿਕਾਇਤ ਵਾਪਸ ਲੈ ਲਈ
2007 ਵਿੱਚ ਸਲਾਬਤਪੁਰਾ ਵਿੱਚ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਆਦਾ ਦੀ ਨਕਲ ਕਰਦੇ ਹੋਏ ਉਹੋ ਜਿਹਾ ਬਾਣਾ ਪਹਿਨ ਕੇ ਅੰਮ੍ਰਿਤ ਛਕਣ ਦਾ ਬਹਾਨਾ ਲਾਇਆ ਸੀ। ਉਸ ਸਮੇਂ ਉਸ ਖ਼ਿਲਾਫ਼ ਪੁਲਿਸ ਕੇਸ ਵੀ ਦਰਜ ਕੀਤਾ ਗਿਆ ਪਰ ਬਾਅਦ ਵਿੱਚ ਅਕਾਲੀ ਸਰਕਾਰ ਨੇ ਸਜ਼ਾ ਦੇਣ ਦੀ ਬਜਾਏ ਕੇਸ ਵਾਪਸ ਲੈ ਲਿਆ।
2. ਸੁਖਬੀਰ ਬਾਦਲ ਨੇ ਡੇਰਾ ਮੁਖੀ ਨੂੰ ਮੁਆਫੀ ਦਿੱਤੀ
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਾਰਵਾਈ ਕਰਦਿਆਂ ਡੇਰਾ ਮੁਖੀ ਨੂੰ ਸਿੱਖ ਪੰਥ ਵਿੱਚੋਂ ਛੇਕ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਉਣ ਲਈ ਆਪਣਾ ਪ੍ਰਭਾਵ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਉਪਰ ਵਰਤਿਆ। ਇਸ ਤੋਂ ਬਾਅਦ ਸਿੱਖ ਪੰਥ ਦੇ ਰੋਹ ਤੇ ਰੋਸ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਨੂੰ ਇਸ ਫੈਸਲੇ ਤੋਂ ਪਿੱਛੇ ਹਟਣਾ ਪਿਆ।
3. ਬੇਅਦਬੀ ਦੀਆਂ ਘਟਨਾਵਾਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ
1 ਜੂਨ, 2015 ਨੂੰ ਬੁਰਜ ਜਵਾਹਰ ਸਿੰਘ ਵਾਲਾ (ਫਰੀਦਕੋਟ) ਦੇ ਗੁਰਦੁਆਰਾ ਸਾਹਿਬ ਤੋਂ ਕੁਝ ਅਨਸਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਕਰ ਲਈ। ਫਿਰ 12 ਅਕਤੂਬਰ, 2015 ਨੂੰ ਬਰਗਾੜੀ (ਫਰੀਦਕੋਟ) ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 110 ਅੰਗ ਚੋਰੀ ਕਰਕੇ ਬਾਹਰ ਸੁੱਟ ਦਿੱਤੇ ਗਏ। ਇਸ ਕਾਰਨ ਸਿੱਖ ਕੌਮ ਵਿੱਚ ਭਾਰੀ ਰੋਸ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਸਮੇਂ ਸਿਰ ਇਸ ਮਾਮਲੇ ਦੀ ਜਾਂਚ ਨਹੀਂ ਕੀਤੀ। ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਕਾਮਯਾਬ ਨਹੀਂ ਹੋ ਸਕੇ। ਇਸ ਨਾਲ ਪੰਜਾਬ ਦੇ ਹਾਲਾਤ ਵਿਗੜ ਗਏ ਤੇ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਦੁਖਦਾਈ ਘਟਨਾਵਾਂ ਵਾਪਰੀਆਂ।
4. ਝੂਠੇ ਕੇਸਾਂ ਵਿੱਚ ਮਾਰੇ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਸਕੇ
ਅਕਾਲੀ ਸਰਕਾਰ ਨੇ ਸੁਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ। ਉਹ ਸੂਬੇ ਵਿੱਚ ਝੂਠੇ ਪੁਲਿਸ ਮੁਕਾਬਲੇ ਕਰਵਾ ਕੇ ਸਿੱਖ ਨੌਜਵਾਨਾਂ ਨੂੰ ਮਾਰਨ ਲਈ ਜਾਣਿਆ ਜਾਂਦਾ ਸੀ। ਆਲਮ ਸੈਨਾ ਬਣਾਉਣ ਵਾਲੇ ਪੁਲਿਸ ਮੁਲਾਜ਼ਮ ਇਜ਼ਹਾਰ ਆਲਮ ਨੇ ਆਪਣੀ ਪਤਨੀ ਨੂੰ ਟਿਕਟ ਦੇ ਕੇ ਮੁੱਖ ਸੰਸਦੀ ਸਕੱਤਰ ਬਣਾ ਦਿੱਤਾ।
2012 ਵਿੱਚ ਬਣੀ ਅਕਾਲੀ ਦਲ ਦੀ ਸਰਕਾਰ ਤੇ ਪਿਛਲੀਆਂ ਅਕਾਲੀ ਸਰਕਾਰਾਂ ਵੀ ਸੂਬੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਨਿਰਪੱਖ ਜਾਂਚ ਕਰਨ ਤੇ ਪੀੜਤਾਂ ਨੂੰ ਰਾਹਤ ਦੇਣ ਲਈ ਕਮਿਸ਼ਨ ਬਣਾ ਕੇ ਲੋਕਾਂ ਨਾਲ ਕੀਤੇ ਆਪਣੇ ਵਾਅਦਿਆਂ ਵਿੱਚ ਨਾਕਾਮ ਰਹੀਆਂ।
ਜਥੇਦਾਰ ਪੰਥਕ ਏਕਤਾ ਲਈ ਨਿਰਪੱਖ ਭੂਮਿਕਾ ਨਿਭਾਉਣ -ਚੰਦੂਮਾਜਰਾ
ਇਸ ਮੌਕੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਨਵੇਂ ਅਕਾਲੀ ਦਲ ਦੀ ਕੋਈ ਲੋੜ ਨਹੀਂ ਹੈ, ਬਲਕਿ ਮੌਜੂਦਾ ਅਕਾਲੀ ਦਲ ਨੂੰ ਹੀ ਤਕੜਾ ਤੇ ਮਜ਼ਬੂਤ ਕਰਨ ਹਿਤ ਉਹ ਅਕਾਲ ਤਖ਼ਤ ਸਾਹਿਬ ਸਨਮੁਖ ਅਰਦਾਸ ਕਰਨ ਤੇ ਭੁੱਲਾਂ ਬਖਸ਼ਾਉਣ ਆਏ ਹਾਂ ।ਉਨ੍ਹਾਂ ਕਿਹਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਲਿਖਤੀ ਬੇਨਤੀ ਕੀਤੀ ਹੈ ਤੇ ਸਾਨੂੰ ਆਸ ਹੈ ਕਿ ਜਥੇਦਾਰ ਪੰਥਕ ਜਥੇਬੰਦੀ ਸ਼ੋ੍ਮਣੀ ਅਕਾਲੀ ਦਲ ਵਿਚ ਏਕਤਾ ਲਈ ਨਿਰਪੱਖ ਭੂਮਿਕਾ ਨਿਭਾਉਣਗੇ ਤੇ ਪੰਥਕ ਰਹੁ-ਰੀਤਾਂ ਨਾਲ ਫ਼ੈਸਲਾ ਦੇਣਗੇ।
Comments (0)