ਜਰਖੜ ਵਿਖੇ ਨੌਂਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਮੇਲੇ ਦੀ ਸ਼ੁਰੂਆਤ ਹੋਈ

ਜਰਖੜ ਵਿਖੇ ਨੌਂਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਮੇਲੇ ਦੀ ਸ਼ੁਰੂਆਤ ਹੋਈ

ਲੁਧਿਆਣਾ: ਪੰਜਾਬ ਦੇ ਖੇਡ ਮੇਲਿਆਂ ਵਿੱਚ ਮਸ਼ਹੂਰ ਜਰਖੜ ਖੇਡਾਂ ਅੰਦਰ ਨੌਂਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਮੇਲਾ ਜਰਖੜ ਸਟੇਡੀਅਮ ਵਿੱਚ ਬੀਤੇ ਕੱਲ੍ਹ ਸ਼ੁਰੂ ਹੋਇਆ। ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ ਇਸ ਖੇਡ ਮੇਲੇ ਦਾ ਉਦਘਾਟਨ ਓਲੰਪੀਅਨ ਗੁਰਬਾਜ਼ ਸਿੰਘ ਨੇ ਗੋਲਾਂ ’ਚ ਹਾਕੀ ਹਿੱਟ ਲਾ ਕੇ ਕੀਤਾ। ਸੀਨੀਅਰ ਵਰਗ ਵਿੱਚ ਨੀਟਾ ਕਲੱਬ ਰਾਮਪੁਰ ਤੇ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਦੀਆਂ ਟੀਮਾਂ ਨੇ ਜੇਤੂ ਸ਼ੁਰੂਆਤ ਕੀਤੀ।ਮੁੱਢਲੇ ਦੌਰ ਦੇ ਮੈਚਾਂ ਦੌਰਾਨ ਸੀਨੀਅਰ ਵਰਗ ਵਿੱਚ ਨੀਟਾ ਕਲੱਬ ਰਾਮਪੁਰ ਤੇ ਯੰਗ ਕਲੱਬ ਓਟਾਲਾਂ ਨਿਰਧਾਰਿਤ ਸਮੇਂ ਤੱਕ ਬਰਾਬਰ ਰਹੇ। ਅਖ਼ੀਰ ਪੈਨਲਟੀ ਸਟ੍ਰੋਕਾਂ ’ਚ ਰਾਮਪੁਰ 11-10 ਨਾਲ ਜੇਤੂ ਰਿਹਾ। ਜੇਤੂ ਟੀਮ ਵੱਲੋਂ ਗੁਰਭੇਜ ਸਿੰਘ ਨੇ 27ਵੇਂ, 28ਵੇਂ ਤੇ 39ਵੇਂ ਮਿੰਟ ’ਚ ਟੀਮ ਲਈ ਤਿੰਨ ਗੋਲ ਕਰਕੇ ਟੂਰਨਾਮੈਂਟ ਦੀ ਪਹਿਲੀ ਹੈਟ੍ਰਿਕ ਬਣਾਈ। ਇਸ ਤੋਂ ਇਲਾਵਾ ਪ੍ਰੇਮ ਸਿੰਘ ਤੇ ਬ੍ਰਹਮਦੀਪ ਸਿੰਘ ਨੇ 1-1 ਗੋਲ ਕੀਤਾ। ਓਟਾਲਾਂ ਵੱਲੋਂ ਹਰਮਨਜੋਤ ਸਿੰਘ ਨੇ 23ਵੇਂ ਤੇ 24ਵੇਂ, ਬਲਵਿੰਦਰ ਸਿੰਘ ਜੱਗਾ ਨੇ 32ਵੇਂ, ਅਰਪਿੰਦਰਪਾਲ ਸਿੰਘ ਨੇ 33ਵੇਂ ਨਵਪ੍ਰੀਤ ਸਿੰਘ 38ਵੇਂ ਮਿੰਟ ’ਚ ਗੋਲ ਕੀਤੇ।ਦੂਸਰੇ ਸੀਨੀਅਰ ਵਰਗ ਦੇ ਮੈਚ ਵਿੱਚ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੇ ਅਕਾਲਗੜ੍ਹ ਇਲੈਵਨ ਨੂੰ 7-8 ਨਾਲ ਹਰਾਇਆ। ਜਦਕਿ ਸਬ-ਜੂਨੀਅਰ ਵਰਗ ’ਚ ਬਾਗੜੀਆਂ ਹਾਕੀ ਸੈਂਟਰ ਸੰਗਰੂਰ ਨੇ ਕਿਲ੍ਹਾ ਰਾਏਪੁਰ ਵਾਰੀਅਰਜ਼ ਨੂੰ 10-1 ਨਾਲ ਹਰਾਇਆ।

ਮੈਚ ਸ਼ੁਰੂ ਹੋਣ ਤੋਂ ਪਹਿਲਾਂ ਉਦਘਾਟਨੀ ਸਮਾਗਮ ਦੇ ਰੀਬਨ ਕੱਟਣ ਦੀ ਰਸਮ ਕਾਰ ਸੇਵਾ ਵਾਲੇ ਬਾਬਾ ਭੁਪਿੰਦਰ ਸਿੰਘ ਭਿੰਦਾ ਤੇ ਦੂਖ ਨਿਵਾਰਨ (ਲੁਧਿਆਣਾ) ਗੁਰਦੁਆਰੇ ਦੇ ਮੁੱਖ ਸੇਵਾਦਾਰ ਜਥੇ. ਪ੍ਰਿਤਪਾਲ ਸਿੰਘ ਪਾਲੀ ਨੇ ਕੀਤੀ। ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ। ਉਦਘਾਟਨੀ ਸਮਾਗਮ ਮੌਕੇ ਭੁੱਟਾ ਇੰਜੀਅਨੀਅਰ ਕਾਲਜ ਗਰੁੱਪ ਦੇ ਜ਼ਿੰਬਾਬਵੇ ਮੂਲ ਦੇ ਵਿਦਿਆਰਥੀਆਂ ਨੇ ਆਪਣਾ ਵਿਰਾਸਤੀ ਨਾਚ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹਿਆ।ਇਸ ਮੌਕੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਇੰਸਪੈਕਟਰ ਬਲਬੀਰ ਸਿੰਘ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਕਰਨਲ ਸੁਰਿੰਦਰ ਸਿੰਘ ਗਰੇਵਾਲ ਕਿਲ੍ਹਾ ਰਾਏਪੁਰ, ਟੀ ਐਸ ਕੋਹਲੀ ਕਮਾਂਡੈਂਟ ਸੀਆਈਐੱਸਐੱਫ ਸਮੇਤ ਹੋਰ ਕਈ ਸਖ਼ਸ਼ੀਅਤਾਂ ਹਾਜ਼ਰ ਸਨ। ਇਸ ਹਾਕੀ ਮੇਲੇ ਦੇ ਮੈਚ ਹਰ ਸ਼ਨਿੱਚਰਵਾਰ ਤੇ ਐਤਵਾਰ ਨੂੰ ਹੋਇਆ ਕਰਨਗੇ ਜਦਕਿ ਫਾਈਨਲ ਮੁਕਾਬਲਾ ਦੋ ਜੂਨ ਨੂੰ ਖੇਡਿਆ ਜਾਵੇਗਾ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ