ਇਹ ਜਿੱਤ ਮੁਹਿੰਮ ਦਾ ਅੰਤ ਨਹੀਂ ਬਲਕਿ ਸ਼ੁਰੂਆਤ ਹੈ: ਸਰਦਾਰ ਜਗਮੀਤ ਸਿੰਘ

ਇਹ ਜਿੱਤ ਮੁਹਿੰਮ ਦਾ ਅੰਤ ਨਹੀਂ ਬਲਕਿ ਸ਼ੁਰੂਆਤ ਹੈ: ਸਰਦਾਰ ਜਗਮੀਤ ਸਿੰਘ

ਓਟਾਵਾ: ਕੈਨੇਡਾ ਦੀ ਰਾਜਨੀਤੀ ਵਿਚ ਉੱਭਰਦੇ ਸਿੱਖ ਚਿਹਰੇ ਸਰਦਾਰ ਜਗਮੀਤ ਸਿੰਘ ਨੇ ਇਕ ਹੋਰ ਜਿੱਤ ਆਪਣੇ ਹਿੱਸੇ ਪਾਉਂਦਿਆਂ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਬਰਨਬੀ ਸਾਊਥ ਸੀਟ 'ਤੇ ਹੋਈ ਜ਼ਿਮਨੀ ਚੋਣ ਵਿਚ ਵੱਡੀ ਜਿੱਤ ਹਾਸਿਲ ਕੀਤੀ ਹੈ। 

ਇਸ ਚੋਣ ਵਿਚ ਜਗਮੀਤ ਸਿੰਘ ਨੂੰ 38 ਫੀਸਦ ਤੋਂ ਵੱਧ ਵੋਟਾਂ ਪਈਆਂ ਹਨ ਜਦਕਿ ਉਨ੍ਹਾਂ ਦੇ ਮੁਕਾਬਲੇ ਖੜੇ ਹੋਏ ਲਿਬਰਲ ਪਾਰਟੀ ਦੇ ਰਿਚਰਡ ਟੀ ਲੀ ਨੂੰ 26 ਫੀਸਦੀ ਵੋਟਾਂ ਪਈਆਂ ਅਤੇ ਕਨਜ਼ਰਵੇਟਿਵ ਉਮੀਦਵਾਰ ਜੇ ਸ਼ਿਨ ਨੂੰ 22 ਫੀਸਦ ਵੋਟਾਂ ਪਈਆਂ ਹਨ। ਇਸ ਜਿੱਤ ਨਾਲ ਹੁਣ ਸਰਦਾਰ ਜਗਮੀਤ ਸਿੰਘ ਕੈਨੇਡਾ ਦੀ ਪਾਰਲੀਮੈਂਟ ਦੇ ਚੁਣੇ ਹੋਏ ਮੈਂਬਰ ਬਣ ਗਏ ਹਨ। 

ਐਨਡੀਪੀ ਪਾਰਟੀ ਦੀ ਪ੍ਰਧਾਨਗੀ ਤੋਂ ਸਰਦਾਰ ਜਗਮੀਤ ਸਿੰਘ ਨੂੰ ਲਾਹੁਣ ਦੀਆਂ ਉੱਠ ਰਹੀਆਂ ਕਨਸੋਆਂ ਨੂੰ ਇਸ ਜਿੱਤ ਨਾਲ ਮੋੜਾ ਪੈ ਗਿਆ ਹੈ। ਇਹ ਜਿੱਤ ਸਰਦਾਰ ਜਗਮੀਤ ਸਿੰਘ ਦੇ ਅਗਾਊਂ ਰਾਜਨੀਤਕ ਭਵਿੱਖ ‘ਚ ਬਹੁਤ ਮਹੱਤਵਪੂਰਨ ਥਾਂ ਰੱਖਦੀ ਹੈ ਇਸ ਨਾਲ ਐਨਡੀਪੀ ਵਲੋਂ ਕਨੇਡਾ ਦੇ ਪ੍ਰਧਾਨਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਜਗਮੀਤ ਸਿੰਘ ਦਾ ਪ੍ਰਧਾਨਮੰਤਰੀ ਦੇ ਦੌੜ ਵਿੱਚ ਬਣੇ ਰਹਿਣ ਦਾ ਰਾਹ ਪੱਧਰਾ ਹੋ ਗਿਆ ਹੈ। ਹੁਣ ਜਗਮੀਤ ਸਿੰਘ ਸਾਹਮਣੇ ਆਪਣੀ ਪਾਰਟੀ ਦੇ ਡਿਗ ਰਹੇ ਪ੍ਰਭਾਵ ਨੂੰ ਮੁੜ ਚੱਕਣ ਦਾ ਕਾਰਜ਼ ਸਭ ਤੋਂ ਅਹਿਮ ਹੈ ਤੇ ਇਸ ਵਿਚ ਉਨ੍ਹਾਂ ਦੀ ਕਾਮਯਾਬੀ ਹੀ ਆਉਣ ਵਾਲੀਆਂ ਪਾਰਲੀਮਾਨੀ ਚੋਣਾਂ ਵਿਚ ਜਗਮੀਤ ਸਿੰਘ ਦੇ ਭਵਿੱਖ ਨੂੰ ਤੈਅ ਕਰੇਗੀ।

ਇਸ ਜਿੱਤ ਤੋਂ ਬਾਅਦ ਆਪਣੇ ਸਮਰਥਕਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਸਰਦਾਰ ਜਗਮੀਤ ਸਿੰਘ ਨੇ ਕਿਹਾ ਕਿ ਅਸੀਂ ਅੱਜ ਇਕ ਇਤਿਹਾਸ ਸਿਰਜਿਆ ਹੈ। ਜਗਮੀਤ ਸਿੰਘ ਨੇ ਟਵੀਟ ਕਰਕੇ ਬਰਨਬੀ ਸਾਊਥ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਿਰ 'ਤੇ ਛੱਤ (ਘਰ) ਅਤੇ ਸਿਹਤ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਲਈ ਵਚਨਬੱਧ ਹਨ ਤੇ ਹਰ ਜ਼ਰੂਰਤਮੰਦ ਨੂੰ ਇਹ ਹੱਕ ਦਵਾਉਣ ਲਈ ਸੰਘਰਸ਼ ਕਰਨ ਲਈ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਮੁਹਿੰਮ ਦਾ ਅੰਤ ਨਹੀਂ ਬਲਕਿ ਸ਼ੁਰੂਆਤ ਹੈ। 

ਅਕਤੂਬਰ ‘ਚ ਹੋਣ ਜਾ ਰਹੀਆਂ ਕੈਨੇਡਾ ਦੀਆਂ ਸੰਘੀ ਚੋਣਾਂ ਤੋਂ ਪਹਿਲਾਂ ਜਗਮੀਤ ਸਿੰਘ ਦੇ ਪਾਰਲੀਮੈਂਟ ਮੈਂਬਰ ਬਣਨ ਨਾਲ ਐਨਡੀਪੀ ਦੇ ਸਹਿਯੋਗੀਆਂ ‘ਚ ਬਹੁਤ ਉਤਸ਼ਾਹ ਵੇਖਿਆ ਜਾ ਰਿਹਾ ਹੈ।

ਅੱਜ ਆਏ ਚੋਣ ਨਤੀਜਿਆਂ ‘ਚ ਯੌਰਕ ਸਿਮਕੋਇ ਤੋਂ ਪੀਟਰ ਵੇਨ ਲੋਨ ਅਤੇ ਮੌਂਟਰਿਅਲ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਰੈਚਲ ਬੇਂਦਯਨ ਨੇ ਜਿੱਤ ਹਾਸਲ ਕੀਤੀ ਹੈ।

(ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ "ਅੰਮ੍ਰਿਤਸਰ ਟਾਈਮਜ਼" ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ)