ਸੱਜਣ ਕੁਮਾਰ ਦੀ ਅਪੀਲ ਸੁਣਨ ਵਾਲੇ ਜੱਜ ਨੇ ਖੁਦ ਨੂੰ ਮਾਮਲੇ ਤੋਂ ਵੱਖ ਕੀਤਾ; ਸੁਣਵਾਈ ਟਲੀ

ਸੱਜਣ ਕੁਮਾਰ ਦੀ ਅਪੀਲ ਸੁਣਨ ਵਾਲੇ ਜੱਜ ਨੇ ਖੁਦ ਨੂੰ ਮਾਮਲੇ ਤੋਂ ਵੱਖ ਕੀਤਾ; ਸੁਣਵਾਈ ਟਲੀ

ਨਵੀਂ ਦਿੱਲੀ: ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਸੰਜੀਵ ਖੰਨਾ ਨੇ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ਵਿਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਅਪੀਲ ਉਤੇ ਸੁਣਵਾਈ ਤੋਂ ਖੁਦ ਨੂੰ ਅਲੱਗ ਕਰ ਲਿਆ ਹੈ।

ਸਿੱਖ ਕਤਲੇਆਮ 1984 ਦੇ ਇਕ ਦੋਸ਼ੀ ਸੱਜਣ ਕੁਮਾਰ ਵਲੋਂ ਉਸਨੂੰ ਦਿੱਲੀ ਹਾਈ ਕੋਰਟ ਵਿਚ ਸੁਣਾਈ ਉਮਰ ਕੈਦ ਦੀ ਸਜ਼ਾ ਖਿਲਾਫ ਭਾਰਤ ਦੀ ਸੁਪਰੀਮ ਕੋਰਟ ਵਿਚ ਪਾਈ ਅਪੀਲ 'ਤੇ ਅੱਜ ਹੋਣ ਵਾਲੀ ਸੁਣਵਾਈ ਟਲ ਗਈ ਕਿਉਂਕਿ ਜਿਸ ਜੱਜ ਸਾਹਮਣੇ ਇਹ ਕੇਸ ਲੱਗਿਆ ਸੀ ਉਸਨੇ ਇਹ ਕੇਸ ਸੁਣਨ ਤੋਂ ਇਨਕਾਰ ਕਰਦਿਆਂ ਖੁਦ ਨੂੰ ਇਸ ਕੇਸ ਤੋਂ ਵੱਖ ਕਰ ਲਿਆ ਹੈ। 

ਇਹ ਮਾਮਲਾ ਸੁਣਵਾਈ ਲਈ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਮੇਜ ਦੇ ਸਾਹਮਣੇ ਆਇਆ ਸੀ।

73 ਸਾਲਾ ਸੱਜਣ ਕੁਮਾਰ ਨੂੰ ਹਾਈਕੋਰਟ ਨੇ 17 ਦਸੰਬਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਸੀ। ਇਹ ਸਜਾ ਕੱਟਣ ਲਈ ਉਸ ਨੇ 31 ਦਸੰਬਰ 2018 ਨੂੰ ਹੇਠਲੀ ਅਦਾਲਤ ਦੇ ਸਾਹਮਣੇ ਸਮਰਪਣ ਕੀਤਾ ਸੀ।

ਇਹ ਮਾਮਲਾ 1 ਅਤੇ 2 ਨਵੰਬਰ 1984 ਨੂੰ ਹੋਏ ਸਿੱਖ ਕਤਲੇਆਮ ਦੌਰਾਨ ਦੱਖਣੀ ਪੱਛਮੀ ਦਿੱਲੀ ਵਿਚ ਸਥਿਤ ਦਿੱਲੀ ਛਾਉਣੀ ਦੇ ਰਾਜ ਨਗਰ ਪਾਰਟ 1 ਵਿਚ ਪੰਜ ਸਿੱਖਾਂ ਦਾ ਕਤਲ ਅਤੇ ਰਾਜ ਨਗਰ ਪਾਰਟ 2 ਵਿਚ ਇਕ ਗੁਰਦੁਆਰੇ ਨੂੰ ਅੱਗ ਲਗਾਉਣ ਨਾਲ ਜੁੜਿਆ ਹੈ।