ਇਸਰਾਈਲ ਹਮਾਸ ਜੰਗ ਉਪਰੰਤ ਅਮਰੀਕਾ ਵਿਚ ਮੁਸਲਮਾਨਾਂ ਵਿਰੋਧੀ ਨਫਰਤੀ ਘਟਨਾਵਾਂ ਵਿਚ ਹੋਇਆ ਭਾਰੀ ਵਾਧਾ

ਇਸਰਾਈਲ ਹਮਾਸ ਜੰਗ ਉਪਰੰਤ ਅਮਰੀਕਾ ਵਿਚ ਮੁਸਲਮਾਨਾਂ ਵਿਰੋਧੀ ਨਫਰਤੀ ਘਟਨਾਵਾਂ ਵਿਚ ਹੋਇਆ ਭਾਰੀ ਵਾਧਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੌਂਸਲ ਆਫ ਅਮੈਰੀਕਨ-ਇਸਲਾਮਿਕ ਰੀਲੇਸ਼ਨਜ ਨੇ ਕਿਹਾ ਹੈ ਕਿ ਪਿਛਲੇ ਸਾਲ ਉਸ ਨੂੰ ਮੁਸਲਮਾਨਾਂ ਨਾਲ ਪੱਖਪਾਤ ਜਾਂ ਨਸਲੀ ਨਫਰਤ ਦੀਆਂ 8061 ਸ਼ਿਕਾਇਤਾਂ ਮਿਲੀਆਂ ਹਨ ਜੋ ਕਿ ਇਕ ਰਿਕਾਰਡ ਹੈ। 28ਸਾਲਾਂ ਵਿਚ ਪਿਛਲੇ ਸਾਲ ਵਾਪਰੀਆਂ ਇਹ ਘਟਨਾਵਾਂ ਸਭ ਤੋਂ ਵਧ ਹਨ। ਅਮਰੀਕਾ ਦੇ ਸਭ ਤੋਂ ਵੱਡੇ ਇਸ ਮੁਸਲਮਾਨ ਐਡਵੋਕੇਸੀ ਗਰੁੱਪ ਨੇ ਜਾਰੀ ਮਨੁੱਖੀ ਹੱਕਾਂ ਬਾਰੇ ਆਪਣੀ ਸਾਲਾਨਾ ਰਿਪੋਰਟ ਵਿਚ ਇਹ ਪ੍ਰਗਟਾਵਾ ਕੀਤਾ ਹੈ। ਰਿਪੋਰਟ ਦੇ ਸਹਿ ਲੇਖਿਕ ਤੇ ਕੌਂਸਲ ਆਫ ਅਮੈਰੀਕਨ-ਇਸਲਾਮਿਕ ਰੀਲੇਸ਼ਨਜ ਦੇ ਕੋਆਰਡੀਨੇਟਰ ਫਰਹਾ ਅਫੀਫੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਨਵੇਂ ਅੰਕੜਿਆਂ ਨੇ ਸਾਡੇ ਸ਼ੱਕ ਦੀ ਪੁਸ਼ਟੀ ਕੀਤੀ ਹੈ। ਅਕਤੂਬਰ 23 ਤੋਂ ਬਾਅਦ ਦੇਸ਼ ਵਿਚ ਪਿਛਲੇ ਇਕ ਦਹਾਕੇ ਦੌਰਾਨ ਪਹਿਲੀ ਵਾਰ ਸਭ ਤੋਂ ਵੱਡੀ ਮੁਸਲਮਾਨ ਵਿਰੋਧੀ ਨਫਰਤੀ ਲਹਿਰ ਵੇਖੀ ਗਈ ਹੈ। ਪਿਛਲੇ ਸਾਲ ਸ਼ਿਕਾਇਤਾਂ ਵਿਚ 56 % ਵਾਧਾ ਹੋਇਆ ਹੈ ਜਦ ਕਿ 2022 ਵਿਚ 5156 ਸ਼ਿਕਾਇਤਾਂ ਮਿਲੀਆਂ ਸਨ। ਕੌਂਸਲ ਨੇ ਕਿਹਾ ਹੈ ਕਿ ਮੁਸਲਮਾਨਾਂ ਵਿਰੋਧੀ ਨਫਰਤੀ ਘਟਨਾਵਾਂ ਵਿਚ ਵਾਧਾ ਹੋਣ ਦਾ ਮੁੱਖ ਕਾਰਨ ਇਸਰਾਈਲ- ਹਮਾਸ ਜੰਗ ਹੈ ਜੋ ਅਕਤੂਬਰ ਵਿਚ ਸ਼ੁਰੂ ਹੋਈ ਸੀ। 2023 ਵਿਚ ਮਿਲੀਆਂ ਕੁਲ ਸ਼ਿਕਾਇਤਾਂ ਵਿਚੋਂ 44% ਤੋਂ ਵਧ ਸਾਲ ਦੇ ਪਿਛਲੇ 3 ਮਹੀਨਿਆਂ ਦੌਰਾਨ ਮਿਲੀਆਂ ਹਨ।