ਅਮਰੀਕੀ ਏਜੰਸੀ ਐਫ ਬੀ ਆਈ ਦੇ ਦਫਤਰ ਦੇ ਗੇਟ ਵਿੱਚ ਕਾਰ ਮਾਰਨ ਵਾਲੇ ਵਿਅਕਤੀ ਦੀ ਹੋਈ ਪਛਾਣ, ਮਾਮਲਾ ਦਰਜ

ਅਮਰੀਕੀ ਏਜੰਸੀ ਐਫ ਬੀ ਆਈ ਦੇ ਦਫਤਰ ਦੇ ਗੇਟ ਵਿੱਚ ਕਾਰ ਮਾਰਨ ਵਾਲੇ ਵਿਅਕਤੀ ਦੀ ਹੋਈ ਪਛਾਣ, ਮਾਮਲਾ ਦਰਜ
ਕੈਪਸ਼ਨ ਕਾਰ ਮਾਰਨ ਵੱਜਣ ਉਪਰੰਤ ਐਫ ਬੀ ਆਈ ਦੇ ਦਫਤਰ ਦੇ ਗੇਟ ਦਾ ਦ੍ਰਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਅਮਰੀਕੀ ਜਾਂਚ ਏਜੰਸੀ ਐਫ ਬੀ ਆਈ ਦੇ ਐਟਲਾਂਟਾ ਫੀਲਡ ਦਫਤਰ ਦੇ ਗੇਟ ਵਿਚ ਕਾਰ ਮਾਰ ਕੇ ਅੰਦਰ ਜਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਸ਼ੱਕੀ ਦੋਸ਼ੀ ਦੀ ਪਛਾਣ ਏਰਵਿਨ ਲੀ ਬੋਲਿੰਗ ਵਜੋਂ ਹੋਈ ਹੈ। ਉਸ ਦੀ ਪਛਾਣ ਉਸ ਕੋਲੋਂ ਮਿਲੇ ਪਾਸਪੋਰਟ ਤੋਂ ਹੋਈ ਹੈ। ਡੇਕਾਲਬ ਕਾਊਂਟੀ ਪੁਲਿਸ ਦੇ ਬੁਲਾਰੇ ਅਫਸਰ ਈਲਿਸ ਵੈਲਸ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਬੋਲਿੰਗ ਨੂੰ ਬਕਾਇਦਾ ਗ੍ਰਿਫਤਾਰ ਕਰਕੇ ਉਸ ਵਿਰੁੱਧ ਸਰਕਾਰੀ ਜਾਇਦਾਦ ਵਿੱਚ ਦਖਲਅੰਦਾਜੀ ਕਰਨ ਦੇ ਦੋਸ਼ ਲਾਏ ਗਏ ਹਨ। ਉਸ ਵਿਰੁੱਧ ਸੰਘੀ ਅਦਾਲਤ ਵਿਚ ਵੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਗਏ ਹਨ। ਲਾਅ ਇਨਫੋਰਸਮੈਂਟ ਸੂਤਰਾਂ ਅਨੁਸਾਰ ਸ਼ੱਕੀ ਦੱਖਣੀ ਕੈਰੋਲੀਨਾ ਦਾ ਵਸਨੀਕ ਹੈ ਤੇ ਉਹ ਸਾਬਕਾ ਸੈਨਿਕ ਹੈ। ਅਦਾਲਤੀ ਦਸਤਾਵੇਜਾਂ ਅਨੁਸਾਰ ਗ੍ਰਿਫਤਾਰੀ ਸਮੇ ਉਸ ਨੇ ਵਿਰੋਧ ਕੀਤਾ ਤੇ ਆਦੇਸ਼ ਦੀ ਪਾਲਣਾ ਨਹੀਂ ਕੀਤੀ ਪਰੰਤੂ ਆਖਰਕਾਰ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।