ਦਰਬਾਰ ਸਾਹਿਬ ‘ਤੇ ਹਮਲੇ ਮੌਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਮੇਸ਼ਇੰਦਰ ਸਿੰਘ ਨਾਲ ਮੁਲਾਕਾਤ

ਦਰਬਾਰ ਸਾਹਿਬ ‘ਤੇ ਹਮਲੇ ਮੌਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਮੇਸ਼ਇੰਦਰ ਸਿੰਘ ਨਾਲ ਮੁਲਾਕਾਤ
ਰਮੇਸ਼ਇੰਦਰ ਸਿੰਘ

ਸ੍ਰੀ ਹਰਿਮੰਦਰ ਸਾਹਿਬ ਸਮੂਹ ’ਤੇ ਹੋਈ ਫੌਜੀ ਕਾਰਵਾਈ ਨੂੰ ਬਹੁਤ ਨੇੜੇ ਤੋਂ ਦੇਖਣ ਵਾਲੇ ਉਸ ਸਮੇਂ ਦੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਮੇਸ਼ ਇੰਦਰ ਸਿੰਘ ਨੇ ਸਾਕਾ ਨੀਲਾ ਤਾਰਾ ਬਾਰੇ ਅਹਿਮ ਖੁਲਾਸੇ ਕੀਤੇ ਹਨ। ਉਹਨਾਂ ਦਾ ਮੰਨਣਾ ਹੈ ਕਿ ਇਸ ਆਪ੍ਰੇਸ਼ਨ ਨੂੰ ਟਾਲਿਆ ਵੀ ਜਾ ਸਕਦਾ ਸੀ, ਇਸ ਮੰਦਭਾਗੀ ਘਟਨਾ ਤੋਂ ਬਚਿਆ ਜਾ ਸਕਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਆਪ੍ਰੇਸ਼ਨ ਨੀਲਾ ਤਾਰਾ ਨੂੰ ਲੈ ਕੇ ਫੌਜ ਵਿਚ ਵੀ ਮਤਭੇਦ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਵੱਖ-ਵੱਖ ਰਾਜਸੀ ਪਾਰਟੀਆਂ ਤੇ ਜਥੇਬੰਦੀਆਂ ਵਲੋਂ  ਇਸ ਮੁੱਦੇ ’ਤੇ ਰਾਜਨੀਤੀ ਕੀਤੇ ਜਾਣ ਕਾਰਨ ਲਗਾਤਾਰ ਸਿੱਖ ਭਾਵਨਾਵਾਂ ਨੂੰ ਵਲੂੰਧਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੁਖਾਂਤ ਕਾਰਨ ਜ਼ਖ਼ਮੀ ਹੋਏ ਮਨਾਂ ’ਤੇ ਮੱਲ੍ਹਮ ਲਗਾਉਣ ਦੀ ਲੋੜ ਹੈ ਤੇ ਇਸ ਕੰਮ ਵਿਚ ਪਹਿਲ ਸੱਤਾ ’ਤੇ ਕਾਬਜ਼ ਧਿਰਾਂ ਵਲੋਂ ਮੁਆਫੀ ਮੰਗ ਕੇ ਕੀਤੀ ਜਾ ਸਕਦੀ ਹੈ, ਪਰ ਜੇਕਰ ਅਜਿਹਾ ਸੰਭਵ ਨਹੀਂ ਹੈ ਤਾਂ ਘੱਟੋ-ਘੱਟ ਸਾਕਾ ਨੀਲਾ ਤਾਰਾ ਬਾਰੇ ਸੱਚਾਈ ਲੋਕਾਂ ਦੇ ਸਾਹਮਣੇ ਲਿਆਉਣ ਲਈ ਇਕ ਤੱਥ ਖੋਜ ਕਮਿਸ਼ਨ ਦਾ ਗਠਨ ਕੀਤਾ ਜਾਵੇ। ਪੇਸ਼ ਹੈ ਉਨ੍ਹਾਂ ਨਾਲ ਕੀਤੀ ਮੁਲਾਕਾਤ ਦੇ ਕੁਝ ਅੰਸ਼-

ਸਵਾਲ-ਉਸ ਸਮੇਂ ਦੇ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਬਰਾੜ ਵਲੋਂ ਸ੍ਰੀ ਹਰਿਮੰਦਰ ਸਾਹਿਬ ’ਤੇ ਫੌਜੀ ਕਾਰਵਾਈ ਸਬੰਧੀ ਦਸਤਖਤ ਕਰਨ ਤੋਂ ਇਨਕਾਰ ਕਰ ਦੇਣ ਕਾਰਨ, ਤੁਹਾਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਇਸ ਵਿਚ ਕਿੰਨੀ ਕੁ ਸੱਚਾਈ ਹੈ?
ਜਵਾਬ-ਇਸ ਗੱਲ ਵਿਚ ਰੱਤੀ ਭਰ ਵੀ ਸੱਚਾਈ ਨਹੀਂ ਹੈ ਤੇ ਇਹ ਕੋਰੀ ਅਫਵਾਹ ਹੈ ਜਦ ਕਿ ਫੌਜੀ ਕਾਰਵਾਈ ਬਾਰੇ ਨਾ ਤਾਂ ਗੁਰਦੇਵ ਸਿੰਘ ਬਰਾੜ ਨੂੰ ਕੋਈ ਜਾਣਕਾਰੀ ਸੀ ਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਸੀ। ਇਥੇ ਹੀ ਬੱਸ ਨਹੀਂ ਗੁਰਦੇਵ ਸਿੰਘ ਬਰਾੜ ਵਲੋਂ ਤਾਂ ਅਪ੍ਰੈਲ ਮਹੀਨੇ ਹੀ ਛੁੱਟੀ ਮੰਗੀ ਸੀ, ਜਿਸ ਦੇ ਮੰਜ਼ੂਰ ਹੋਣ ’ਤੇ ਉਨ੍ਹਾਂ ਨੂੰ ਡੀ.ਸੀ. ਅੰਮ੍ਰਿਤਸਰ ਦਾ ਚਾਰਜ ਸਾਪਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਇਤਫਾਕ ਹੀ ਸੀ ਕਿ 3 ਜੂਨ ਨੂੰ ਸਵੇਰੇ ਜਦੋਂ ਉਨ੍ਹਾਂ ਚਾਰਜ ਸੰਭਾਲਿਆ ਤਾਂ ਫੌਜੀ ਕਾਰਵਾਈ ਆਰੰਭ ਹੋ ਚੁੱਕੀ ਸੀ ਤੇ ਸ਼ਹਿਰ ਅੰਦਰ ਕਰਫਿਊ ਲੱਗਾ ਹੋਇਆ ਸੀ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ’ਤੇ ਫੌਜੀ ਕਾਰਵਾਈ ਦੇ ਮਾਮਲੇ ਵਿਚ ਉਨ੍ਹਾਂ ਦਾ ਕੋਈ ਦਖਲ ਨਹੀਂ ਸੀ ਪੰਜਾਬ ਵਿਚ ਫੌਜ ਦੀ ਕਾਰਵਾਈ ਸਬੰਧੀ ਉਸ ਸਮੇਂ ਦੇ ਗ੍ਰਹਿ ਸਕੱਤਰ ਅਮਰੀਕ ਸਿੰਘ ਪੂੰਨੀ ਵਲੋਂ ਪੱਤਰ ਲਿਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਕੇਵਲ ਦਰਬਾਰ ਸਾਹਿਬ ’ਤੇ ਹੀ ਨਹੀਂ ਸੀ ਹੋਈ, ਸਗੋਂ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਹੋਰਨਾਂ ਬਹੁਤ ਸਾਰੇ ਗੁਰੂ ਘਰਾਂ ’ਤੇ ਵੀ ਹੋਈ ਸੀ ਤੇ ਉਨ੍ਹਾਂ ਸਮੇਤ ਕਿਸੇ ਵੀ ਜ਼ਿਲ੍ਹੇ ਦੇ ਡੀ.ਸੀ. ਕੋਲੋਂ ਇਸ ਸਬੰਧੀ ਕੋਈ ਪ੍ਰਵਾਨਗੀ ਨਹੀਂ ਸੀ ਲਈ ਗਈ।

ਸਵਾਲ-ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਮੌਜੂਦ ਸੰਗਤ ਨੂੰ ਫੌਜੀ ਕਾਰਵਾਈ ਬਾਰੇ ਕੋਈ ਅਗਾਊਂ ਸੂਚਨਾ ਦਿੱਤੀ ਗਈ ਸੀ ਜਾਂ ਫਿਰ ਉਨ੍ਹਾਂ ਨੂੰ ਬਾਹਰ ਆਉਣ ਦਾ ਮੌਕਾ ਦਿੱਤਾ ਗਿਆ ਸੀ? 
ਜਵਾਬ-ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਮੌਜੂਦ ਸੰਗਤ ਨੂੰ ਬਾਹਰ ਆਉਣ ਦਾ ਮੌਕਾ ਦਿੱਤਾ ਗਿਆ ਸੀ ਤੇ ਇਸ ਸਬੰਧੀ ਸਰਕਾਰ ਨੇ ਲੋਕ ਸੰਪਰਕ ਮਹਿਕਮੇ ਦੀ ਵੈਨ ਰਾਹੀਂ ਬਾਕਾਇਦਾ ਅਨਾਊਂਸਮੈਂਟ ਕਰਵਾਈ ਸੀ ।

ਸਵਾਲ-ਸਾਕਾ ਨੀਲਾ ਤਾਰਾ ਦੌਰਾਨ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਨੂੰ ਲੈ ਕੇ ਵੀ ਕਾਫੀ ਭਰਮ ਭੁਲੇਖੇ ਹਨ, ਤੁਹਾਡੇ ਮੁਤਾਬਿਕ ਇਸ ਦੁਖਾਂਤ ਵਿਚ ਕਿੰਨੇ ਕੁ ਲੋਕ ਮਾਰੇ ਗਏ ਜਾਂ ਸ਼ਹੀਦ ਹੋਏ?
ਜਵਾਬ-ਸਾਕਾ ਨੀਲਾ ਤਾਰਾ ਦੌਰਾਨ ਮਾਰੇ ਗਏ ਲੋਕਾਂ ਬਾਰੇ ਸਹੀ ਅੰਕੜੇ ਇਸ ਕਰਕੇ ਹਾਸਿਲ ਨਹੀਂ ਹੋ ਸਕੇ, ਕਿਉਂਕਿ ਕਾਫੀ ਲੋਕ  ਹਰਿਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਵੀ ਮਾਰੇ ਗਏ ਤੇ ਕੁਝ ਜ਼ਖਮੀ ਵੀ ਬਾਅਦ ਵਿਚ ਦਮ ਤੋੜ ਗਏ ਸਨ। ਉਂਝ 6 ਜੂਨ ਨੂੰ ਹੀ ਹਰਿਮੰਦਰ ਸਾਹਿਬ ਕੰਪਲੈਕਸ ਤੋਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਸੀ, ਪਰ ਫਿਰ ਵੀ 8 ਜੂਨ ਤੱਕ ਲਾਸ਼ਾਂ ਮਿਲਣ ਦਾ ਸਿਲਸਿਲਾ ਚੱਲਦਾ ਰਿਹਾ ਤੇ ਤਿੰਨ ਦਿਨਾਂ ਵਿਚ 717 ਵਿਅਕਤੀਆਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਸਨ ਜਦਕਿ ਸ਼ਮਸ਼ਾਨਘਾਟ ਵਿਚ ਸਸਕਾਰ ਕੀਤੀਆਂ ਗਈਆਂ ਲਾਸ਼ਾਂ ਦੀ ਗਿਣਤੀ 783 ਸੀ। ਇਸ ਤਰ੍ਹਾਂ ਕੁੱਲ ਮਿਲਾ ਕੇ ਇਸ ਦੁਖਾਂਤ ਵਿਚ 800 ਦੇ ਕਰੀਬ ਵਿਅਕਤੀ ਮਾਰੇ ਗਏ ਜਾਂ ਸ਼ਹੀਦ ਹੋਏ।

ਸਵਾਲ-ਸਾਕਾ ਨੀਲਾ ਤਾਰਾ ਦੇ ਦੁਖਾਂਤ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਜਵਾਬ-ਸਾਕਾ ਨੀਲਾ ਤਾਰਾ ਬਹੁਤ ਹੀ ਮੰਦਭਾਗੀ ਤੇ ਦੁਖਦਾਈ ਘਟਨਾ ਸੀ। ਇਸ ਘਟਨਾ ਨੇ ਸੂਬੇ ਦੀ ਆਰਥਿਕਤਾ ਨੂੰ ਵੱਡੀ ਸੱਟ ਮਾਰੀ ਤੇ ਸੂਬਾ ਅਜੇ ਤੱਕ ਵੀ ਇਸ ਦੁਖਾਂਤ ਤੋਂ ਉ¤ਭਰ ਨਹੀਂ ਸਕਿਆ ਤੇ ਕਦੇ ਹਰ ਖੇਤਰ ਵਿਚ ਮੋਹਰੀ ਰਿਹਾ ਪੰਜਾਬ ਅੱਜ ਹਰ ਖੇਤਰ ਵਿਚ ਪੱਛੜ ਗਿਆ ਹੈ। 

ਸਵਾਲ-ਅੱਜ 35 ਸਾਲ ਬਾਅਦ ਤੁਸੀਂ ਸੋਚਦੇ ਹੋ ਕਿ ਇਸ ਆਪ੍ਰੇਸ਼ਨ ਨੂੰ ਟਾਲਿਆ ਵੀ ਜਾ ਸਕਦਾ ਸੀ? 
ਜਵਾਬ-ਮੇਰੀ ਜਾਣਕਾਰੀ ਮੁਤਾਬਿਕ ਉਸ ਸਮੇਂ ਫੌਜ ਵਿਚ ਵੀ ਇਸ ਸਬੰਧੀ ਦੋ ਮੱਤ ਸਨ ? ਫੌਜ ਦੇ ਕੁਝ ਜਨਰਲ ਸ੍ਰੀ ਹਰਿਮੰਦਰ ਸਾਹਿਬ ਸਮੂਹ ਨੂੰ ਘੇਰੇ ਵਿਚ ਲੈ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਹੋਰਨਾਂ ਸਮਰਥਕਾਂ ਨੂੰ ਬਾਹਰ ਆਉਣ ਲਈ ਮਜ਼ਬੂਰ ਕਰਨ ਦੇ ਸਮਰਥਕ ਸਨ, ਪਰ ਜਨਰਲ ਸੁੰਦਰਜੀ ਤੇ ਉਨ੍ਹਾਂ ਦੇ ਕੁਝ ਹੋਰ ਸਾਥੀ ਫੌਜੀ ਕਾਰਵਾਈ ਦੇ ਹੱਕ ਵਿਚ ਸਨ। ਮੇਰਾ ਖਿਆਲ ਹੈ ਕਿ ਇਸ ਮਸਲੇ ਨੂੰ ਸੁਲਝਾਉਣ ਦੇ ਹੋਰ ਬਿਹਤਰ ਬਦਲ ਵੀ ਹੋ ਸਕਦੇ ਸਨ।

 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ