ਯੂਕਰੇਨ ’ਚ ਫ਼ਸੇ ਹੋਏ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਅਤੇ ਸਰਬਤ ਦੇ ਭਲੇ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ

ਯੂਕਰੇਨ ’ਚ ਫ਼ਸੇ ਹੋਏ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਅਤੇ ਸਰਬਤ ਦੇ ਭਲੇ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਯੂਕਰੇਨ ’ਚ ਚਲ ਰਹੇ ਯੁੱਧ ਦੌਰਾਨ 2 ਭਾਰਤੀ ਮੂਲ ਵਿਦਿਆਰਥੀਆਂ ਦੀ ਹੋਈ ਮੌਤ ’ਤੇ ਸੋਗ ਪ੍ਰਗਟ ਕੀਤਾ ਹੈ ਜਿਨ੍ਹਾਂ ਵਿਚੋਂ ਇੱਕ ਕਰਨਾਟਕ ਦਾ ਰਹਿਣ ਵਾਲਾ ਸੀ ਤੇ ਉਸ ਦੀ ਮੌਤ ਹਵਾਈ ਹਮਲੇ ਦੀ ਵਜ੍ਹਾ ਨਾਲ ਹੋਈ ਜਦੋਂ ਕਿ ਦੂਜਾ ਵਿਦਿਆਰਥੀ ਪੰਜਾਬ ਤੋਂ ਸੀ ਜਿਸ ਦੀ ਮੌਤ ਹਾਰਟ ਅਟੈਕ ਨਾਲ ਹੋਈ। ਉਨ੍ਹਾਂ ਅੱਗੇ ਕਿਹਾ ਕਿ ਜੋ ਕੁਝ ਯੁਕਰੇਨ ’ਚ ਚਲ ਰਿਹਾ ਹੈ ਉਹ ਬਹੁਤ ਹੀ ਦੁਖਦਾਈ ਹੈ। ਜਿਹੜੇ ਲੋਕ ਉੱਥੇ ਫ਼ਸੇ ਹੋਏ ਹਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਭੁੱਖੇ ਪੇਟ ਸੌਣ ਨੂੰ ਮਜਬੂਰ ਹਨ, ਮੈਡੀਕਲ ਸੁਵਿਧਾਵਾਂ ਦੀ ਘਾਟ ਹੈ, ਲੋਕ ਬੰਕਰਾਂ ’ਚ ਰਹਿ ਕੇ ਕਿਸੇ ਤਰੀਕੇ ਆਪਣੀ ਜਾਨ ਬਚਾਉਣ ਦੇ ਯਤਨ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਹੁਣ ਵੀ ਪੌਲੈਂਡ ਤੇ ਸਲੋਵਾਕੀਆ ਦੇ ਬਾਰਡਰ ’ਤੇ ਕਈ ਹਜ਼ਾਰ ਭਾਰਤੀ ਵਿਦਿਆਰਥੀ ਫ਼ਸੇ ਹੋਏ ਹਨ ਜਿਨ੍ਹਾਂ ਨੂੰ ਸਰਕਾਰ ਜਲਦ ਸੁਰੱਖਿਅਤ ਭਾਰਤ ਲੈ ਕੇ ਆਵੇਗੀ।

ਸ. ਕਾਹਲੋਂ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਪਰਿਸਥਿਤੀਆਂ ਦੇ ਵਿਚ ਪੌਲੈਂਡ ਦੇ ਗੁਰਦੁਆਰਾ ਸਿੰਘ ਸਭਾ ਵਾਰਸਾ ਵੱਲੋਂ ਗੁਰੂ ਸਾਹਿਬ ਦੀ ਸਿੱਖਿਆ ’ਤੇ ਪਹਿਰਾ ਦਿੰਦੇ ਹੋਏ ਲੋੜਵੰਦਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ ਜੋ ਕਿ ਸ਼ਲਾਘਾਯੋਗ ਹੈ। ਪੌਲੈਂਡ ਦੇ ਇਸ ਗੁਰਦੁਆਰਾ ਸਾਹਿਬ ’ਚ ਸਾਰੇ ਹੀ ਧਰਮਾਂ ਦੇ ਲੋਕ ਇਕੱਠੇ ਰਹਿ ਰਹੇ ਹਨ ਜੋ ਭਾਰਤੀ ਅਖੰਡਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇੜਲੇ ਇਲਾਕਿਆਂ ਵਿੱਚ ਰਹਿੰਦੇ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਤਰ੍ਹਾਂ ਦੇ ਲੋੜਵੰਦ ਲੋਕਾਂ ਦੀ ਮਦਦ ਕਰਨ ਜੋ ਜੰਗ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾ ਦੱਸਿਆ ਕਿ ਯੂਕਰੇਨ ’ਚ ਫ਼ਸੇ ਨਿਰਦੋਸ਼ ਲੋਕਾਂ ਦੀ ਸਲਾਮਤੀ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦਾ ਅੱਜ ਭੋਗ ਪਾਇਆ ਗਿਆ ਅਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ ਕਿ ਸਮੁੱਚੇ ਵਿਸ਼ਵ ਵਿਚ ਅਮਨ ਸ਼ਾਂਤੀ ਕਾਇਮ ਹੋਵੇ ਅਤੇ ਸਾਰੇ ਹੀ ਭਾਰਤੀ ਵਿਦਿਆਰਥੀ ਜੋ ਉੱਥੇ ਫ਼ਸੇ ਹੋਏ ਸੁਰੱਖਿਅਤ ਆਪਣੇ ਮੁਲਕ ਪਰਤਣ।

ਇਸ ਮੌਕੇ ’ਤੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਸ. ਆਤਮਾ ਸਿੰਘ ਲੁਬਾਣਾ, ਧਰਮ ਪਚਾਰ ਕਮੇਟੀ ਦੇ ਕਨਵੀਨਰ ਜਸਪ੍ਰੀਤ ਸਿੰਘ ਕਰਮਸਰ, ਮੈਂਬਰ ਹਰਜੀਤ ਸਿੰਘ ਪੱਪਾ, ਸੁਖਬੀਰ ਸਿੰਘ ਕਾਲਰਾ, ਗੁਰਦੇਵ ਸਿੰਘ, ਰਮਨਦੀਪ ਸਿੰਘ ਥਾਪਰ, ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡਗ੍ਰੰਥੀ ਰਣਜੀਤ ਸਿੰਘ ਦੇ ਇਲਾਵਾ ਦਿੱਲੀ ਕਮੇਟੀ ਦਾ ਸਟਾਫ਼ ਅਤੇ ਸੰਗਤ ਮੌਜੂਦ ਰਹੀ।