ਹਿੰਦ-ਚੀਨ ਸਰਹਦੀ ਤਣਾਅ ਬਾਰੇ ਕੁਛ ਵਿਚਾਰਾਂ

ਹਿੰਦ-ਚੀਨ ਸਰਹਦੀ ਤਣਾਅ ਬਾਰੇ ਕੁਛ ਵਿਚਾਰਾਂ

2017 ਵਿਚ ਭਾਰਤੀ ਤੇ ਚੀਨੀ ਫੌਜਾਂ 72 ਦਿਨ ਆਹਮੋ ਸਾਹਮਣੇ ਤਣੀਆਂ ਖੜੀਆਂ ਰਹੀਆਂ ਸਨ। ਤਣਾਅ ਭਰੇ ਮਾਹੌਲ ਦਾ ਹੱਲ ਤਦ ਨਿਕਲਿਆ ਜਦ ਦੋਵਾਂ ਦੇਸਾਂ ਦੇ ਕਾਰਜਕਾਰੀ ਮੁਖੀ ਪਹਿਲਾਂ ਵੂਹਾਨ ਵਿਚ ਅਤੇ ਬਾਅਦ ਵਿਚ ਤਾਮਿਲਨਾਡੂ ਵਿਚ ਮਿਲੇ ਸਨ। ਹੁਣ ਫਿਰ ਪਿਛਲੇ 20 ਦਿਨਾਂ ਤੋਂ ਇਕ ਅੱਧ ਤੇ ਨਹੀਂ ਬਲਕਿ ਪੰਜ ਸਰਹੱਦੀ ਸਥਾਨਾਂ ਤੇ  ਟਕਰਾਅ ਵਰਗੇ ਹਾਲਾਤ ਬਣੇ ਹੋਏ ਹਨ। ਇਹਨਾਂ ਵਿਚੋਂ ਇਕ ਇਕ ਪੂਰਬੀ ਅਤੇ ਮੱਧ ਖੇਤਰ ਵਿਚ, ਤਿੰਨ ਲਦਾਖ ਦੇ ਪਛਮੀ ਪਾਸੇ ਸਥਿਤ ਹਨ।

ਦੋਵੇਂ ਧਿਰਾਂ ਆਪੋ ਅਪਣੀ ਫੌਜੀ ਸਥਿਤੀ ਮਜ਼ਬੂਤ ਕਰਨ ਲਗੀਆਂ ਹੋਈਆਂ ਹਨ। ਹੁਣ ਤਕ ਗੋਲੀ ਨਹੀਂ ਚਲੀ ਪਰ ਦੋਵਾਂ ਧਿਰਾਂ ਦੇ ਜਵਾਨ 5-6 ਮਈ ਨੂੰ ਘਸੁੰਨੋ ਘੁਸੰਨੀ ਹੋਏ ਸਨ। ਇਹਨਾਂ ਬਲਵਿਆਂ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਕੁਛ ਸਰੋਤ ਸੈਂਕੜਿਆਂ ਵਿਚ ਦਸਦੇ ਹਨ, ਕੁਛ 3000 ਤਕ ਵੀ ਕਹਿ ਰਹੇ ਹਨ।

ਭਾਰਤੀ ਪੱਖ ਨੇ ਪੁਰਾਣੇ ਸਮਝੌਤਿਆਂ ਅਨੁਸਾਰ ਪਹਿਲ ਕਰ ਕੇ ਗਲਬਾਤ ਕਰਨ ਦੇ ਯਤਨ ਕੀਤੇ ਤਾਂ ਕਿ ਟਕਰਾਅ ਟਾਲਿਆ ਜਾ ਸਕੇ ਅਤੇ ਦੋਵਾਂ ਫੌਜਾਂ ਵਿਚਕਾਰ ਸ਼ਾਂਤੀਪੂਰਨ ਸਬੰਧ ਬਣੇ ਰਹਿਣ। ਮਨਸ਼ਾ ਸੀ ਕਿ ਕੰਟਰੋਲ ਹੇਠਲੇ ਇਲਾਕਿਆਂ ਦੀ ਨਿਗਰਾਨੀ ਲਈ ਪਟਰੋਲਿੰਗ ਵਿਚ ਦੂਜੀ ਧਿਰ ਰੁਕਾਵਟ ਨਾ ਪਾਵੇ ਪਰ ਚੀਨੇ ਹੁੰਗਾਰਾ ਹੀ ਨਹੀਂ ਭਰ ਰਹੇ। ਚੀਨੀ ਵਿਦੇਸ਼ ਵਿਭਾਗ ਅਤੇ ਮੀਡੀਆ ਨੇ ਵੀ ਡਰਾਉਣੀ ਚੁੱਪ ਧਾਰੀ ਹੇਈ ਹੈ।

ਕੁਛ ਭਾਰਤੀ ਯੁਧਨੀਤਕ ਸਰੋਤਾਂ ਰਾਹੀਂ ਆਈ ਸੂਚਨਾ ਅਨੁਸਾਰ ਚੀਨੀ ਫੌਜੀ ਤਿੰਨ ਚਾਰ ਕਿਲੋਮੀਟਰ ਤਕ ਭਾਰਤੀ ਕਬਜ਼ੇ ਵਾਲੇ ਪੱਛਮੀ ਲਦਾਖ ਦੇ ਇਲਾਕੇ ਉਪਰ ਚੁਪ ਚਾਪ ਕਾਬਜ਼ ਹੋ ਗਏ ਹਨ।

ਤਾਜ਼ਾ ਸੂਚਨਾ ਅਨੁਸਾਰ ਚੀਨ ਸਰਕਾਰ ਭਾਰਤ ਤੋਂ ਅਪਣੇ ਵਸਨੀਕਾਂ ਨੂੰ ਦੇਸ ਵਾਪਸ ਲੈ ਜਾਣ ਦੇ ਪਰਬੰਧ ਕਰ ਰਹੀ ਹੈ। ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦੇ ਫੈਲਾਅ ਵਿਚ ਭਾਰਤ ਦੁਨੀਆ ਦੇ ਸਭ ਤੋਂ ਮਾੜੇ 10 ਦੇਸਾਂ ਵਿਚ ਸ਼ਾਮਲ ਹੋ ਗਿਆ ਹੈ।

ਦਰਸ਼ਕਾਂ ਅਨੁਸਾਰ ਪਿਛਲੇ ਕੁਛ ਅਰਸੇ ਦੌਰਾਨ ਭਾਰਤ-ਚੀਨ ਸਬੰਧਾਂ ਵਿਚਕਾਰ ਵਿਗਾੜ ਵਧਿਆ ਹੈ ਜਿਸ ਤੋਂ ਚੀਨ ਦਾ ਇਸ ਦੇਸ ਪ੍ਰਤੀ ਵਤੀਰਾ ਆਸਾਧਾਰਨ ਤੌਰ 'ਤੇ ਸਖਤ ਹੋ ਗਿਆ ਹੈ। ਸ਼ਾਇਦ ਸਭ ਤੋਂ ਵਡੀ ਵਜਾ ਪਾਕਿਸਤਾਨ ਰਾਹੀਂ ਚੀਨ ਦੀ ਸੜਕ ਯੋਜਨਾ ਨੂੰ ਭਾਰਤ ਵਲੋਂ ਪੈਦਾ ਹੋ ਰਿਹਾ ਸੰਭਾਵਤ ਖਤਰਾ ਹੈ। ਭਾਰਤ ਅੰਦਰੋਂ ਕਸ਼ਮੀਰ ਦੇ ਪਾਕਿਸਤਾਨ ਵਾਲੇ ਭਾਗ ਉਤੇ ਹਮਲੇ ਦੀਆਂ ਧਮਕੀਆਂ ਉਠਦੀਆਂ ਆ ਰਹੀਆਂ ਹਨ। ਚੀਨ ਨੇ ਪਾਕਿਸਤਾਨ ਰਾਹੀਂ ਅਰਬ ਸਾਗਰ ਨਾਲ ਜੁੜਨ ਦੀ ਵਡੀ ਯੋਜਨਾ ਉਪਰ ਖਰਬਾਂ ਰੁਪੈ ਦਾ ਨਿਵੇਸ਼ ਕਰ ਦਿਤਾ ਹੈ। ਉਹ ਇਸ ਨੂੰ ਇੰਡੀਆ ਦੇ ਰਹਿਮੋ ਕਰਮ ਤੇ ਨਹੀਂ ਛਡ ਸਕਦਾ। "ਅਮਰੀਕਾ ਦੀ ਸ਼ਹਿ ਤੇ" ਜਾਪਾਨ ਅਤੇ ਆਸਟਰੇਲੀਆ ਨਾਲ ਚਲਦੇ ਭਾਰਤ ਦੇ ਵਿਚਰਦੇ ਗਠਜੋੜ ਤੋਂ ਵੀ ਚੀਨ ਬਹੁਤ ਪਰੇਸ਼ਾਨ ਹੈ। ਕੋਰੋਨੋਵਾਇਰਸ ਦੇ ਸੰਦਰਭ ਵਿਚ ਉਪਰੋਕਤ ਤਾਕਤਾਂ ਵਲੋਂ ਫਾਰਮੂਸਾ ਨੂੰ ਚੀਨ ਤੋਂ ਵਖਰੀ ਧਿਰ ਵਜੋਂ ਉਭਾਰਨ ਅਤੇ ਚੀਨ ਨੂੰ ਬੀਮਾਰੀ ਫੈਲਾਉਣ ਦੇ ਦੋਸ਼ੀ ਵਜੋਂ ਘੇਰਨ ਦੇ ਯਤਨਾਂ ਨੇ ਵੀ ਚੀਨ ਨੂੰ ਸਖਤ ਗ਼ੁੱਸਾ ਦਿਵਾਇਆ ਹੈ। ਇਸ ਸਭ ਕਾਸੇ ਦਾ ਪਰਗਟਾਵਾ ਪਹਾੜਾਂ ਵਿਚ ਦੰਦੀਆਂ ਪੀਹ ਕੇ ਨਿਕਲ ਰਿਹਾ ਹੈ।

ਕੀ ਤਦ ਭਾਰਤ ਅਤੇ ਚੀਨ ਵਿਚਕਾਰ ਜੰਗ ਅਟੱਲ ਹੈ ? ਖ਼ਤਰਾ ਕਾਇਮ ਹੈ ਪਰ ਫਿਰ ਵੀ ਉਚ-ਪੱਧਰੀ ਕੂਟਨੀਤੀ ਕੋਈ ਚਿਰ ਸਥਾਈ ਹੱਲ ਕਢਣ ਦੇ ਵੀ ਕਾਬਲ ਹੈ। ਚੀਨ ਨੇ ਅਜਿਹੇ ਕੂਟਨੀਤਕ ਹੱਲ ਲਈ ਵਿਧੀਵਤ ਦਬਾਅ ਬਣਾਈ ਰਖਣ ਦੇ ਸਭ ਨੁਕਤੇ ਅਪਣੇ ਕਾਬੂ ਵਿਚ ਕਰ ਰਖੇ ਹਨ: ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸਿਰੀਲੰਕਾ, ਮਾਇਨਮਾਰ ਆਦਿ ਚੀਨ ਦੇ ਹੱਕ ਵਿਚ ਭੁਗਤ ਸਕਦੇ ਹਨ।

ਸੁਖਦੇਵ ਸਿੰਘ
ਸੀਨੀਅਰ ਪੱਤਰਕਾਰ