ਅਮਰੀਕਾ ਨਾਲ ਭਾਰਤ 'ਮੁਕਤ ਵਪਾਰ ਸਮਝੌਤੇ' ਬਾਰੇ ਗੱਲਬਾਤ ਲਈ ਤਿਆਰ-ਪਿਊਸ਼ ਗੋਇਲ
* ਕੈਲੀਫੋਰਨੀਆ ਦੇ ਦੌਰੇ 'ਤੇ ਪੁੱਜੇ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ 7 ਸਤੰਬਰ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੇ 6 ਦਿਨਾ ਦੌਰੇ 'ਤੇ ਪੁੱਜੇ ਭਾਰਤ ਦੇ ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਦੇ ਸਬੰਧ ਬਹੁਤ ਮਜਬੂਤ ਹਨ ਪਰ ਅਮਰੀਕੀ ਪ੍ਰਸ਼ਾਸਨ ਨੀਤੀਗੱਤ ਰਣਨੀਤੀ ਤਹਿਤ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਦੀ ਇੱਛਾ ਨਹੀਂ ਰਖਦਾ । ਉਨਾਂ ਕਿਹਾ ਕਿ ਜੇਕਰ ਵਾਸ਼ਿੰਗਟਨ ਆਪਣਾ ਮੰਨ ਬਦਲੇ ਤਾਂ ਨਵੀਂ ਦਿੱਲੀ ਇਸ ਸਬੰਧੀ ਗੱਲਬਾਤ ਕਰਨ ਲਈ ਤਿਆਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਇਲ ਨੇ ਅਮਰੀਕੀ ਕਾਰੋਬਾਰੀਆਂ ਨਾਲ ਸਨਫਰਾਂਸਿਸਕੋ ਵਿਚ ਹੋਈ ਗੱਲਬਾਤ ਦਾ ਜ਼ਿਕਰ ਵੀ ਕੀਤਾ। ਉਨਾਂ ਕਿਹਾ ਹਾਲਾਂ ਕਿ ਅਮਰੀਕਾ ਕਿਸੇ ਵੀ ਦੇਸ਼ ਨਾਲ ਮੁਕਤ ਵਪਾਰ ਸਮਝੌਤਾ ਨਹੀਂ ਚਹੁੰਦਾ ਪਰੰਤੂ ਭਾਰਤ ਨੂੰ ਖੁਸ਼ੀ ਹੋਵੇਗੀ ਜੇਕਰ ਵਸ਼ਿੰਗਟਨ ਇਸ ਸਬੰਧੀ ਆਪਣੇ ਰੁਖ ਵਿਚ ਤਬਦੀਲੀ ਕਰਨ ਲਈ ਤਿਆਰ ਹੋ ਜਾਂਦਾ ਹੈ। ਗੋਇਲ ਨੇ ਐਲਾਨ ਕੀਤਾ ਕਿ ਭਾਰਤ ਮੁਕਤ ਵਪਾਰ ਸਮਝੌਤੇ ਬਾਰੇ ਅਮਰੀਕਾ ਨਾਲ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਹੈ। ਉਨਾਂ ਕਿਹਾ ਕਿ ਭਾਰਤ ਤੇ ਅਮਰੀਕਾ ਆਪੋ ਆਪਣੀ ਵਪਾਰ ਨੀਤੀ ਤਹਿਤ ਦੋਨਾਂ ਦੇਸ਼ਾਂ ਵਿਚਾਲੇ ਵਪਾਰ ਵਧਾਉਣ ਲਈ ਨਿਰੰਤਰ ਯਤਨਸ਼ੀਲ ਹਨ। ਉਨਾਂ ਕਿਹਾ ਕਿ ਦੋਵੇਂ ਦੇਸ਼ 'ਇੰਡੋ ਪੈਸੀਫਿਕ ਇਕਨਾਮਿਕ ਫਰੇਮਵਰਕ' ਤਹਿਤ ਆਰਥਿਕ ਸਬੰਧ ਮਜਬੂਤ ਕਰਨ ਲਈ ਅੱਗੇ ਵਧਣ ਵਾਸਤੇ ਤਿਆਰ ਹਨ। ਇਹ ਭਾਵੇਂ ਆਪਣੇ ਆਪ ਵਿਚ ਮੁਕਤ ਵਪਾਰ ਸਮਝੌਤਾ ਨਹੀਂ ਹੈ ਪਰੰਤੂ ਇਸ ਨਾਲ ਦੋਨਾਂ ਦੇਸ਼ਾਂ ਦੇ ਕਾਰੋਬਾਰੀਆਂ ਵਿਚਾਲੇ ਭਾਈਵਾਲੀ ਵਿੱਚ ਸਹਾਇਤਾ ਮਿਲੇਗੀ ਤੇ ਵਪਾਰ ਦੀਆਂ ਹੋਰ ਸੰਭਾਵਨਾਵਾਂ ਪੈਦਾ ਹੋਣਗੀਆਂ। ਵਣਜ ਤੇ ਸਨਅਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਰਤ ਹੋਰ ਅਨੇਕਾਂ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਲਈ ਯਤਨਸ਼ੀਲ ਹੈ ਤੇ ਇਸ ਸਬੰਧੀ ਗੱਲਬਾਤ ਹੋ ਰਹੀ ਹੈ। ਸ਼੍ਰੀ ਗੋਇਲ ਨੇ ਕਿਹਾ ਅਡੋਬ ਵਰਗੀ ਅਮਰੀਕੀ ਕਾਰਪੋਰੇਸ਼ਨ ਦੇ ਸੀ ਈ ਓ ਸਮੇਤ ਹੋਰ ਕਈ ਵੱਡੇ ਕਾਰੋਬਾਰੀਆਂ ਨਾਲ ਉਨਾਂ ਦੀ ਗੱਲਬਾਤ ਹੋਈ ਹੈ ਜਿਨਾਂ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ ਤੇ ਦੋਨਾਂ ਦੇਸ਼ਾਂ ਵਿਚਾਲੇ ਵਪਾਰ ਵਧਾਉਣ ਲਈ ਅਹਿਮ ਸੁਝਾਅ ਦਿੱਤੇ ਹਨ। ਇਸ ਤੋਂ ਪਹਿਲਾਂ ਸ਼੍ਰੀ ਗੋਇਲ ਨੇ ਸਨਫਰਾਂਸਿਸਕੋ ਸਥਿੱਤ ਗਦਰ ਯਾਦਗਾਰ ਵਿਖੇ ਮਹਾਤਮਾ ਗਾਂਧੀ ਦੇ ਬੁੱਤ 'ਤੇ ਸ਼ਰਧਾ ਦੇ ਫੁਲ ਭੇਟ ਕੀਤੇ।
Comments (0)