ਲਖੀਮਪੁਰ ਮਾਮਲੇ 'ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਖਿਲਾਫ ਕਾਰਵਾਈ ਦੇ ਪੱਖ 'ਚ ਨਹੀਂ ਭਾਜਪਾ ਲੀਡਰਸ਼ਿਪ
ਸੰਸਦ 'ਚ ਹੰਗਾਮੇ ਅਤੇ ਵਿਰੋਧੀ ਧਿਰ ਦੀ ਮੰਗ ਤੋਂ ਬੇਪ੍ਰਵਾਹ ਹੈ ਅਜੈ ਮਿਸ਼ਰਾ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਲਖੀਮਪੁਰ ਖੇੜੀ ਮਾਮਲੇ ਨੂੰ ਲੈ ਕੇ ਸਮੁੱਚੀ ਵਿਰੋਧੀ ਧਿਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਅਸਤੀਫ਼ੇ ਦੀ ਮੰਗ ਲਈ ਸਰਕਾਰ 'ਤੇ ਦਬਾਅ ਬਣਾ ਰਹੀ ਹੈ। ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਵੀ ਇਸ ਮੁੱਦੇ ਕਾਰਨ ਕਾਰਵਾਈ ਵਿੱਚ ਵਿਘਨ ਪੈ ਰਿਹਾ ਹੈ ਪਰ ਭਾਜਪਾ ਲੀਡਰਸ਼ਿਪ ਮੰਤਰੀ ਅਜੈ ਮਿਸ਼ਰਾ ਟੈਣੀ ਖ਼ਿਲਾਫ਼ ਕਾਰਵਾਈ ਦੇ ਹੱਕ ਵਿੱਚ ਨਹੀਂ ਹੈ। ਇੱਦਾ ਦੀ ਜਾਣਕਾਰੀ ਮੀਡੀਆ ਵਿਚ ਨਸ਼ਰ ਹੋ ਰਹੀ ਹੈ। ਅਜੈ ਮਿਸ਼ਰਾ ਨੂੰ ਕੇਂਦਰੀ ਮੰਤਰੀ ਪ੍ਰੀਸ਼ਦ ਤੋਂ ਨਹੀਂ ਹਟਾਇਆ ਜਾਵੇਗਾ ਕਿਉਂਕਿ ਭਾਜਪਾ ਲੀਡਰਸ਼ਿਪ ਦਾ ਮੰਨਣਾ ਹੈ ਕਿ ਸਪੈਸ਼ਲ ਜਾਂਚ ਟੀਮ ਦੀ ਰਿਪੋਰਟ ਅੰਤਿਮ ਨਹੀਂ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਚੱਲ ਰਹੀ ਹੈ। ਵੈਸੇ ਵੀ ਪਿਤਾ ਨੂੰ ਪੁੱਤਰ ਦੇ ਕੀਤੇ ਦੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਅਜੈ ਮਿਸ਼ਰਾ ਵਲੋਂ ਬੀਤੇ ਦਿਨੀਂ ਪੱਤਰਕਾਰਾਂ ਪ੍ਰਤੀ ਰਵੱਈਏ ਨੂੰ ਯਕੀਨੀ ਤੌਰ 'ਤੇ ਗਲਤ ਮੰਨਿਆ ਗਿਆ ਹੈ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ।
ਵਰਨਣਯੋਗ ਹੈ ਕਿ ਲਖੀਮਪੁਰ ਖੇੜੀ ਮਾਮਲਾ ਸੰਸਦ ਵਿੱਚ ਪਾਰਟੀਆਂ ਦੇ ਟਕਰਾਅ ਦਾ ਨਵਾਂ ਕਾਰਨ ਬਣ ਗਿਆ ਹੈ। ਐਸਆਈਟੀ ਦੀ ਰਿਪੋਰਟ ਤੋਂ ਬਾਅਦ ਵਿਰੋਧੀ ਧਿਰ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਰਿਪੋਰਟ 'ਚ ਉਨ੍ਹਾਂ ਦੇ ਬੇਟੇ 'ਤੇ ਜਾਣਬੁੱਝ ਕੇ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ, ਜਦਕਿ ਸਰਕਾਰ ਅਜੇ ਵੀ ਆਪਣੇ ਮੰਤਰੀ 'ਤੇ ਕਾਇਮ ਹੈ। ਰਾਜ ਸਭਾ 'ਚ ਵੀਰਵਾਰ ਨੂੰ ਕਾਂਗਰਸ ਨੇਤਾ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਟੈਨੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਬੁੱਧਵਾਰ ਨੂੰ ਸੰਸਦ ਭਵਨ 'ਚ ਲਖੀਮਪੁਰ ਮਾਮਲੇ ਦੀ ਗੂੰਜ ਸੁਣਾਈ ਦਿੱਤੀ। ਲੋਕ ਸਭਾ 'ਚ ਰਾਹੁਲ ਗਾਂਧੀ ਨੇ ਇਸ ਮਾਮਲੇ 'ਚ ਐਡਜਸਟਮੈਂਟ ਨੋਟਿਸ ਦਿੱਤਾ ਸੀ, ਜਿਸ ਨੂੰ ਸਪੀਕਰ ਨੇ ਰੱਦ ਕਰ ਦਿੱਤਾ ਸੀ।
ਖਾਸ ਗੱਲ ਇਹ ਹੈ ਕਿ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਲਖੀਮਪੁਰ ਖੇੜੀ ਮਾਮਲੇ ਵਿੱਚ ਇਹ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦੀ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਸੀ। ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਮਾਮਲੇ 'ਚ ਮੁੱਖ ਦੋਸ਼ੀ ਹੈ। ਮਾਮਲੇ ਦੀ ਜਾਂਚ ਕਰ ਰਹੀ ਟੀਮ ਨੇ ਜੱਜ ਨੂੰ ਲਿਖਿਆ ਹੈ ਕਿ ਆਸ਼ੀਸ਼ ਮਿਸ਼ਰਾ 'ਤੇ ਲੱਗੇ ਦੋਸ਼ਾਂ ਨੂੰ 'ਸੋਧਿਆ' ਜਾਣਾ ਚਾਹੀਦਾ ਹੈ।ਸੰਸਦ ਵਿੱਚ ਅਸਤੀਫ਼ੇ ਦੀ ਵਿਰੋਧੀ ਧਿਰ ਦੀ ਮੰਗ ਤੋਂ ਬੇਖ਼ਬਰ ਕੇਂਦਰੀ ਮੰਤਰੀ ਟੇਨੀ ਨੇ ਅੱਜ ਫ਼ੇਸਬੁੱਕ 'ਤੇ ਗ੍ਰਹਿ ਮੰਤਰਾਲੇ ਵਿੱਚ ਹੋਈ ਕਾਨਫਰੰਸ ਦਾ ਵੀਡੀਓ ਪੋਸਟ ਕੀਤਾ। ਨਰਿੰਦਰ ਮੋਦੀ ਦੀ ਸਰਕਾਰ ਵਿੱਚ ਗ੍ਰਹਿ ਮੰਤਰਾਲੇ ਦੇ ‘ਜੂਨੀਅਰ ਮੰਤਰੀ’ ਅਜੈ ਮਿਸ਼ਰਾ ਨੇ ਹੁਣ ਤੱਕ ਕਿਸੇ ਵੀ ਕਾਰਵਾਈ ਤੋਂ ਬਚਿਆ ਹੈ। ਭਾਜਪਾ ਨੇ ਅਜੈ ਮਿਸ਼ਰਾ ਨੂੰ ਹਟਾਉਣ ਤੋਂ ਇਨਕਾਰ ਕੀਤਾ ਹੈ ਅਤੇ ਉਨ੍ਹਾਂ ਦੀ ਫੇਸਬੁੱਕ ਪੋਸਟ ਤੋਂ ਪਤਾ ਲੱਗਦਾ ਹੈ ਕਿ ਉਹ ਸੰਸਦ 'ਚ ਹੰਗਾਮੇ ਅਤੇ ਵਿਰੋਧੀ ਧਿਰ ਦੀ ਮੰਗ ਤੋਂ ਬੇਪ੍ਰਵਾਹ ਹੈ। ਅਜੈ ਮਿਸ਼ਰਾ ਰੋਜ਼ਾਨਾ ਆਪਣੇ ਦਫ਼ਤਰ ਪਹੁੰਚ ਰਹੇ ਹਨ।
Comments (0)