ਸੱਜਣ ਕੁਮਾਰ ਦੇ ਖਿਲਾਫ ਦਿੱਲੀ ਦੀ ਅਦਾਲਤ ਵਿਚ ਜਸਵੰਤ ਸਿੰਘ ਤੇ ਉਸਦੇ ਪੁੱਤਰ ਤਰੁਣਦੀਪ ਸਿੰਘ ਨੂੰ ਜਿਉਂਦਾ ਸਾੜਨ ਦੇ ਕੇਸ ਵਿਚ ਦੋਸ਼ ਹੋਏ ਆਇਦ
ਇਸ ਮਾਮਲੇ ਵਿਚ ਦਰਜ਼ ਹੋਈਆਂ ਹਨ ਗੰਭੀਰ ਧਾਰਾਵਾਂ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ 1984 ਦੇ ਸਿੱਖ ਕਤਲੇਆਮ ਵੇਲੇ ਸਰਬਸਵਤੀ ਨਗਰ ਪੁਲਿਸ ਥਾਣੇ ਅਧੀਨ ਆਉਂਦੇ ਇਲਾਕੇ ਵਿਚ ਰਹਿਣ ਵਾਲੇ ਜਸਵੰਤ ਸਿੰਘ ਤੇ ਉਸਦੇ ਪੁੱਤਰ ਤਰੁਣਦੀਪ ਸਿੰਘ ਨੂੰ ਜਿਉਂਤਾ ਸਾੜਨ ਦੇ ਕੇਸ ਵਿਚ ਸੱਜਣ ਕੁਮਾਰ ਦੇ ਖਿਲਾਫ ਅੱਜ ਦਿੱਲੀ ਦੀ ਅਦਾਲਤ ਵਿਚ ਦੋਸ਼ ਆਇਦ ਹੋਣ ਤੋਂ ਬਾਅਦ ਉਸਨੁੰ ਦੂਜੇ ਕੇਸ ਵਿਚ ਵੀ ਸਜ਼ਾ ਮਿਲਣੀ ਤੈਅ ਹੋ ਗਈ ਹੈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਨੇ ਕਿਹਾ ਕਿ 1984 ਦੇ ਕਤਲੇਆਮ ਵੇਲੇ ਸੱਜਣ ਕੁਮਾਰ ਦੀ ਅਗਵਾਈ ਵਾਲੀ ਭੀੜ ਵੰਲੋਂ 15 ਰਾਜ ਨਗਰ ਦਿੱਲੀ ਦੇ ਰਹਿਣ ਵਾਲੇ ਦੋਵਾਂ ਪਿਓ ਪੁੱਤਰਾਂ ਨੁੰ ਜਿਉਂਦਾ ਸਾੜ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਅੱਜ ਸ੍ਰੀ ਐਮ ਕੇ ਨਾਗਪਾਲ ਸਪੈਸ਼ਲ ਜੱਜ ਰੋਜ਼ ਅਵੈਨਿਊ ਕੋਰਟ ਦੀ ਅਦਾਲਤ ਵੱਲੋਂ ਅੱਜ ਸੱਜਣ ਕੁਮਾਰ ਦੇ ਖਿਲਾਫ ਧਾਰਾ 147, 148, 149, 302, 308, 323, 395, 397, 427, 436 440 ਅਤੇ 149 ਆਈ ਪੀ ਸੀ ਦੇ ਤਹਿਤ ਦੋਸ਼ ਆਇਦ ਕੀਤੇ ਗਏ ਹਨ।
ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਜ ਸੁਣਵਾਈ ਦੌਰਾਨ ਸੱਜਣ ਕੁਮਾਰ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਜਦੋਂ ਕਿ ਦਿੱਲੀ ਕਮੇਟੀ ਦੀ ਲੀਗਲ ਟੀਮ ਤੇ ਸਰਕਾਰੀ ਧਿਰ ਨੇ ਸੱਜਣ ਕੁਮਾਰ ਨੁੰ ਦੋਸ਼ੀ ਦੱਸਿਆ। ਇਸ ਮਾਮਲੇ ਵਿਚ ਹੁਣ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਹੋਵੇਗੀ ਤੇ ਸਬੰਧਤ ਧਿਰਾਂ ਦੀਆਂ ਦਲੀਲਾਂ ਪੇਸ਼ ਕੀਤੀਆਂ ਜਾਣਗੀਆਂ।ਸਰਦਾਰ ਕਾਲਕਾ ਨੇ ਕਿਹਾ ਕਿ ਸਾਨੂੰ ਅਕਾਲ ਪੁਰਖ 'ਤੇ ਪੂਰਾ ਵਿਸ਼ਵਾਸ ਹੈ ਕਿ ਇਸ ਕੇਸ ਵਿਚ ਵੀ ਸੱਜਣ ਕੁਮਾਰ ਦੋਸ਼ੀ ਕਰਾਰ ਦਿੱਤਾ ਜਾਵੇਗਾ ਤੇ ਪਹਿਲਾਂ ਹੀ ਜੇਲ੍ਹ ਵਿਚ ਮੌਤ ਤੱਕ ਉਮਰ ਕੈਦ ਕੱਟ ਰਹੇ ਸੱਜਣ ਕੁਮਾਰ ਨੁੰ ਹੋਰ ਸਜ਼ਾ ਮਿਲੇਗੀ। ਉਹਨਾਂ ਕਿਹਾ ਕਿ ਇਸ ਕੇਸ ਵਿਚ ਸੱਜਣ ਕੁਮਾਰ ਨੁੰ ਸਜ਼ਾ ਮਿਲਣ ਨਾਲ 1984 ਦੇ ਸਿੱਖ ਕਤਲੇਆਮ ਦੇ ਪੀੜ੍ਹਤ ਪਰਿਵਾਰਾਂ ਦੇ ਕਾਲਜੇ ਵਿਚ ਠੰਢ ਪਵੇਗੀ ਤੇ ਆਖਰਕਾਰ ਨਿਆਂ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਤੇ ਅਕਾਲੀ ਦਲ ਨੇ 37 ਸਾਲਾਂ ਤੋਂ ਨਿਆਂ ਵਾਸਤੇ ਲੰਬੀ ਲੜਾਈ ਲੜੀ ਹੈ।
Comments (0)