ਲਾਟਰੀ ਰਾਹੀਂ ਚੁਣੇ ਗਏ ਨਵ-ਨਿਯੁਕਤ ਡੀਐਸਜੀਐਮਸੀ ਮੈਂਬਰ ਮਹਿੰਦਰ ਸਿੰਘ ਨੇ ਸਰਨਾ ਅਤੇ ਜੀ.ਕੇ. ਨੂੰ ਦਿਤਾ ਆਪਣਾ ਸਮਰਥਨ 

ਲਾਟਰੀ ਰਾਹੀਂ ਚੁਣੇ ਗਏ ਨਵ-ਨਿਯੁਕਤ ਡੀਐਸਜੀਐਮਸੀ ਮੈਂਬਰ ਮਹਿੰਦਰ ਸਿੰਘ ਨੇ ਸਰਨਾ ਅਤੇ ਜੀ.ਕੇ. ਨੂੰ ਦਿਤਾ ਆਪਣਾ ਸਮਰਥਨ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ "ਸਹਿ ਵਿਕਲਪ" ਚੋਣਾਂ ਵਿੱਚ ਲਾਟਰੀ ਪ੍ਰਣਾਲੀ ਤਹਿਤ ਚੁਣੇ ਗਏ ਨਵ-ਨਿਯੁਕਤ ਮੈਂਬਰ ਮਹਿੰਦਰ ਸਿੰਘ ਨੇ ਬੁੱਧਵਾਰ ਨੂੰ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ.ਕੇ. ਦਾ ਸਮਰਥਨ ਕੀਤਾ । ਦਸ ਦੇਈਏ ਕਿ  ਡੀਐਸਜੀਐਮਸੀ ਐਕਟ-1971, 82 ਉਪ-ਧਾਰਾ ਦੇ ਤਹਿਤ, ਦੋ ਮੈਂਬਰਾਂ ਦੀ ਚੋਣ ਲਾਟਰੀ ਪ੍ਰਣਾਲੀ ਰਾਹੀਂ ਕੀਤੀ ਜਾਂਦੀ ਹੈ। ਜਿਸ ਦਾ ਅਧਿਕਾਰ ਖੇਤਰ ਚੋਣ ਉਪਰੰਤ ਨਿਯੁਕਤ ਕੀਤੇ ਗਏ ਮੈਂਬਰਾਂ ਦੇ ਬਰਾਬਰ ਹੁੰਦਾ ਹੈ।ਨਵੇਂ ਮੈਂਬਰ ਦਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਅਤੇ ਜਾਗੋ ਪਾਰਟੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ "ਮਹਿੰਦਰ ਸਿੰਘ ਜੀ ਇੱਕ ਸ਼ਰਧਾਵਾਨ ਅਤੇ ਵਫ਼ਾਦਾਰ ਵਿਅਕਤੀ ਹਨ। ਉਹਨਾਂ ਦੇ ਆਉਣ ਨਾਲ ਭ੍ਰਿਸ਼ਟਾਚਾਰ ਨੂੰ ਜੜੋਂ ਪੁੱਟਣ ਦੇ ਸਾਡੇ ਸੰਕਲਪ ਨੂੰ ਨਵੀਂ ਤਾਕਤ ਮਿਲੇਗੀ। ਭ੍ਰਿਸ਼ਟ ਲੋਕ ਆਪਣੀ ਹੋਂਦ ਬਚਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ ਤੇ ਉਹਨਾਂ ਦੇ ਕੁਕਰਮਾਂ ਦਾ ਸਫ਼ਰ ਜਾਰੀ ਹੈ। ਸ਼ਾਇਦ ਬਹੁਤਾ ਸਮਾਂ ਨਾ ਲੱਗੇ। ਅਸੀਂ ਡੀਐਸਜੀਐਮਸੀ ਕਮੇਟੀ-2021 ਬਣਾਉਣ ਜਾ ਰਹੇ ਹਾਂ। ਅਕਾਲਪੁਰਖ ਦੀਆਂ ਅਸੀਸਾਂ ਅਤੇ ਸਮੂਹ ਸੰਪਰਦਾਵਾਂ ਦਾ ਸਮਰਥਨ ਸਾਡੇ ਨਾਲ ਹੈ।"ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮੈਂਬਰਾਂ ਨੂੰ ਕਿਹਾ ਕਿ ਉਹ ਕਿਸੇ ਵੀ ਕਿਸਮ ਦੇ ਲੋਕ-ਲੁਭਾਊ ਵਾਅਦਿਆਂ ਅਤੇ ਲਾਲਚਾਂ ਦਾ ਸ਼ਿਕਾਰ ਹੋਣ ਤੋਂ ਗੁਰੇਜ਼ ਕਰਨ।ਸਵਾਗਤ ਸਮਾਰੋਹ ਵਿੱਚ ਡੀਐਸਜੀਐਮਸੀ ਦੇ ਸੀਨੀਅਰ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਜਾਗੋ ਪਾਰਟੀ ਦੇ ਸੀਨੀਅਰ ਮੈਂਬਰ ਹਾਜ਼ਰ ਸਨ।