ਸੁਪਰੀਮ ਕੋਰਟ ਦੇ ਜੱਜਾਂ ਵਲੋਂ ਕਾਲੇਜੀਅਮ ਵਿਚ 2 ਸਿੱਖ ਜੱਜ ਬਣਾਉਣ ਲਈ ਕੀਤੀ ਸਿਫਾਰਿਸ ਨੂੰ ਨਜ਼ਰਅੰਦਾਜ ਕਰਕੇ ਮੋਦੀ ਹਕੂਮਤ ਨੇ ਸਿੱਖ ਵਿਰੋਧੀ ਹੋਣ ਦਾ ਖੁਦ ਹੀ ਦਿੱਤਾ ਸਬੂਤ: ਮਾਨ

ਸੁਪਰੀਮ ਕੋਰਟ ਦੇ ਜੱਜਾਂ ਵਲੋਂ ਕਾਲੇਜੀਅਮ ਵਿਚ 2 ਸਿੱਖ ਜੱਜ ਬਣਾਉਣ ਲਈ ਕੀਤੀ ਸਿਫਾਰਿਸ ਨੂੰ ਨਜ਼ਰਅੰਦਾਜ ਕਰਕੇ ਮੋਦੀ ਹਕੂਮਤ ਨੇ ਸਿੱਖ ਵਿਰੋਧੀ ਹੋਣ ਦਾ ਖੁਦ ਹੀ ਦਿੱਤਾ ਸਬੂਤ: ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 21 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- “ਇਕ ਪਾਸੇ ਸ੍ਰੀ ਮੋਦੀ ਵਜੀਰ ਏ ਆਜਮ ਇੰਡੀਆ ਵੱਲੋਂ ਬੀਤੇ ਕੱਲ੍ਹ ਰਾਜਸਥਾਂਨ ਦੇ ਹਨੂੰਮਾਨਗੜ੍ਹ ਵਿਚ ਚੋਣ ਰੈਲੀ ਵਿਚ ਤਕਰੀਰ ਕਰਦੇ ਹੋਏ ਸਿੱਖ ਗੁਰੂ ਸਾਹਿਬਾਨ ਜੀ ਦੇ ਔਕੜਾਂ ਤੇ ਕੁਰਬਾਨੀ ਭਰੇ ਜੀਵਨ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਨਜ਼ਰ ਆ ਰਹੇ ਹਨ । ਦੂਸਰੇ ਪਾਸੇ ਇਸੇ ਰਾਜਸਥਾਂਨ ਦੇ ਅਲਵਰ ਸਹਿਰ ਵਿਚ 02 ਨਵੰਬਰ ਨੂੰ ਯੂਪੀ ਦੇ ਮੁੱਖ ਮੰਤਰੀ ਸ੍ਰੀ ਅਦਿਤਿਆਨਾਥ ਯੋਗੀ ਦੀ ਹਾਜਰੀ ਵਿਚ ਬੀਜੇਪੀ-ਆਰ.ਐਸ.ਐਸ ਦੇ ਇਕ ਫਿਰਕੂ ਆਗੂ ਸੰਦੀਪ ਦਾਏਮਾ ਤੋ ਵੱਡੇ ਇਕੱਠ ਵਿਚ ਸਿੱਖ ਕੌਮ ਦੇ ਗੁਰੂਘਰਾਂ ਅਤੇ ਮੁਸਲਿਮ ਕੌਮ ਦੀਆਂ ਮਸਜਿਦਾਂ ਨੂੰ ‘ਨਾਸੂਰ’ ਐਲਾਨ ਕੇ ਦੋਵਾਂ ਕੌਮਾਂ ਦੇ ਧਾਰਮਿਕ ਸਥਾਨਾਂ ਨੂੰ ਇੰਡੀਆ ਵਿਚੋ ਖਤਮ ਕਰਨ ਦਾ ਸ਼ਰੇਆਮ ਨਫਰਤ ਤੇ ਫਿਰਕੂ ਭਰਿਆ ਪ੍ਰਚਾਰ ਕਰਦੇ ਹਨ । ਫਿਰ ਸੈਂਟਰ ਦੇ ਹੁਕਮਰਾਨਾਂ ਦੀ ਘੱਟ ਗਿਣਤੀ ਸਿੱਖ ਅਤੇ ਮੁਸਲਿਮ ਕੌਮ ਪ੍ਰਤੀ ਅਸਲੀਅਤ ਵਿਚ ਕੀ ਸੋਚ ਤੇ ਅਮਲ ਹਨ, ਉਸ ਬਾਰੇ ਸ੍ਰੀ ਮੋਦੀ ਜਨਤਕ ਤੌਰ ਤੇ ਬਤੌਰ ਵਜੀਰ ਏ ਆਜਮ ਦੇ ਆਪਣੀ ਇੰਡੀਅਨ ਪਾਲਸੀ ਜਾਰੀ ਕਰਕੇ ਸਾਨੂੰ ਦੱਸਣ ਕਿ ਸਾਡੇ ਨਾਲ ਇਨ੍ਹਾਂ ਨੇ ਵਿਧਾਨਿਕ, ਸਮਾਜਿਕ, ਮਾਲੀ, ਧਾਰਮਿਕ ਤੇ ਇਖਲਾਕੀ ਤੌਰ ਤੇ ਕਿਵੇ ਵਿਚਰਣਾ ਹੈ ? ਫਿਰ ਸਿੱਖ ਕੌਮ ਵੀ ਨਿੱਠਕੇ ਫੈਸਲਾ ਕਰ ਸਕੇ ਕਿ ਅਜਿਹੇ ਨਫਰਤ ਭਰੇ ਹਾਲਾਤਾਂ ਵਿਚ ਅਸੀ ਰਹਿਣਾ ਹੈ ਜਾਂ ਨਹੀ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਂਟਰ ਦੀ ਮੌਜੂਦਾ ਫਿਰਕੂ ਮੋਦੀ ਹਕੂਮਤ ਦੀ ਕਥਨੀ ਅਤੇ ਕਰਨੀ ਵਿਚ ਵੱਡਾ ਅੰਤਰ ਹੋਣ ਅਤੇ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ, ਧਾਰਮਿਕ, ਸਮਾਜਿਕ, ਇਖਲਾਕੀ ਹੱਕਾਂ ਨੂੰ ਕੁੱਚਲਕੇ ਉਨ੍ਹਾਂ ਉਤੇ ਅਣਮਨੁੱਖੀ ਢੰਗ ਨਾਲ ਜ਼ਬਰ ਜੁਲਮ ਕਰਨ ਦੇ ਅਮਲਾਂ ਉਤੇ ਸਖਤ ਨੋਟਿਸ ਲੈਦੇ ਹੋਏ ਅਤੇ ਮੋਦੀ ਹਕੂਮਤ ਨੂੰ ਸਪੱਸਟ ਰੂਪ ਵਿਚ ਘੱਟ ਗਿਣਤੀ ਕੌਮਾਂ ਪ੍ਰਤੀ ਪਾਲਸੀ ਦਾ ਪ੍ਰਤੱਖ ਰੂਪ ਵਿਚ ਖੁਲਾਸਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੀ ਸਿੱਖ ਵਿਰੋਧੀ ਸੋਚ ਦੇ ਅਮਲ ਉਸ ਸਮੇ ਪ੍ਰਤੱਖ ਰੂਪ ਵਿਚ ਸਾਹਮਣੇ ਆ ਜਾਂਦੇ ਹਨ ਜਦੋ ਸੁਪਰੀਮ ਕੋਰਟ ਦੇ 2 ਜੱਜਾਂ ਦੇ ਬੈਂਚ ਨੇ ਆਪਣੇ ਕਾਲੇਜੀਅਮ ਵਿਚ ਨਵੇ 5 ਜੱਜਾਂ ਦੀ ਨਿਯੁਕਤੀ ਦੀ ਸਿਫਾਰਿਸ ਕਰਦੇ ਹੋਏ 2 ਸਿੱਖ ਜੱਜਾਂ ਸ. ਹਰਮੀਤ ਸਿੰਘ ਗਰੇਵਾਲ ਅਤੇ ਸ. ਦੀਪਇੰਦਰ ਸਿੰਘ ਨਲਵਾ ਦੇ ਨਾਵਾਂ ਦੀ ਸਿਫਾਰਿਸ ਵੀ ਕੀਤੀ ਸੀ । ਲੇਕਿਨ ਬੀਜੇਪੀ-ਆਰ.ਐਸ.ਐਸ ਦੀ ਮੋਦੀ-ਸ਼ਾਹ ਦੀ ਜੋੜੀ ਨੇ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਅਮਲ ਕਰਦੇ ਹੋਏ ਉਪਰੋਕਤ ਕੀਤੀ ਗਈ ਸਿੱਖ ਜੱਜਾਂ ਦੀ ਸਿਫਾਰਿਸ ਨੂੰ ਨਜਰ ਅੰਦਾਜ ਕਰਕੇ ਕੇਵਲ ਸੁਪਰੀਮ ਕੋਰਟ ਦੇ ਉੱਚੇ ਰੁਤਬੇ ਦੀ ਨੀਤੀ ਦਾ ਅਪਮਾਨ ਕਰਕੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਹਕੂਮਤ ਸਿੱਖ ਕੌਮ ਵਿਰੋਧੀ ਹੈ ।

ਇਸ ਲਈ ਸਿੱਖ ਕੌਮ ਨੂੰ ਇਨ੍ਹਾਂ ਉਤੇ ਕੋਈ ਉਮੀਦ ਨਹੀ ਰੱਖਣੀ ਚਾਹੀਦੀ । ਬਲਕਿ ਬਿਨ੍ਹਾਂ ਕਿਸੇ ਝਿਜਕ ਅਤੇ ਦ੍ਰਿੜਤਾ ਨਾਲ ਆਪਣੇ ਮਿੱਥੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਲਈ ਸੰਜੀਦਗੀ ਭਰੀਆ ਕਾਰਵਾਈਆ ਕਰਦੇ ਹੋਏ ਹਿੰਦੂ-ਇੰਡੀਆ, ਮੁਸਲਿਮ-ਪਾਕਿਸਤਾਨ, ਕਾਮਰੇਡ ਚੀਨ ਦੀ ਤ੍ਰਿਕੋਣ ਵਿਚਕਾਰ ਸਿੱਖ ਵਸੋ ਵਾਲੇ ਇਲਾਕਿਆ ਨੂੰ ਆਪਣੇ ਰਾਜ ਭਾਗ ਦੀਆਂ ਹੱਦਾਂ ਮੰਨਕੇ ਆਜਾਦ ਬਾਦਸਾਹੀ ਸਿੱਖ ਰਾਜ ਕਾਇਮ ਕਰਨ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਹੀ ਕਰਨੀ ਚਾਹੀਦੀ । ਅਜਿਹਾ ਅਮਲ ਕਰਕੇ ਹੀ ਅਸੀ ਆਪਣੀ ਕੌਮੀ ਅਣਖ-ਗੈਰਤ, ਸਵੈਮਾਨ, ਜਮਹੂਰੀਅਤ ਤੇ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖ ਸਕਦੇ ਹਾਂ ਅਤੇ ਆਪਣੀ ਸਰਬੱਤ ਦੇ ਭਲੇ ਦੀ ਮਨੁੱਖਤਾ ਪੱਖੀ ਖੂਸਬੋ ਰਾਹੀ ਸਮੁੱਚੇ ਸੰਸਾਰ ਨੂੰ ਰੌਸਨਾਉਣ ਦੇ ਫਰਜ ਅਦਾ ਕਰ ਸਕਦੇ ਹਾਂ ।