ਗੁਰਦੁਆਰਾ ਰਾਜੌਰੀ ਗਾਰਡਨ ਵਿਖੇ 10 ਕਮਰਿਆਂ ਵਾਲੀ ਸਰਾਂ ਸੰਗਤ ਨੂੰ ਸਮਰਪਿਤ ਕੀਤੀ ਗਈ

ਗੁਰਦੁਆਰਾ ਰਾਜੌਰੀ ਗਾਰਡਨ ਵਿਖੇ 10 ਕਮਰਿਆਂ ਵਾਲੀ ਸਰਾਂ ਸੰਗਤ ਨੂੰ ਸਮਰਪਿਤ ਕੀਤੀ ਗਈ

ਅੰਮ੍ਰਿਤਸਰ ਟਾਈਮਜ਼ ਬਿਊਰੋ 


ਨਵੀਂ ਦਿੱਲੀ, 8 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿਖੇ ਬਣੀ 10 ਕਮਰਿਆਂ ਵਾਲੀ ਸਰਾਂ ਦਾ ਅੱਜ ਉਦਘਾਟਨ ਕੀਤਾ ਗਿਆ। ਇਸ ਦਾ ਨਾਂ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਰੱਖਿਆ ਗਿਆ ਹੈ।  ਸਰਾਂ ਦਾ ਉਦਘਾਟਨ ਆਯੂਰ ਹਰਬਲਜ਼ ਦੇ ਐਮਡੀ ਮਨਮਿੰਦਰ ਸਿੰਘ ਆਯੂਰ ਅਤੇ ਆਲ ਇੰਡੀਆ ਵਿਸ਼ਵਕਰਮਾ ਫੈਡਰੇਸ਼ਨ ਦੇ ਮੁਖੀ ਸੁਖਦੇਵ ਸਿੰਘ ਰਿਆਤ ਨੇ ਕੀਤਾ।  ਉਨ੍ਹਾਂ ਦਾ ਮੰਨਣਾ ਹੈ ਕਿ ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਸ਼ਾਇਦ ਦਿੱਲੀ ਦਾ ਪਹਿਲਾ ਅਜਿਹਾ ਗੁਰਦੁਆਰਾ ਸਾਹਿਬ ਹੋਵੇਗਾ, ਜਿੱਥੇ ਸੰਗਤਾਂ ਨੂੰ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ , ਰਿਹਾਇਸ਼ ਦੀ ਘਾਟ ਸੀ, ਉਹ ਵੀ ਅੱਜ ਪੂਰੀ ਹੋ ਗਈ ਹੈ, ਇਸ ਦਾ ਪੂਰਾ ਸਿਹਰਾ ਹਰਮਨਜੀਤ ਸਿੰਘ ਨੂੰ ਜਾਂਦਾ ਹੈ।  ਜਿਨ੍ਹਾਂ ਦੇ ਯਤਨਾਂ ਸਦਕਾ ਇਹ ਕੰਮ ਮੁਕੰਮਲ ਹੋ ਸਕਿਆ ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਜਦੋਂ ਪ੍ਰੋਗਰਾਮ ਹੁੰਦੇ ਸਨ ਤਾਂ ਦੂਜੇ ਸਟੇਟਾਂ ਤੋਂ ਆਉਣ ਵਾਲੇ ਰਾਗੀ ਸਿੰਘਾਂ ਅਤੇ ਪ੍ਰਚਾਰਕਾਂ ਨੂੰ ਰਿਹਾਇਸ਼ ਲਈ ਕਾਫੀ ਮੁਸ਼ਕਲਾ ਪੇਸ਼ ਆਉਂਦੀ ਸੀ ।  ਸੰਗਤਾਂ ਨੂੰ ਵੀ ਖੁਸ਼ੀ, ਗਮੀ ਦੇ ਮੌਕੇ ਤੇ ਬਾਹਰੋਂ ਆਏ ਆਪਣੇ ਰਿਸ਼ਤੇਦਾਰਾਂ ਵਾਸਤੇ ਮਹਿੰਗੇ ਹੋਟਲਾਂ ਵਿੱਚ ਰਿਹਾਇਸ਼ ਦਾ ਪ੍ਰਬੰਧ ਕਰਨਾ ਪੈਂਦਾ ਸੀ।  ਗੁਰਦੁਆਰਾ ਸਾਹਿਬ ਵਿਖੇ ਕੀਮੋਥੈਰੇਪੀ ਸੈਂਟਰ ਅਤੇ ਡਾਇਲਸਿਸ ਸੈਂਟਰ ਵੀ ਚੱਲ ਰਿਹਾ ਹੈ, ਜਿਸ ਕਾਰਨ ਦਿੱਲੀ ਦੇ ਬਾਹਰੋਂ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਲੋਕਾਂ ਨੂੰ ਵੀ  ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਇਸ ਸਰਾਂ ਦੇ ਬਣਨ ਨਾਲ ਸਾਰਿਆਂ ਨੂੰ ਲਾਭ ਹੋਵੇਗਾ।  
ਉਨ੍ਹਾਂ ਦੱਸਿਆ ਕਿ ਸਰਾਂ ਦੇ ਸਾਰੇ ਕਮਰੇ ਪੂਰੀ ਤਰ੍ਹਾਂ ਏਅਰ ਕੰਡੀਸ਼ਨ ਹਨ ਅਤੇ ਕਮਰਿਆਂ ਵਿਚ ਸਫ਼ਾਈ ਤੋਂ ਲੈ ਕੇ ਸਾਰੀਆਂ ਸਹੂਲਤਾਂ ਗੁਰੂ ਮਰਿਆਦਾ ਅਨੁਸਾਰ ਮੁਹੱਈਆ ਕਰਵਾਈਆਂ ਜਾਣਗੀਆਂ।  ਜੋ ਕਿ ਪੰਜ ਤਾਰਾ ਹੋਟਲਾਂ ਤੋਂ ਘੱਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਮਰੇ ਲਈ ਸੰਗਤ ਤੋਂ 1100 ਰੁਪਏ ਚਾਰਜ ਵਸੂਲ ਕੀਤਾ ਜਾਏਗਾ ਜਦਕਿ ਰਾਗੀ ਸਿੰਘਾਂ ਤੇ ਪ੍ਰਚਾਰਕਾਂ ਨੂੰ ਬਿਨਾਂ ਕਿਸੇ ਖਰਚੇ ਦੇ ਕਮਰੇ ਦਿੱਤੇ ਜਾਣਗੇ।
ਇਸ ਮੌਕੇ ਹਰਬੰਸ ਸਿੰਘ ਭਾਟੀਆ, ਹਰਿੰਦਰ ਸਿੰਘ, ਐਨ.ਐਸ ਭਾਟੀਆ, ਪ੍ਰੀਤ ਪ੍ਰਤਾਪ ਸਿੰਘ, ਤੇਜਿੰਦਰ ਸਿੰਘ ਗੋਯਾ, ਚਰਨਜੀਤ ਸਿੰਘ ਚੰਨੀ, ਐਚ.ਐਸ.ਸਬਰਵਾਲ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।  ਇਸਤਰੀ ਸਤਿਸੰਗ ਜਥੇ ਦੀਆਂ ਬੀਬੀਆਂ ਨੇ ਹਰਮਨਜੀਤ ਸਿੰਘ ਸਮੇਤ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਗੁਰੂ ਮਹਾਰਾਜ ਅੱਗੇ ਹਰਮਨਜੀਤ ਸਿੰਘ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਅਰਦਾਸ ਵੀ ਕੀਤੀ ਤਾਂ ਜੋ ਉਹ ਭਵਿੱਖ ਵਿੱਚ ਵੀ ਉਹ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ।