ਲਾਲ ਕਿਲੇ ਵਿਖੇ ਵੱਡੇ ਪੈਮਾਨੇ ’ਤੇ ਮਨਾਇਆ ਜਾਵੇਗਾ ਦਿੱਲੀ ਕਮੇਟੀ ਵੱਲੋਂ ਦਿੱਲੀ ਫ਼ਤਿਹ ਦਿਵਸ 

ਲਾਲ ਕਿਲੇ ਵਿਖੇ ਵੱਡੇ ਪੈਮਾਨੇ ’ਤੇ ਮਨਾਇਆ ਜਾਵੇਗਾ ਦਿੱਲੀ ਕਮੇਟੀ ਵੱਲੋਂ ਦਿੱਲੀ ਫ਼ਤਿਹ ਦਿਵਸ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੈਮਾਨੇ ਤੇ ਦਿੱਲੀ ਫ਼ਤਹਿ ਦਿਵਸ ਲਾਲ ਕਿਲੇ ਵਿਖੇ 6 ਤੋਂ 7 ਅਪ੍ਰੈਲ ਨੂੰ ਮਨਾਇਆ ਜਾਵੇਗਾ।ਅੱਜ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਦੀ ਅਗੁਵਾਈ ਹੇਠ ਧਰਮ ਪ੍ਰਚਾਰ ਦੇ ਚੇਅਰਮੈਨ ਕੋ-ਚੇਅਰਮੈਨ, ਸਕੂਲਾਂ ਦੇ ਪਿ੍ਰੰਸੀਪਲ ਤੇ ਕਮੇਟੀ ਮੈਂਬਰਾਂ ਦੀ ਮੌਜੁਦਗੀ ਚ ਪ੍ਰੋਗਰਾਮਾਂ ਦੀ ਰੂਪਰੇਖਾ ਉਲੀਕਣ ਲਈ ਮੀਟਿੰਗ ਬੁਲਾਈ ਗਈ ਸੀ ਜਿਸ ਵਿੱਚ ਸੰਭਾਵਿਤ ਫ਼ੈਸਲਾ ਲਿਆ ਗਿਆ ਕਿ 6 ਤੋਂ 7 ਅਪ੍ਰੈਲ ਦੌਰਾਨ ਦਿੱਲੀ ਦੇ ਲਾਲ ਕਿਲਾ ਵਿਖੇ ਫ਼ਤਿਹ ਦਿਵਸ ਮਨਾਇਆ ਜਾਵੇਗਾ। ਇਸ ਦੌਰਾਨ ਵਿਸ਼ੇਸ਼ ਕੀਰਤਨ ਦਰਬਾਰ, ਖਾਲਸਾਈ ਖੇਡ ਗਤਕੇ ਦਾ ਆਯੋਜਨ ਕੀਤਾ ਜਾਵੇਗਾ ਤੇ ਦਿੱਲੀ ਦੇ ਲਾਲ ਕਿਲੇ ਤੋਂ ਲੈ ਮਿਠਾਈਪੁਲ ਤਕ ਇੱਕ ਜਰਨੈਲੀ ਮਾਰਚ ਵੀ ਕੱਢਿਆ ਜਾਵੇਗਾ। ਇਸ ਮਾਰਚ ਵਿਚ ਤਖ਼ਤ ਸਾਹਿਬਾਨਾਂ ਦੇ ਜੱਥੇਦਾਰ ਸਾਹਿਬ, ਸੰਤ ਸਮਾਜ ਤੇ ਹੋਰ ਪੰਥਕ ਜੱਥੇਬੰਦੀਆਂ ਵੀ ਸ਼ਾਮਲ ਹੋਣਗੀਆਂ।

ਪ੍ਰੋਗਰਾਮ ਸਬੰਧੀ ਲੋੜੀਂਦੀ ਪਰਮਿਸ਼ਨਾਂ ਸਬੰਧਤ ਵਿਭਾਗ ਨੂੰ ਚਿੱਠੀ ਭੇਜ ਕੇ ਮੰਗੀਆਂ ਗਈਆਂ ਹਨ।

ਸ. ਕਾਲਕਾ ਨੇ ਦੱਸਿਆ ਕਿ 1783 ਈ. ਵਿਚ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੁਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ ਤੇ ਹੋਰ ਸਿੱਖ ਜਰਨੈਲਾਂ ਦੀ ਅਗੁਵਾਈ ਹੇਠ ਸਿੱਘਾਂ ਨੇ ਮੁਗਲ ਸ਼ਾਸਕ ਸ਼ਾਹ ਆਲਮ(।।) ਨੂੰ ਹਰਾ ਕੇ ਦਿੱਲੀ ਤੇ ਫ਼ਤਿਹ ਪ੍ਰਾਪਤ ਕੀਤੀ ਸੀ ਅਤੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਲਹਰਾਇਆ ਸੀ। ਜੋ ਕਿ ਆਪਣੇ ਆਪ ਵਿਚ ਇੱਕ ਇਤਿਹਾਸਕ ਘਟਨਾ ਸੀ ਅਤੇ ਅੱਜ ਵੀ ਉਸ ਦੇ ਨਿਸ਼ਾਨ ਦਿੱਲੀ ਚ ਮੌਜੁਦ ਹਨ ਜਿਵੇਂ ਤੀਸ ਹਜਾਰੀ ਕੋਰਟ ਦਾ ਨਾਂ ਸਿੱਖ ਦੀ 30,000 ਦੀ ਮਜਬੂਤ ਫ਼ੌਜ ਦੇ ਨਾਂ ਤੇ ਰੱਖਿਆ ਗਿਆ ਹੈ ਜਿਨ੍ਹਾਂ ਨੇ ਇਸ ਅਸਥਾਨ ਤੇ ਡੇਰਾ ਪਾਇਆ ਸੀ। ਜਦਕਿ ਮੋਰੀ ਗੇਟ ਦਾ ਨਾਂ ਲਾਲ ਕਿਲੇ ਅੰਦਰ ਦਾਖਲ ਹੋਣ ਲਈ ਸਿੱਖ ਸਿਪਾਹੀਆਂ ਵੱਲੋਂ ਦਿੱਲੀ ਦੀ ਦੀਵਾਰ ਤੇ ਮੋਰੀ ਬਣਾ ਕੇ ਦਿੱਲੀ ਦੇ ਅੰਦਰ ਦਾਖਲ ਹੋਏ ਇਸ ਲਈ ਇਸ ਥਾਂ ਦਾ ਨਾਂ ਮੋਰੀ ਗੇਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮਿਠਾਈ ਪੁੱਲ ਉਹ ਅਸਥਾਨ ਹੈ ਜਿੱਥੇ ਸਿੱਖ ਸਿਪਾਹੀ ਜਨਤਾ ਵਿਚ ਮਿਠਾਈਆਂ ਵੰਡਦੇ ਸਨ।

ਸ. ਕਾਹਲੋਂ ਨੇ ਦਿੱਲੀ ਸਰਕਾਰ ਨੂੰ ਸਿੱਖਾਂ ਦੀ ਮੰਗ ਦੁਹਰਾਈ ਕਿ ਕਿ ਦਿੱਲੀ ਫਤਹਿ ਦਿਵਸ ਦੇ ਇਤਿਹਾਸ ਨੂੰ ਦਿੱਲੀ ਦੇ ਸਕੂਲੀ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਵਿੱਚ ਗੌਰਵ ਦੀ ਭਾਵਨਾ ਪੈਦਾ ਕੀਤੀ ਜਾ ਸਕੇ ਕਿ ਕਿਸ ਤਰ੍ਹਾਂ ਮੂਲ ਭਾਰਤੀਆਂ ਨੇ ਵਿਦੇਸ਼ੀ ਹਮਲਾਵਰਾਂ ਦੀ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜ ਕੇ ਆਪਣਾ ਸੁਤੰਤਰ ਰਾਜ ਸਥਾਪਤ ਕੀਤਾ।ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਫ਼ਤਹਿ ਮਾਰਚ ਕੱਢਣ ਦਾ ਮਕਸਦ ਲੋਕਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਉਣਾ ਹੈ ਕਿ ਕਿਵੇਂ ਸਿੱਖ ਜਰਨੈਲਾਂ ਨੇ ਬਹਾਦਰੀ ਅਤੇ ਦਲੇਰੀ ਨਾਲ ਲਾਲ ਕਿਲੇ ਤੇ ਜਿੱਤ ਹਾਸਲ ਕੀਤੀ ਸੀ।ਮੀਟਿੰਗ ਦੌਰਾਨ ਸ. ਕਾਹਲੋਂ ਤੋਂ ਇਲਾਵਾ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਸੰਯੁਕਤ ਸਕੱਤਰ ਸ. ਜਸਮੇਨ ਸਿੰਘ ਨੋਨੀ, ਧਰਮ ਪ੍ਰਚਾਰ ਕਮੇਟੀ ਦੇ ਕਨਵੀਨਰ ਜਸਪ੍ਰੀਤ ਸਿੰਘ ਕਰਮਸਰ, ਕਮੇਟੀ ਕੋ-ਚੇਅਰਮੈਨ ਵਿਕਰਮ ਸਿੰਘ ਰੋਹਿਣੀ, ਕਮੇਟੀ ਮੈਂਬਰ ਗੁਰਮੀਤ ਸਿੰਘ ਭਾਟੀਆ, ਸੁਖਬੀਰ ਸਿੰਘ ਕਾਲੜਾ, ਜਤਿੰਦਰਪਾਲ ਸਿੰਘ ਗੋਲਡੀ, ਜੀ.ਐਚ.ਪੀ.ਐਸ ਸਕੂਲਾਂ ਦੇ ਪ੍ਰਿੰਸੀਪਲ ਅਤੇ ਹੋਰ ਕਮੇਟੀ ਸਟਾਫ਼ ਹਾਜ਼ਰ ਸੀ।