ਸਾਕਾ ਸ੍ਰੀ ਨਨਕਾਣਾ ਸਾਹਿਬ ਤੇ ਮੋਰਚਾ ਗੰਗਸਰ ਜੈਤੋ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ 21 ਫ਼ਰਵਰੀ ਨੂੰ ਗੁ. ਨਾਨਕ ਪਿਆਓ ਸਾਹਿਬ ਵਿਖੇ ਹੋਣਗੇ

ਸਾਕਾ ਸ੍ਰੀ ਨਨਕਾਣਾ ਸਾਹਿਬ ਤੇ ਮੋਰਚਾ ਗੰਗਸਰ ਜੈਤੋ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਸਮਾਗਮ 21 ਫ਼ਰਵਰੀ ਨੂੰ ਗੁ. ਨਾਨਕ ਪਿਆਓ ਸਾਹਿਬ ਵਿਖੇ ਹੋਣਗੇ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 21 ਫ਼ਰਵਰੀ ਨੂੰ ਗੁ. ਨਾਨਕ ਪਿਆਓ ਸਾਹਿਬ ਵਿਖੇ ਸਾਕਾ ਸ੍ਰੀ ਨਨਕਾਣਾ ਸਾਹਿਬ ਤੇ ਮੋਰਚਾ  ਗੰਗਸਰ ਜੈਤੋ ਨੂੰ ਸਮਰਪਿਤ ਹੋ ਕੇ ਵਿਸ਼ੇਸ਼ ਕੀਰਤਨ ਸਮਾਗਮ ਅੰਮ੍ਰਿਤ ਵੇਲੇ ਤੋਂ ਦੁਪਹਿਰ 1 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀਏ ਜੱਥਿਆਂ ਭਾਈ ਨਿਰਮਲ ਸਿੰਘ ਜੀ ਖਾਲਸਾ ਹਜੂਰੀ ਕੀਰਤਨੀਏ ਸੀਸਗੰਜ ਸਾਹਿਬ, ਭਾਈ ਬਚਿੱਤਰ ਸਿੰਘ ਜੀ ਹੈਡ ਗ੍ਰੰਥੀ ਨਾਨਕ ਪਿਆਉ ਸਾਹਿਬ, ਭਾਈ ਮਨੋਹਰ ਸਿੰਘ/ਗੁਰਿੰਦਰ ਸਿੰਘ ਜੀ ਹਜੂਰੀ ਕੀਰਤਨੀਏ ਸੀਸਗੰਜ ਸਾਹਿਬ, ਭਾਈ ਅਜੀਤ ਸਿੰਘ, ਭਾਈ ਕੁਲਬੀਰ ਸਿੰਘ ਹਜੂਰੀ ਕੀਰਤਨੀਏ ਸੀਸਗੰਜ ਸਾਹਿਬ, ਭਾਈ ਪ੍ਰੇਮ ਸਿੰਘ ਬੰਧੂ ਹਜੂਰੀ ਕੀਰਤਨੀਏ ਸੀਸਗੰਜ ਸਾਹਿਬ, ਭਾਈ ਸੁਰਜੀਤ ਸਿੰਘ ਜੀ ਰਸੀਲਾ ਹਜੂਰੀ ਕੀਰਤਨੀਏ ਦਰਬਾਰ ਸਾਹਿਬ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ ਜਾਵੇਗਾ ਤੇ ਕਥਾ ਵਾਚਕਾਂ ਦੁਆਰਾ ਸਾਕੇ ਦੇ ਇਤਿਹਾਸ ਤੇ ਚਾਨਣਾ ਪਾਇਆ ਜਾਵੇਗਾ।

ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਿੱਲੀ ਕਮੇਟੀ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਤੇ ਮੋਰਚਾ ਗੁਰਦੁਆਰਾ ਗੰਗਸਰ ਜੈਤੋ ਸਿੱਖ ਇਤਿਹਾਸ ਵਿਚ ਖਾਸ ਮਹੱਤਵ ਰੱਖਦੇ ਹਨ। ਨਨਕਾਣਾ ਸਾਹਿਬ ਸਾਕੇ ਦੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਖਾਲਸਾ ਰਾਜ ਤੋਂ ਬਾਅਦ ਅੰਗਰੇਜ਼ ਹਕੁਮਤ ਸਮੇਂ ਗੁਰਧਾਮਾਂ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਸੰਭਾਲੀ ਬੈਠੇ ਮਹੰਤਾਂ ਦੇ ਦਿਲਾਂ ਵਿਚ ਖੋਟ ਆ ਗਿਆ ਸੀ ਤੇ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਨੂੰ ਲੁੱਟਿਆ ਜਾਣ ਲੱਗਾ ਤੇ ਬੇਪਤੀ ਕੀਤੀ ਜਾਣ ਲੱਗੀ। ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਲਈ 21 ਫ਼ਰਵਰੀ 1921 ਨੂੰ ਸਿੰਘਾਂ ਦਾ ਜੱਥਾ ਸ਼ਾਂਤਮਈ ਢੰਗ ਨਾਲ ਨਨਕਾਣਾ ਸਾਹਿਬ ਪੁੱਜਾ ਜਿੱਥੇ ਮਹੰਤਾਂ ਦੇ ਗੁੰਡਿਆਂ ਨੇ ਗੋਲੀਆਂ, ਕੋਹਾੜੀਆਂ ਅਤੇ ਗੰਡਾਸਿਆਂ ਨਾਲ ਕੱਟ-ਕੁੱਟ ਕੇ ਤੇ ਕਈ ਸਿੰਘਾ ਨੂੰ ਜਿੰਦਾ ਹੀ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ । ਇਹ ਸਾਕਾ ਵੇਖ ਕੇ ਸਰਕਾਰ ਘਬਰਾ ਗਈ ਤੇ ਗੁਰਦੁਆਰੇ ਦਾ ਪ੍ਰਬੰਧ ਪੰਥ ਦੇ ਹੱਥਾਂ ਵਿੱਚ ਸੌਂਪ ਦਿੱਤਾ ਗਿਆ। ਇਹ ਇਕ ਇਤਿਹਾਸਕ ਘਟਨਾ ਹੈ।

ਉਸੇ ਤਰ੍ਹਾਂ ਉਨ੍ਹਾਂ ਮੋਰਚਾ ਗੁਰਦੁਆਰਾ ਗੰਗਸਰ ਜੈਤੋ ਬਾਰੇ ਕਿਹਾ ਕਿ ਅੰਗਰੇਜ ਸਰਕਾਰ ਨੇ ਕਈ ਹਜ਼ਾਰ ਸਿੰਘਾਂ ਨੂੰ ਜੇਲ੍ਹਾਂ ਚ ਅਨੇਕ ਤਸੀਹੇ ਦਿੱਤੇ ਤੇ 400 ਤੋਂ ਵੱਧ ਸਿੰਘ ਸ਼ਹੀਦ ਹੋਏ। ਪਰ ਸਿੰਘਾਂ ਵੱਲੋਂ 21 ਫ਼ਰਵਰੀ 1924 ਨੂੰ ਇਹ ਮੋਰਚਾ ਫ਼ਤਿਹ ਕਰ ਲਿਆ ਗਿਆ।ਦਿੱਲੀ ਕਮੇਟੀ ਜਨਰਲ ਸਕੱਤਰ ਸ. ਕਾਹਲੋਂ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਗਿਣਤੀ ਵਿਚ ਸਮਾਗਮ ਵਿਚ ਸ਼ਾਮਲ ਹੋਣ ਤੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣ ਤਾਕਿ ਨਵੀਂ ਪਨੀਰੀ ਨੂੰ ਸਿੱਖ ਇਤਿਹਾਸ ਦੀ ਇਸ ਅਦੁੱਤੀ ਘਟਨਾ ਬਾਰੇ ਪਤਾ ਲਗ ਸਕੇ ਕਿ ਕਿਵੇਂ ਸਿੱਖ ਕੌਮ ਨੇ ਸ਼ਹਾਦਤਾਂ ਦੇ ਕੇ ਮਹੰਤਾਂ ਦੇ ਕਬਜ਼ੇ ਤੋਂ ਆਪਣੇ ਗੁਰਦੁਆਰੇ ਆਜ਼ਾਦ ਕਰਵਾਏ ਸਨ।