ਅਦਿੱਤਿਆਨਾਥ ਨੇ ਗੁਰੂ ਸਾਹਿਬਾਨ ਦੀ ਮਨੁੱਖਤਾ ਬਾਰੇ ਘਾਲਣਾ ਨੂੰ ਰਾਸ਼ਟਰਵਾਦ ਨਾਲ ਜੋੜਿਆ     

ਅਦਿੱਤਿਆਨਾਥ ਨੇ ਗੁਰੂ ਸਾਹਿਬਾਨ ਦੀ ਮਨੁੱਖਤਾ ਬਾਰੇ ਘਾਲਣਾ ਨੂੰ ਰਾਸ਼ਟਰਵਾਦ ਨਾਲ ਜੋੜਿਆ     

*ਅਖੇ ਸਿੱਖ ਗੁਰੂ ਸਾਹਿਬਾਨ ਨੇ ਸਨਾਤਨੀ ਪਰੰਪਰਾ ਨੂੰ ਬਚਾਇਆ

*ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਸਰਕਾਰੀ ਰਿਹਾਇਸ਼ 'ਤੇ ਕਰਵਾਇਆ ਧਾਰਮਿਕ ਸਮਾਗਮ

ਅੰਮ੍ਰਿਤਸਰ ਟਾਈਮਜ਼ ਬਿਉਰੋ

ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ  ਸਾਰੇ ਗੁਰ ਇਤਿਹਾਸ ਨੂੰ ਸਨਾਤਨੀ ਪਰੰਪਰਾ ਦੇ ਪਹਿਰੇਦਾਰ ਵਜੋਂ ਜੋੜ ਦਿਤਾ ਤੇ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਜ਼ੁਲਮ ਅਤੇ ਅਧਰਮ ਖ਼ਿਲਾਫ਼ ਲੜਨ ਲਈ ਪ੍ਰੇਰਿਤ ਕਰੇਗੀ। ਯੋਗੀ ਅਦਿੱਤਿਆਨਾਥ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ 'ਵਿਚ ਆਪਣੀ ਸਰਕਾਰੀ ਰਿਹਾਇਸ਼ 'ਤੇ ਕਰਵਾਏ ਇਕ ਧਾਰਮਿਕ ਸਮਾਗਮ 'ਚ ਸ਼ਿਰਕਤ ਕੀਤੀ। ਇਸ ਮੌਕੇ ਯੋਗੀ ਅਦਿੱਤਿਆਨਾਥ ਨੇ ਕਿਹਾ ਕਿ ਇਹ ਸਿੱਖ ਗੁਰੂਆਂ ਦੀ ਇਲਾਹੀ ਪਰੰਪਰਾ ਸੀ, ਜਿਸ ਨੇ ਵਿਦੇਸ਼ੀ ਅੱਤਵਾਦੀਆਂ ਦੇ ਸਨਾਤਨ ਧਰਮ ਵਿਰੋਧੀ ਇਰਾਦਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਿੱਖ ਧਰਮ ਭਗਤੀ ਨਾਲ ਸ਼ਕਤੀ ਦਾ ਅਦਭੁੱਤ ਮੇਲ ਹੈ। ਇਹ ਇਲਾਹੀ ਪਰੰਪਰਾ ਭਾਰਤ ਨੂੰ ਬਚਾਉਣ ਲਈ ਆਈ ਸੀ। ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਯੋਗੀ ਅਦਿੱਤਿਅਨਾਥ ਨੇ ਕਿਹਾ ਕਿ ਜਿਹੜੇ ਲੋਕ ਭਾਰਤ ਨੂੰ ਇਸਲਾਮ ਵਿਚ ਬਦਲਣ ਦੇ ਇਰਾਦੇ ਨਾਲ ਆਏ ਸਨ ਅੱਜ ਉਨ੍ਹਾਂ ਦੀ ਹੋਂਦ ਹੀ ਮਿਟ ਗਈ ਹੈ। ਯੋਗੀ ਨੇ ਕਿਹਾ ਕਿ ਜਦ ਬਾਬਰ ਨੇ ਭਾਰਤ 'ਤੇ ਹਮਲਾ ਕੀਤਾ ਸੀ ਤਾਂ ਅੱਤਵਾਦੀਆਂ ਨੇ ਪੂਰੇ ਦੇਸ਼ ਨੂੰ ਇਸਲਾਮ ਵਿਚ ਬਦਲਣ ਅਤੇ ਭਾਰਤ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਸਿੱਖ ਗੁਰੂਆਂ ਨੇ ਉਨ੍ਹਾਂ ਦੇ ਇਰਾਦੇ ਨੂੰ ਪੂਰਾ ਨਹੀਂ ਹੋਣ ਦਿੱਤਾ ਸੀ। ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਕੌਣ ਨਹੀਂ ਜਾਣਦਾ ਕਿ ਔਰੰਗਜ਼ੇਬ ਚਾਹੁੰਦਾ ਸੀ ਕਿ ਸਾਹਿਬਜ਼ਾਦੇ ਧਰਮ ਦਾ ਤਿਆਗ ਕਰ ਦੇਣ ਪਰ ਸਾਹਿਬਜ਼ਾਦਿਆਂ ਨੇ ਈਨ ਨਾ ਮੰਨੀ, ਬਲਕਿ ਜ਼ਿੰਦਾ ਨੀਂਹਾਂ ਵਿਚ ਦਫ਼ਨ ਹੋਣ ਦਾ ਰਸਤਾ ਚੁਣਿਆ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਸਮੁੱਚੀ ਦੁਨੀਆ ਵਿਚ ਕੌਮ ਪ੍ਰਤੀ ਸਮਰਪਣ ਭਾਵਨਾ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਜਾਣਦੇ ਹਨ ਕਿ ਕਸ਼ਮੀਰੀ ਹਿੰਦੂਆਂ ਤੇ ਪੰਡਿਤਾਂ ਨੂੰ ਕਸ਼ਮੀਰ ਵਿਚ ਕੱਢਣ ਵਾਲੇ ਕੌਣ ਸਨ ਪਰ ਦੇਸ਼ ਵਿਚ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਕਰਨ ਵਾਲੇ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਸਨ। ਯੋਗੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ 2 ਟਨ ਸੋਨਾ ਲਿਆ ਕੇ ਔਰੰਗਜ਼ੇਬ ਵਲੋਂ ਤੋੜੇ ਗਏ ਕਾਸ਼ੀ ਵਿਸ਼ਵਨਾਥ ਮੰਦਰ ਨੂੰ ਸੋਨੇ ਵਿਚ ਬਦਲ ਦਿੱਤਾ ਸੀ। ਉਨ੍ਹਾਂ ਕਿਹਾ ਕਿ 'ਨਵੇਂ ਭਾਰਤ' ਨੂੰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਔਰੰਗਜ਼ੇਬ ਸਤਿਕਾਰ ਦਾ ਹੱਕਦਾਰ ਹੈ ਜਾਂ ਮਹਾਨ ਮਹਾਰਾਜਾ ਰਣਜੀਤ ਸਿੰਘ ।