ਸ਼ਹਾਦਰਾ ’ਚ ਨੌਜਵਾਨ ਲੜਕੀ ਨਾਲ ਜ਼ਬਰ ਜਿਨਾਹ ਕਰਨ ਅਤੇ ਉਸ ’ਤੇ ਤਸ਼ੱਦਦ ਢਾਹੁਣ ਦੇ ਮਾਮਲੇ ’ਚ ਪਰਿਵਾਰ ਨੂੰ ਨਿਆ ਦਵਾ ਕੇ ਰਹਾਂਗੇ : ਮਨਜਿੰਦਰ ਸਿੰਘ ਸਿਰਸਾ

ਸ਼ਹਾਦਰਾ ’ਚ ਨੌਜਵਾਨ ਲੜਕੀ ਨਾਲ ਜ਼ਬਰ ਜਿਨਾਹ ਕਰਨ ਅਤੇ ਉਸ ’ਤੇ ਤਸ਼ੱਦਦ ਢਾਹੁਣ ਦੇ ਮਾਮਲੇ ’ਚ ਪਰਿਵਾਰ ਨੂੰ ਨਿਆ ਦਵਾ ਕੇ ਰਹਾਂਗੇ : ਮਨਜਿੰਦਰ ਸਿੰਘ ਸਿਰਸਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਦੇ ਸਿੱਖ ਨੇਤਾ ਅਤੇ ਦਿੱਲੀ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸ਼ਹਾਦਰਾ ਵਿਚ ਇਕ ਨੌਜਵਾਨ ਲੜਕੀ ਨਾਲ ਜਬਰਜਿਨਾਹ ਕੀਤੇ ਜਾਣ ਅਤੇ ਉਸ ’ਤੇ ਅੰਨਾ ਤਸ਼ੱਦਦ ਕੀਤੇ ਜਾਣ ਦੇ ਮਾਮਲੇ ਵਿਚ ਪੁਲਸ ਨੇ ਹੁਣ ਤੱਕ 12 ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ ਜਦੋਂ ਕਿ ਬਾਕੀ ਰਹਿੰਦੇ ਮੁਲਜ਼ਮ ਵੀ ਜਲਦੀ ਹੀ ਗ੍ਰਿਫ਼ਤਾਰ ਕੀਤੇ ਜਾਣਗੇ।

ਉਨ੍ਹਾਂ ਵਲੋਂ ਜਾਰੀ ਕੀਤੇ ਇਕ ਬਿਆਨ ਵਿਚ ਸਿਰਸਾ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਲਗਾਤਾਰ ਉਚ ਪੁਲਸ ਅਧਿਕਾਰੀਆਂ ਦੇ ਸੰਪਰਕ ਵਿਚ ਹਨ ਅਤੇ ਉਨ੍ਹਾਂ ਦੀ ਸਪੈਸ਼ਲ ਪੁਲਸ ਕਮਿਸ਼ਨਰ ਸ਼੍ਰੀ ਐਸ. ਠਾਕੁਰ ਅਤੇ ਡੀ. ਸੀ. ਪੀ. ਨਾਲ ਵੀ ਗੱਲਬਾਤ ਹੋਈ ਹੈ ਤੇ ਪੁਲਸ ਨੇ ਉਨ੍ਹਾਂ ਦੱਸਿਆ ਹੈ ਕਿ ਇਹ ਮਾਮਲਾ ਇਕੋ ਭਾਈਚਾਰੇ ਨਾਲ ਸਬੰਧਤ ਬੰਦਿਆਂ ਦੀ ਆਪਸੀ ਰੰਜਿਸ਼ ਦਾ ਹੈ। ਜਿਸ ਪਰਿਵਾਰ ਨੇ ਇਹ ਲੜਕੀ ’ਤੇ ਤਸ਼ੱਦਦ ਢਾਹਿਆ ਹੈ, ਉਸ ਪਰਿਵਾਰ ਦੇ ਇਕ ਲੜਕੇ ਨੇ ਇਕ ਤਰਫਾ ਪਿਆਰ ਵਿਚ ਖੁਦਕੁਸ਼ੀ ਕਰ ਲਈ, ਜਿਸ ਤੋਂ ਭੜਕੇ ਪਰਿਵਾਰ ਨੇ ਇਹ ਘਿਨਾਉਣਾ ਕਾਰਾ ਕੀਤਾ ਹੈ ਜੋ ਕਿ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਹੈ ਕਿ ਇਸ ਮਾਮਲੇ ਵਿਚ ਮੁਲਜ਼ਮ ਪਰਿਵਾਰ ਦੇ ਮੈਂਬਰਾਂ ਸਮੇਤ ਆਲੇ ਦੁਆਲੇ ਖੜ੍ਹੇ ਹੋਰ ਵੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਸ਼੍ਰੀ ਸਿਰਸਾ ਨੇ ਕਿਹਾ ਕਿ ਉਹ ਇਸ ਮਾਮਲੇ ਵਿਚ ਲਗਾਤਾਰ ਪੁਲਸ ਦੇ ਸੰਪਰਕ ਵਿਚ ਹਨ ਅਤੇ ਪੀੜ੍ਹਤਾਂ ਨੂੰ ਨਿਆ ਮਿਲਣਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਜ ਵਿਚ ਅਜਿਹੀਆਂ ਘਟਨਾਵਾਂ ਹੋਣੀਆਂ ਬਹੁਤ ਹੀ ਨਿੰਦਣਯੋਗ ਹਨ, ਜਿਸ ਦੀ ਉਹ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ।