ਮਾਮਲਾ ਭਗਵਿਆਂਂ ਦੇ ਮੁਸਲਮਾਨਾਂ ਖਿਲਾਫ ਨਫ਼ਰਤੀ ਭਾਸ਼ਣ ਦਾ
*ਸੁਪਰੀਮ ਕੋਰਟ ਵਲੋਂ ਕੇਂਦਰ, ਦਿੱਲੀ ਤੇ ਉੱਤਰਾਖੰਡ ਪੁਲੀਸ ਦੀ ਜਵਾਬਤਲਬੀ
*ਭਗਵਿਆਂਂ ਨੇ ਧਰਮ ਸੰਸਦ ਵਿਚ ਮੁਸਲਮਾਨਾਂ ਨੂੰ ਮਿਟਾਉਣ ਦੀ ਦਿਤੀ ਸੀ ਧਮਕੀ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਹਰਿਦੁਆਰ ਤੇ ਕੌਮੀ ਰਾਜਧਾਨੀ ਵਿੱਚ ‘ਧਰਮ ਸੰੰਸਦ’ ਦੇ ਨਾਂ ’ਤੇ ਕੀਤੇ ਹਾਲੀਆ ਸਮਾਗਮਾਂ ਦੌਰਾਨ ਨਫ਼ਰਤੀ ਤਕਰੀਰਾਂ ਕਰਨ ਵਾਲਿਆਂ ਖਿਲਾਫ਼ ਕਾਰਵਾਈ ਤੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕਰਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ, ਦਿੱਲੀ ਪੁਲੀਸ ਤੇ ਉੱਤਰਾਖੰਡ ਪੁਲੀਸ ਨੂੰ ਨੋਟਿਸ ਜਾਰੀ ਕੀਤੇ ਹਨ। ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨ ’ਤੇ ਸੁਣਵਾਈ ਦੀ ਹਾਮੀ ਭਰਦਿਆਂ ਜਾਰੀ ਕੀਤੇ ਨੋਟਿਸ ਵਿੱਚ ਪਟੀਸ਼ਨਰਾਂ ਨੂੰ ਭਵਿੱਖ ਵਿੱਚ ‘ਧਰਮ ਸੰਸਦ’ ਜਿਹੇ ਸਮਾਗਮ ਕਰਵਾਉਣ ਖਿਲਾਫ਼ ਸਥਾਨਕ ਅਥਾਰਿਟੀਜ਼ ਕੋਲ ਆਪਣਾ ਪੱਖ ਰੱਖਣ ਦੀ ਖੁੱਲ੍ਹ ਦੇ ਦਿੱਤੀ ਹੈ। ਬੈਂਚ, ਜਿਸ ਵਿੱਚ ‘ਜਸਟਿਸ ਸੂਰਿਆ ਕਾਂਤ ਤੇ ਜਸਟਿਸ ਹਿਮਾ ਕੋਹਲੀ ਵੀ ਸ਼ਾਮਲ ਹਨ, ਨੇ ਕੇਸ ਦੀ ਅਗਲੀ ਸੁਣਵਾਈ ਅਗਲੇ ਹਫਤੇ ਨਿਰਧਾਰਿਤ ਕਰ ਦਿੱਤੀ ਹੈ। ਸਿਖਰਲੀ ਅਦਾਲਤ ਪੱਤਰਕਾਰ ਕੁਰਬਾਨ ਅਲੀ ਅਤੇ ਪਟਨਾ ਹਾਈ ਕੋਰਟ ਦੇ ਸਾਬਕਾ ਜੱਜ ਤੇ ਸੀਨੀਅਰ ਐਡਵੋਕੇਟ ਅੰਜਨਾ ਪ੍ਰਕਾਸ਼ ਵੱਲੋਂ ਦਾਇਰ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨਰਾਂ ਨੇ ਮੁਸਲਿਮ ਭਾਈਚਾਰੇ ਖਿਲਾਫ਼ ਕੀਤੀਆਂ ਨਫ਼ਰਤੀ ਤਕਰੀਰਾਂ ਨਾਲ ਸਬੰਧਤ ਘਟਨਾਵਾਂ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਤੋਂ ‘ਆਜ਼ਾਦਾਨਾ, ਭਰੋਸੇਯੋਗ ਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਨ ਤੇ ਕੇਸ ਦੀ ਸੁਣਵਾਈ ਅਗਲੇ ਹਫਤੇ ਮੁਕੱਰਰ ਕੀਤੇ ਜਾਣ ’ਤੇ ਪਟੀਸ਼ਨਰਾਂ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਸਿਰਫ਼ ਇੰਨੀ ਕੁ ਮੁਸ਼ਕਲ ਹੈ ਕਿ ਇਨ੍ਹਾਂ ਦਸ ਦਿਨਾਂ ਦੌਰਾਨ 23 ਜਨਵਰੀ ਨੂੰ ਅਲੀਗੜ੍ਹ ਵਿੱਚ ‘ਧਰਮ ਸੰਸਦ’ ਹੋਣੀ ਹੈ ਤੇ ਪਟੀਸ਼ਨਰ ਚਾਹੁੰਦੇ ਹਨ ਕਿ ਇਹ ਸਮਾਗਮ ਨਹੀਂ ਹੋਣਾ ਚਾਹੀਦਾ। ਸਿੱਬਲ ਨੇ ਬੈਂਚ ਨੂੰ ਅਪੀਲ ਕੀਤੀ ਕਿ ਕੇਸ ਦੀ ਅਗਲੀ ਸੁਣਵਾਈ 17 ਜਨਵਰੀ ਲਈ ਨਿਰਧਾਰਿਤ ਕੀਤੀ ਜਾਵੇ ਤੇ ਉਦੋਂ ਤੱਕ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਪੁੱਜਦੇ ਹੋ ਜਾਣਗੇ। ਇਸ ’ਤੇ ਬੈਂਚ ਨੇ ਕਿਹਾ, ‘‘ਅਸੀਂ ਤੁਹਾਨੂੰ ਸਬੰਧਤ ਅਥਾਰਿਟੀਜ਼ ਕੋਲ ਆਪਣੀ ਗੱਲ ਰੱਖਣ ਦੀ ਇਜਾਜ਼ਤ ਦਿੰਦੇ ਹਾਂ। ਉਨ੍ਹਾਂ ਨੂੰ ਇਸ ਬਾਰੇ ਫੈਸਲਾ ਲੈਣ ਦਿੱਤਾ ਜਾਵੇ।’’ ਬੈਂਚ ਨੇ ਕਿਹਾ ਕਿ ਸਿਖਰਲੀ ਅਦਾਲਤ ਇਸ ਗੱਲ ਦੀ ਖੁੱਲ੍ਹ ਦਿੰਦੀ ਹੈ ਕਿ ਉਹ ਅਜਿਹੇ ਸਮਾਗਮਾਂ (ਧਰਮ ਸੰਸਦ), ਜੋ ਅਜੇ ਹੋਣੇ ਹਨ ਅਤੇ ਪਟੀਸ਼ਨਰਾਂ ਮੁਤਾਬਕ ਕਾਨੂੰਨ ਦੀ ਖਿਲਾਫ਼ਵਰਜ਼ੀ ਹਨ, ਨੂੰ ਸਥਾਨਕ ਅਥਾਰਿਟੀਜ਼ ਦੇ ਧਿਆਨ ਵਿੱਚ ਲਿਆਉਣ। ਚੇਤੇ ਰਹੇ ਕਿ ਪਿਛਲੇ ਸਾਲ 17 ਤੇ 19 ਦਸੰਬਰ ਨੂੰ ਕ੍ਰਮਵਾਰ ਹਰਿਦੁਆਰ ਤੇ ਦਿੱਲੀ ਵਿੱਚ ਕੀਤੇ ਧਾਰਮਿਕ ਸਮਾਗਮਾਂ ਦੌਰਾਨ ਕਥਿਤ ਮੁਸਲਮਾਨ ਫ਼ਿਰਕੇ ਦੇ ਲੋਕਾਂ ਦੀ ਨਸਲਕੁਸ਼ੀ ਦਾ ਸੱਦਾ ਦਿੱਤਾ ਗਿਆ ਸੀ। ਸਿੱਬਲ ਨੇ ‘ਧਰਮ ਸੰਸਦ’ ਵਿੱਚ ਕਹੀਆਂ ਗਈਆਂ ਗੱਲਾਂ ਦੀ ਇਕ ਸਫ਼ੇ ਦੀ ਨਕਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਇਸ ਵਿਚਲੇ ਵਿਸ਼ਾ-ਵਸਤੂ ਨੂੰ ਪੜ੍ਹ ਕੇ ਇਸ ਮਾਮਲੇ ਨੂੰ ਸਨਸਨੀਖੇਜ਼ ਨਹੀਂ ਬਣਾਉਣਾ ਚਾਹੁੰਦੇ। ਬੈਂਚ ਨੇ ਕਿਹਾ ਕਿ ਉਹ ਸਬੰਧਤ ਰਾਜਾਂ ਨੂੰ ਨੋਟਿਸ ਜਾਰੀ ਕਰ ਰਹੀ ਹੈ ਤੇ ਉਨ੍ਹਾਂ ਨੂੰ ਪੇਸ਼ ਹੋ ਕੇ ਆਪਣੀ ਗੱਲ ਰੱਖਣ ਦਿਓ। ਯਤੀ ਨੂੰ ਹੱਥ ਕਿਉਂ ਨਹੀਂ ਪਾ ਰਹੇ ਯੋਗੀ
ਹਾਲ ਹੀ ਵਿੱਚ ਹਰਿਦੁਆਰ ਵਿੱਚ ਹੋਈ ਧਰਮ ਸੰਸਦ ਵਿੱਚ ਯਤੀ ਨਰਸਿੰਹਾਨੰਦ ਨੇ ਕਿਹਾ,"...ਅੱਜ ਅਸੀਂ ਜਿਨ੍ਹਾਂ ਨੂੰ ਮੁਸਲਮਾਨ ਬੁਲਾਉਂਦੇ ਹਾਂ, ਉਨ੍ਹਾਂ ਨੂੰ ਪਹਿਲਾਂ ਰਾਖਸ਼ਸ ਬੁਲਾਇਆ ਜਾਂਦਾ ਸੀ।" ਮੁਸਲਮਾਨਾਂ ਨੂੰ ਮਾਰਨ ਦੇ ਲਈ ਤਲਵਾਰ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਤਲਵਾਰ ਨਾਲ ਤੁਹਾਡੇ ਤੋਂ ਉਹ ਮਰਨਗੇ ਵੀ ਨਹੀਂ। ਤੁਹਾਨੂੰ ਤਕਨੀਕ ਵਿੱਚ ਉਨ੍ਹਾਂ ਤੋਂ ਅੱਗੇ ਜਾਣਾ ਪਵੇਗਾ।ਇਸਲਾਮ ਅਪਰਾਧੀਆਂ ਦਾ ਗੈਂਗ ਹੈ ਤੇ ਜਿਸਦਾ ਆਧਾਰ ਔਰਤਾਂ ਦਾ ਵਪਾਰ ਹੈ। ਜਿਸਦਾ ਆਧਾਰ ਔਰਤਾਂ ਨੂੰ ਬਰਬਾਦ ਕਰਨਾ ਹੈ। ਕਾਫ਼ਿਰਾਂ ਦੀਆਂ ਔਰਤਾਂ ਨੂੰ ਖੋਹਣਾ ਇਸ ਦਾ ਹਲ ਹੈ।" ਗਾਜ਼ੀਆਬਾਦ ਜ਼ਿਲ੍ਹੇ ਦੇ ਡਾਸਨਾ ਕਸਬੇ ਵਿੱਚ ਦੇਵੀ ਮੰਦਰ ਦੇ 'ਪੀਠਾਧੀਸ਼' ਯਤੀ ਨਰਸਿੰਹਾਨੰਦ ਸਰਸਵਤੀ ਹੁਣ ਜੂਨਾ ਅਖਾੜਾ ਦੇ ਮਹਾਂਮੰਡਲੇਸ਼ਵਰ ਵੀ ਹਨ।ਇਹ ਉਹੀ ਦੇਵੀ ਮੰਦਰ ਹੈ, ਜਿਸਦੇ ਗੇਟ ਦੇ ਬਾਹਰ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਹੈ -ਇੱਥੇ ਮੁਸਲਮਾਨਾਂ ਦਾ ਦਾਖ਼ਲ ਹੋਣਾ ਮਨ੍ਹਾਂ ਹੈ।
ਸਵਾਲ ਉੱਠ ਰਹੇ ਹਨ ਕਿ ਮੁਸਲਮਾਨਾਂ ਦੇ ਖ਼ਿਲਾਫ਼ ਲਗਾਤਾਰ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦੇਣ ਵਾਲੇ ਯਤੀ ਨਰਸਿੰਹਾਨੰਦ ਸਰਸਵਤੀ ਹਾਲੇ ਵੀ ਜੇਲ੍ਹ ਵਿੱਚ ਕਿਉਂ ਨਹੀਂ ਹਨ?
ਫਿਲਹਾਲ ਉੱਤਰ ਪ੍ਰਦੇਸ਼ ਦੀਆਂ ਮਹੱਤਵਪੂਰਨ ਚੋਣਾਂ ਨਜ਼ਦੀਕ ਹਨ। ਕਈ ਹਲਕਿਆਂ ਵਿੱਚ ਫਿਰਕੂ ਧਰੁਵੀਕਰਨ ਸਾਫ਼ ਦੇਖਿਆ ਜਾ ਰਿਹਾ ਹੈ।ਗਾਜ਼ੀਆਬਾਦ ਦੇ ਇਸ ਕਸਬੇ ਵਿੱਚ ਜੋ ਹੋ ਰਿਹਾ ਹੈ, ਉਸਦਾ ਅਸਰ ਜ਼ਿਲ੍ਹੇ ਦੀਆਂ ਸਰਹੱਦਾਂ ਤੋਂ ਦੂਰ ਪੂਰੇ ਉੱਤਰ ਪ੍ਰਦੇਸ਼ ਵਿੱਚ ਵੀ ਮਹਿਸੂਸ ਕੀਤਾ ਜਾ ਰਿਹਾ ਹੈ।ਸੋਸ਼ਲ ਮੀਡੀਆ 'ਤੇ ਮਚੇ ਕੋਹਰਾਮ ਤੋਂ ਬਾਅਦ ਉੱਤਰਾਖੰਡ ਪੁਲਿਸ ਨੇ ਧਰਮ ਸੰਸਦ ਵਿੱਚ ਦਿੱਤੀ ਗਈ ਹੇਟ ਸਪੀਚ ਦੇ ਮਾਮਲੇ ਵਿੱਚ ਐੱਫ਼ਆਈਆਰ ਦਰਜ ਕੀਤੀ ਅਤੇ ਜਾਂਚ ਸ਼ੁਰੂ ਹੋ ਗਈ ਹੈ। ਐੱਫ਼ਆਈਆਰ ਵਿੱਚ ਯਤੀ ਨਰਸਿੰਹਾਨੰਦ ਦਾ ਨਾਮ ਬਾਅਦ ਵਿੱਚ ਜੋੜਿਆ ਗਿਆ ਹੈ। ਯਤੀ ਦੀ ਵਕੀਲ ਅਤੇ ਡਾਸਨਾ ਦੇਵੀ ਮੰਦਰ ਦੀ ਮਹੰਤ ਮਾਂ ਚੇਤਨਾਨੰਦ ਸਰਸਵਤੀ ਦੇ ਮੁਤਾਬਕ ਯਤੀ 'ਤੇ ਕਰੀਬ ਦੋ ਦਰਜਨ ਮਾਮਲੇ ਅਲੱਗ-ਅਲੱਗ ਪੜਾਵਾਂ ਵਿੱਚ ਹਨ।ਉਨ੍ਹਾਂ ਮੁਤਾਬਕ ਕੁਝ ਵਿੱਚ ਚਾਰਜਸ਼ੀਟ ਦਾਖ਼ਲ ਹੈ, ਕੁਝ ਮਾਮਲਿਆਂ ਵਿੱਚ ਹਾਈ ਕੋਰਟ ਨੇ ਸਟੇਅ ਲਗਾਇਆ ਹੋਇਆ ਹੈ ਅਤੇ ਕੁਝ ਮਾਮਲਿਆਂ ਵਿੱਚ ਜਾਂਚ ਚੱਲ ਰਹੀ ਹੈ।ਪੁਲਿਸ ਮੁਤਾਬਿਕ ਯਤੀ ਨਰਸਿੰਹਾਨੰਦ ਦੇ ਖ਼ਿਲਾਫ਼ ਆਈਟੀ ਐਕਟ ਤੋਂ ਇਲਾਵਾ ਆਈਪੀਸੀ ਦੀਆਂ ਧਾਰਾਵਾਂ ਜਿਵੇਂ 306, 307, 395 ਆਦਿ ਵਿੱਚ ਮੁਕੱਦਮੇ ਦਰਜ ਹਨ।ਧਾਰਾ 306 ਯਾਨੀ ਕਿਸੇ ਨੂੰ ਖ਼ੁਦਕੁਸ਼ੀ ਲਈ ਉਕਸਾਉਣਾ, ਧਾਰਾ 307 ਯਾਨੀ ਹੱਤਿਆ ਦਾ ਯਤਨ। 395 ਯਾਨੀ ਡਕੈਤੀ।ਉੱਤਰਾਖੰਡ ਵਿੱਚ ਯਤੀ ਨਰਸਿੰਹਾਨੰਦ 'ਤੇ ਦੋ ਧਾਰਾਵਾਂ 153-ਏ ਅਤੇ 295-ਏ ਦੇ ਅਧੀਨ ਮਾਮਲਾ ਚੱਲੇਗਾ।153-ਏ ਯਾਨੀ ਭਾਈਚਾਰਿਆਂ ਦੇ ਵਿੱਚ ਧਰਮ, ਭਾਸ਼ਾ ਆਦਿ ਦੇ ਆਧਾਰ 'ਤੇ ਦੁਸ਼ਮਣੀ ਫ਼ੈਲਾਉਣਾ ਅਤੇ ਧਾਰਾ 295-ਏ ਯਾਨੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜਾਂ ਅਜਿਹੀ ਕੋਸ਼ਿਸ਼ ਕਰਨਾ।
ਰਾਜੇਸ਼ ਤਿਆਗੀ ਉਨ੍ਹਾਂ 76 ਵਕੀਲਾਂ ਵਿੱਚੋਂ ਹਨ, ਜਿਨ੍ਹਾਂ ਨੇ ਸੁਪਰੀਮ ਕੋਰਟ ਨੂੰ ਚਿੱਠੀ ਲਿਖ ਕੇ ਅਦਾਲਤ ਦਾ ਧਿਆਨ ਹਰਿਦੁਆਰ ਵਿੱਚ ਨਫ਼ਰਤੀ ਭਾਸ਼ਣ ਦੇ ਮਾਮਲੇ ਵੱਲ ਖਿੱਚਿਆ ਹੈ।
ਮੇਰਠ ਵਿੱਚ ਰਹਿਣ ਵਾਲੇ ਰਾਜੇਸ਼ ਤਿਆਗੀ ਨੇ ਦੱਸਿਆ ਕਿ ਪੁਲਿਸ ਤਾਂ ਉਨ੍ਹਾਂ ਨੂੰ ਇੱਕ ਤਰ੍ਹਾਂ ਦੀ ਛੋਟ ਦੇ ਰਹੀ ਹੈ।ਉਹ ਕਹਿੰਦੇ ਹਨ, "ਉਨ੍ਹਾਂ 'ਤੇ ਡਕੈਤੀ, ਕਤਲ ਦੀ ਕੋਸ਼ਿਸ਼ ਜਿਹੀਆਂ ਧਾਰਾਵਾਂ ਲਾਈਆਂ ਗਈਆਂ ਹਨ। ਮੈਨੂੰ ਸਮਝ ਨਹੀਂ ਆਉਂਦਾ ਇਨ੍ਹਾਂ ਸਾਰੇ ਮਾਮਲਿਆਂ ਵਿੱਚ, ਜਿਨ੍ਹਾਂ ਵਿੱਚ ਉਨ੍ਹਾਂ ਨੇ ਅਪਰਾਧਾਂ ਨੂੰ ਦੁਹਰਾਇਆ ਹੈ, ਉਨ੍ਹਾਂ ਦੇ ਅੰਦਰ ਇਨ੍ਹਾਂ ਨੂੰ ਜ਼ਮਾਨਤ ਕਿਵੇਂ ਮਿਲ ਰਹੀ ਹੈ। ਇਨ੍ਹਾਂ ਦੀ ਤਾਂ ਜ਼ਮਾਨਤ ਰੱਦ ਹੋ ਜਾਣੀ ਚਾਹੀਦੀ ਸੀ।ਇਨ੍ਹਾਂ ਨੂੰ ਸਿੱਧੇ ਤੌਰ 'ਤੇ ਸੱਤਾ ਵੱਲੋਂ ਬਚਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਪੁਲੀਸ ਕੁਝ ਨਹੀਂ ਕਹਿ ਰਹੀ ਹੈ, ਪ੍ਰਸ਼ਾਸਨ ਕੁਝ ਨਹੀਂ ਕਹਿ ਰਿਹਾ ਹੈ। ਬਸ ਮੁਕੱਦਮਾ ਦਰਜ ਕੀਤਾ ਅਤੇ ਛੱਡ ਦਿੱਤਾ। ਤਾਂ ਕਰਕੇ ਇਹ ਲੋਕ ਬੇਫਿਕਰ ਹਨ।ਰਾਜੇਸ਼ ਤਿਆਗੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਦਾ ਜ਼ਹਿਰ ਬੀਜਿਆ ਜਾ ਰਿਹਾ ਹੈ, ਉਸ ਨਾਲ ਖ਼ਤਰਾ ਇੱਕ ਵਿਆਪਕ ਕਤਲੇਆਮ ਹੋ ਸਕਦਾ ਹੈ।ਉਹ ਕਹਿੰਦੇ ਹਨ,"ਇਹ ਮਾਮਲਾ ਸਿੱਧਾ-ਸਿੱਧਾ ਯੂਏਪੀਏ ਦਾ ਬਣਦਾ ਹੈ ਪਰ ਪੁਲਿਸ ਯੂਏਪੀਏ ਨਹੀਂ ਲਗਾ ਰਹੀ ਹੈ।ਗਾਜ਼ੀਆਬਾਦ ਦੇ ਐੱਸਐੱਸਪੀ ਪਵਨ ਕੁਮਾਰ ਨੇ ਯਤੀ ਨਰਸਿੰਹਾਨੰਦ ਸਰਸਵਤੀ ਦੇ ਖ਼ਿਲਾਫ਼ ਕਾਰਵਾਈ ਵਿੱਚ ਕਿਸੇ ਵੀ ਸਿਆਸੀ ਕਿਸਮ ਦੇ ਦਬਾਅ ਤੋਂ ਇਨਕਾਰ ਕੀਤਾ।
ਉੱਤਰਾਖੰਡ ਵਿੱਚ ਗੜਵਾਲ ਦੇ ਡੀਆਈਜੀ ਕਰਣ ਸਿੰਘ ਨਾਗਨਿਆਲ ਨੇ ਕਿਹਾ ਹੈ ਕਿ ਪੁਲੀਸ ਉੱਤੇ ਕੋਈ ਸਿਆਸੀ ਦਬਾਅ ਨਹੀਂ ਹੈ ।ਕਰਣ ਸਿੰਘ ਨਾਗਨਿਆਲ ਨੇ ਇਹ ਨਹੀਂ ਦੱਸਿਆ ਕਿ ਮਾਮਲੇ ਵਿੱਚ ਬਣਾਈ ਗਈ ਐੱਸਆਈਟੀ ਦੀ ਰਿਪੋਰਟ ਕਦੋਂ ਤੱਕ ਆਵੇਗੀ, ਪਰ ਕਿਹਾ ਕਿ "ਜਿੰਨੀ ਜਲਦੀ ਹੋ ਸਕੇਗਾ ਸਬੂਤ ਇਕੱਠੇ ਕਰਕੇ ਆਖ਼ਰੀ ਚਾਰਜਸ਼ੀਟ ਭੇਜਣਗੇ।" ਯਤੀ ਨਰਸਿੰਹਾਨੰਦ ਸਰਸਵਤੀ ਦੇ ਨਜ਼ਦੀਕੀ ਅਤੇ 'ਛੋਟਾ ਨਰਸਿੰਹਾਨੰਦ' ਵਜੋਂ ਜਾਣੇ ਜਾਂਦੇ ਅਨਿਲ ਯਾਦਵ ਨੇ ਮੁਸਕਰਾਉਂਦੇ ਹੋਏ ਕਿਹਾ, "ਮੁਕੱਦਮਿਆਂ ਦੀ ਲਾਈਨ ਲੱਗੀ ਹੋਈ ਹੈ। ਕੋਈ ਦਿੱਕਤ ਨਹੀਂ ਹੈ। ਇਹ ਤਾਂ ਗਹਿਣੇ ਹਨ ਸਾਡੇ।ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਕਾਰਵਾਈ ਨਹੀਂ ਹੋਣ ਦੇ ਪਿੱਛੇ ਸਿਰਫ਼ ਇਹੀ ਕਾਰਨ ਹੈ ਕਿ ਗੁਰੂ ਜੀ ਨੇ ਕੋਈ ਗੁਨਾਹ ਨਹੀਂ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਦੇ ਖ਼ਿਲਾਫ਼ ਕੋਈ ਸਬੂਤ ਹੈ।ਅਨਿਲ ਯਾਦਵ ਜੋ ਆਪਣੇ ਆਪ ਨੂੰ ਯਤੀ ਨਰਸਿੰਹਾਨੰਦ ਦੀ ਵਿਚਾਰਧਾਰਾ ਦਾ ਵਾਰਿਸ ਦੱਸਦੇ ਹਨ, ਉਹ ਕਹਿੰਦੇ ਹੋਏ ਨਹੀਂ ਝਿਜਕਦੇ, "ਗੁਰੂ ਜੀ ਅਤੇ ਯੋਗੀ ਜੀ ਦੇ ਚੰਗੇ ਰਿਸ਼ਤੇ ਹਨ।ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਬੀਜੇਪੀ ਵਿੱਚ ਕਈ ਨੇਤਾ ਹਨ, ਜੋ 'ਗੁਰੂ ਜੀ' ਨੂੰ ਪੂਜਦੇ ਹਨ ਪਰ ਕਈ ਵਾਰ ਸਿਆਸੀ ਗੁਣਾ-ਭਾਗ ਦੇ ਚੱਕਰ ਵਿੱਚ ਸਾਹਮਣੇ ਨਹੀਂ ਆਉਂਦੇ ਹਨ।ਅਨਿਲ ਯਾਦਵ ਨੇ ਬੀਜੇਪੀ ਨੇਤਾ ਕਪਿਲ ਮਿਸ਼ਰਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਇੱਥੇ ਆਉਣਾ ਜਾਣਾ ਸੀ, ਫਿਰ ਇੱਕ ਟਵੀਟ ਤੋਂ ਬਾਅਦ ਦੂਰੀ ਬਣਾ ਲਈ, ਅਤੇ "ਹੋ ਸਕਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਮਜਬੂਰੀ ਹੋਵੇ।ਬੀਜੇਪੀ ਨੇਤਾ ਕਪਿਲ ਮਿਸ਼ਰਾ ਨੂੰ ਯਤੀ ਨਰਸਿੰਹਾਨੰਦ ਦੇ ਬਿਆਨਾਂ ਤੋਂ ਕਦੇ ਦਿੱਕਤ ਨਹੀਂ ਹੋਈ ਅਤੇ ਉਨ੍ਹਾਂ ਨੇ ਅਪ੍ਰੈਲ 2021 ਵਿੱਚ ਉਨ੍ਹਾਂ (ਯਤੀ) ਲਈ ਫੰਡ ਵੀ ਇਕੱਠਾ ਕੀਤਾ ਸੀ।ਇਸ ਦੇ ਜਵਾਬ ਵਿੱਚ ਕਪਿਲ ਮਿਸ਼ਰਾ ਕਹਿੰਦੇ ਹਨ, "ਯਤੀ ਜੀ ਉੱਤੇ ਜਦੋਂ ਹਮਲੇ ਦੀ ਗੱਲ ਹੋਈ, ਉਨ੍ਹਾਂ ਦੇ ਖ਼ਿਲਾਫ਼ ਫ਼ਤਵੇ ਜਾਰੀ ਹੋਏ, ਉਦੋਂ ਮੈਨੂੰ ਲੱਗਿਆ ਕਿ ਇਸ ਤਰ੍ਹਾਂ ਨਾਲ ਖੁੱਲ੍ਹੇ ਵਿੱਚ ਧਮਕੀ ਦੇ ਕੇ ਕਿਸੇ ਆਦਮੀ ਨੂੰ ਮਾਰਨ ਦੀ ਗੱਲ ਕੀਤੀ ਜਾਏ ਅਤੇ ਕਮਲੇਸ਼ ਤਿਵਾੜੀ ਵਰਗਾ ਉਨ੍ਹਾਂ ਦਾ ਹਾਲ ਹੋਵੇ, ਤਾਂ ਉਨ੍ਹਾਂ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ।
ਉਸਦੇ ਲਈ ਅਸੀਂ ਇੱਕ ਫੰਡ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਸੁਰੱਖਿਆ ਦੇ ਲਈ 50 ਲੱਖ ਰੁਪਏ ਇਕੱਠੇ ਕਰਕੇ ਦਿੱਤੇ। ਉਸ ਤੋਂ ਬਾਅਦ ਉਨ੍ਹਾਂ ਦੇ ਕੁਝ ਬਿਆਨ ਆਏ, ਜੋ ਮੈਨੂੰ ਠੀਕ ਨਹੀਂ ਲੱਗੇ, ਖਾਸ ਕਰਕੇ ਔਰਤਾਂ ਬਾਰੇ।ਉਦੋਂ ਮੈਂ ਇਹ ਬੋਲਿਆ ਕਿ ਇਸ ਤਰ੍ਹਾਂ ਦੇ ਬਿਆਨ ਮੰਦਰ ਵਿੱਚ ਬੈਠੇ ਹੋਏ ਵਿਅਕਤੀ ਦੇ ਦੁਆਰਾ ਠੀਕ ਨਹੀਂ ਲਗਦੇ ਹਨ। ਅਤੇ ਫਿਰ ਮੈਂ ਉਨ੍ਹਾਂ ਵੱਲ ਜਾਣਾ, ਮਿਲਣਾ ਬੰਦ ਕੀਤਾ।ਉੱਤਰ ਪ੍ਰਦੇਸ਼ ਭਾਜਪਾ ਦੇ ਸਪੀਕਰ ਰਾਕੇਸ਼ ਤ੍ਰਿਪਾਠੀ ਨੇ ਯਤੀ ਨਰਸਿੰਹਾਨੰਦ ਦੇ ਕਿਸੇ ਵੀ ਮਾਮਲੇ ਵਿੱਚ ਸਰਕਾਰੀ ਦਖ਼ਲ ਅੰਦਾਜ਼ੀ ਤੋਂ ਇਨਕਾਰ ਕੀਤਾ।ਉਨ੍ਹਾਂ ਨੇ ਕਿਹਾ, "ਉੱਤਰ ਪ੍ਰਦੇਸ਼ ਵਿੱਚ ਯੋਗੀ ਅਦਿੱਤਿਆਨਾਥ ਜੀ ਦੀ ਸਰਕਾਰ ਆਉਣ ਤੋਂ ਬਾਅਦ ਪੁਲੀਸ ਨੂੰ ਪੂਰੀ ਤਰ੍ਹਾਂ ਨਾਲ ਫਰੀ ਹੈਂਡ ਦਿੱਤਾ ਗਿਆ ਹੈ ਕਿ ਕੋਈ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰੇ, ਚਾਹੇ ਉਸ ਨੇ ਹਰੇ ਕੱਪੜੇ ਪਾਏ ਹੋਣ ਜਾਂ ਭਗਵੇਂ ਕੱਪੜੇ, ਉਨ੍ਹਾਂ ਦੀ ਜਾਤੀ ਕੋਈ ਵੀ ਹੋਵੇ, ਉਸ ਦਾ ਧਰਮ ਕੋਈ ਵੀ ਹੋਵੇ, ਉਸਦੇ ਖ਼ਿਲਾਫ਼ ਕਾਰਵਾਈ ਹੋਵੇ।"ਰਾਕੇਸ਼ ਤ੍ਰਿਪਾਠੀ ਨੇ ਕਿਹਾ ਕਿ ਸਰਕਾਰ ਕਿਸੇ ਵੀ ਤਰ੍ਹਾਂ ਦੀ ਫੁੱਟਪਾਊ ਗੱਲ ਦੀ ਨਿੰਦਾ ਕਰਦੀ ਹੈ, ਜਿਸ ਨਾਲ ਫ਼ਿਰਕੂ ਮਾਹੌਲ ਖਰਾਬ ਹੋਵੇ।ਯਾਦ ਰਹੇ ਕਿ ਡਾਸਨਾ ਮੰਦਰ ਦੇ ਵਿਹੜੇ ਵਿੱਚ ਚਾਰੇ ਪਾਸੇ ਪੋਸਟਰ ਲੱਗੇ ਹੋਏ ਹਨ, ਜਿਨ੍ਹਾਂ ਵਿੱਚ ਹਿੰਦੂਆਂ ਨੂੰ ਘੱਟੋ-ਘੱਟ ਪੰਜ ਬੱਚੇ ਪੈਦਾ ਕਰਨ ਦੀ ਅਪੀਲ ਹੈ, ਤਾਂ ਕਿ ਹਿੰਦੂ ਧਰਮ ਬਚਿਆ ਰਹੇ।ਡਾਸਨਾ ਵਿੱਚ 80 ਫ਼ੀਸਦੀ ਤੋਂ ਜ਼ਿਆਦਾ ਮੁਸਲਮਾਨ ਰਹਿੰਦੇ ਹਨ। ਜਿੱਥੇ ਜ਼ਿਆਦਾਤਰ ਲੋਕ ਛੋਟੇ-ਮੋਟੇ ਕੰਮ, ਖੇਤੀ ਜਾਂ ਮਜ਼ਦੂਰੀ ਨਾਲ ਜੁੜੇ ਹੋਏ ਹਨ।
ਪੁਲੀਸ ਦੇ ਮੁਤਾਬਕ ਯਤੀ ਨਰਸਿੰਹਾਨੰਦ ਨੂੰ ਜਾਨ ਦਾ ਖਤਰਾ ਹੈ, ਜਿਸ ਦੇ ਮੱਦੇਨਜ਼ਰ ਹਰ ਸਮੇਂ ਮੰਦਰ ਵਿੱਚ 22-28 ਪੁਲੀਸ ਕਰਮੀ ਤੈਨਾਤ ਰਹਿੰਦੇ ਹਨ, ਜਿਨ੍ਹਾਂ 'ਤੇ ਮਹੀਨੇ ਦਾ 25-30 ਲੱਖ ਰੁਪਏ ਦਾ ਸਰਕਾਰੀ ਖਰਚ ਆ ਰਿਹਾ ਹੈ।ਸੋਸ਼ਲ ਮੀਡੀਆ ਭਗਵੇਂ ਫਾਸ਼ੀਵਾਦ ਦੇ ਲਈ ਇੱਕ ਤਾਕਤਵਰ ਜ਼ਰੀਆ ਹੈ। ਆਪਣੀ ਗੱਲ ਵੱਡੀ ਗਿਣਤੀ ਲੋਕਾਂ ਤੱਕ ਪਹੁੰਚਾਉਣ ਦਾ, ਜੋ ਉਨ੍ਹਾਂ ਦੇ ਅਨੁਸਾਰ ਹਿੰਦੂਆਂ ਨੂੰ ਇੱਕਜੁੱਟ ਕਰਨ ਦਾ ਕੰਮ ਵੀ ਕਰ ਰਿਹਾ ਹੈ।ਧਰਮ ਸੰਸਦ ਵੀ ਇਸੇ ਰਣਨੀਤੀ ਦਾ ਹਿੱਸਾ ਹੈ। ਪਹਿਲਾਂ ਸਾਲ ਵਿੱਚ ਇੱਕ ਧਰਮ ਸੰਸਦ ਹੋਇਆ ਕਰਦੀ ਸੀ, ਪਰ ਉੱਤਰ ਪ੍ਰਦੇਸ਼ ਚੋਣਾਂ ਦੇ ਮੱਦੇਨਜ਼ਰ ਕਈ ਸਾਰੇ ਕਰਨ ਦੀ ਯੋਜਨਾ ਹੈ।ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਉੱਤਰ ਪ੍ਰਦੇਸ਼ ਵਿੱਚ ਜਿੱਥੇ ਟਵੀਟ ਕਰਨ 'ਤੇ, ਰਿਪੋਰਟਿੰਗ ਕਰਨ 'ਤੇ ਜਾਂ ਫਿਰ ਸੀਏਏ ਦੇ ਖ਼ਿਲਾਫ਼ ਪੋਸਟਰ ਲਗਾਉਣ 'ਤੇ ਵੀ ਗ੍ਰਿਫ਼ਤਾਰੀ ਹੁੰਦੀ ਹੈ।ਸਵਾਲ ਉੱਠ ਰਹੇ ਹਨ ਕਿ ਮੁਸਲਮਾਨਾਂ ਦੇ ਖ਼ਿਲਾਫ਼ ਲਗਾਤਾਰ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦੇਣ ਵਾਲੇ ਯਤੀ ਨਰਸਿੰਹਾਨੰਦ ਸਰਸਵਤੀ ਹਾਲੇ ਵੀ ਜੇਲ੍ਹ ਵਿੱਚ ਕਿਉਂ ਨਹੀਂ ਹਨ?
Comments (0)