ਹਿੰਦੂਤਵੀ ਬੁਲਾਰਿਆਂ ਵਲੋਂ ਭੜਕਾਉ ਭਾਸ਼ਣ ਦੇਣ ਤੋਂ ਬਾਅਦ ਮੌਲਵੀਆਂ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਦੀ ਕੋਸ਼ਿਸ਼
ਅੰਮ੍ਰਿਤਸਰ ਟਾਈਮਜ਼ ਬਿਉਰੋ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਉਤਰਾਖੰਡ ਦੇ ਹਰਿਦੁਆਰ 'ਚ 'ਧਰਮ ਸੰਸਦ' ਦੇ ਪ੍ਰਤੀਭਾਗੀਆਂ ਨਾਲ ਇਕ ਪੁਲਸ ਅਧਿਕਾਰੀ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਹੱਸਦਾ ਨਜ਼ਰ ਆ ਰਿਹਾ ਹੈ। ਦੱਸ ਦੇਈਏ ਕਿ ਹਰਿਦੁਆਰ 'ਚ ਆਯੋਜਿਤ 'ਧਰਮ ਸੰਸਦ' ਪ੍ਰੋਗਰਾਮ ਦੌਰਾਨ ਬੁਲਾਰਿਆਂ ਨੇ ਭੜਕਾਊ ਭਾਸ਼ਣ ਦਿੱਤਾ ਸੀ, ਜਿਸ ਤੋਂ ਬਾਅਦ ਕਾਫੀ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਦੇ ਨਾਲ ਹੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਪੰਜ ਜਣੇ ਕੱਲ੍ਹ ਹਰਿਦੁਆਰ ਥਾਣੇ ਵਿੱਚ ਮੌਲਵੀਆਂ 'ਤੇ ਹਿੰਦੂਆਂ ਵਿਰੁੱਧ ਸਾਜ਼ਿਸ਼ ਰਚਣ ਦਾ ਦੋਸ਼ ਲਗਾਂਦੇ ਹੋਏ ਮੌਲਵੀਆਂ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਲਈ ਗਏ ਸਨ। ਇਸ ਬਾਰੇ ਪੁਲਿਸ ਨੇ ਕਿਹਾ ਕਿ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।
ਅਜ ਵਾਇਰਲ ਹੋਈ ਵੀਡੀਓ 'ਚ ਪੁਲਸ ਅਧਿਕਾਰੀ ਰਾਕੇਸ਼ ਕਥੈਤ ਦੇ ਨਾਲ ਹਰਿਦੁਆਰ ਧਰਮ ਸਭਾ 'ਚ ਸ਼ਾਮਲ ਕਈ ਲੋਕ ਦਿਖਾਈ ਦੇ ਰਹੇ ਹਨ। ਇਨ੍ਹਾਂ ਵਿੱਚ ਹਿੰਦੂ ਰਕਸ਼ਾ ਸੈਨਾ ਦੇ ਪ੍ਰਬੋਧਾਨੰਦ ਗਿਰੀ ਵੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਧਾਰਮਿਕ ਨੇਤਾ ਯਤੀ ਨਰਸਿਮਹਾਨੰਦ, ਪੂਜਾ ਸ਼ਕੁਨ ਪਾਂਡੇ, ਆਨੰਦ ਸਵਰੂਪ ਅਤੇ ਵਸੀਮ ਰਿਜ਼ਵੀ ਉਰਫ ਜਤਿੰਦਰ ਨਾਰਾਇਣ ਵੀ ਨਜ਼ਰ ਆਏ। ਇਨ੍ਹਾਂ ਵਿੱਚੋਂ ਤਿੰਨ ਦਾ ਨਾਮ ਹਰਿਦੁਆਰ ਵਿੱਚ ਭੜਕਾਊ ਭਾਸ਼ਣ ਦੇਣ ਲਈ ਉਤਰਾਖੰਡ ਪੁਲੀਸ ਵੱਲੋਂ ਦਰਜ ਐਫਆਈਆਰ ਵਿੱਚ ਦਰਜ ਕੀਤਾ ਗਿਆ ਹੈ।
Comments (0)