ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤਯਾਬੀ ਲਈ ਅਖੰਡ ਕੀਰਤਨੀ ਜੱਥੇ ਵਲੋਂ ਕੀਤਾ ਗਿਆ ਕੀਰਤਨੀ ਸਮਾਗਮ

ਭਾਈ ਜਗਤਾਰ ਸਿੰਘ ਹਵਾਰਾ ਦੀ ਸਿਹਤਯਾਬੀ ਲਈ ਅਖੰਡ ਕੀਰਤਨੀ ਜੱਥੇ ਵਲੋਂ ਕੀਤਾ ਗਿਆ ਕੀਰਤਨੀ ਸਮਾਗਮ

*ਹਸਪਤਾਲੀ ਖਰਚਾ ਅਖੰਡ ਕੀਰਤਨੀ ਜੱਥਾ (ਦਿੱਲੀ) ਕਰਨ ਨੂੰ ਤਿਆਰ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਹਵਾਰਾ ਜੋ ਕਿ ਕੁਝ ਦਿਨ ਪਹਿਲਾਂ ਡੇਂਗੂ ਨਾਲ ਪੀੜਿਤ ਹੋ ਗਏ ਸਨ ਜਿਸ ਉਪਰੰਤ ਉਨ੍ਹਾਂ ਨੂੰ ਦੀਨ ਦਿਆਲ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਸੀ ਤੇ ਅਧੂਰਾ ਇਲਾਜ ਕਰਵਾ ਕੇ ਮੁੜ ਜੇਲ੍ਹ ਬੰਦ ਕਰ ਦਿਤਾ ਸੀ, ਦੀ ਸਿਹਤਯਾਬੀ ਲਈ ਇਤਿਹਾਸਿਕ ਗੁਰਦਵਾਰਾ ਸੀਸ ਗੰਜ ਸਾਹਿਬ  ਵਿਖੇ ਹਫ਼ਤਾਵਾਰੀ ਅਖੰਡ ਕੀਰਤਨ ਸਮਾਗਮ ਕੀਤੇ ਗਏ । ਸਮਾਗਮ ਦੀ ਸਮਾਪਤੀ ਤੇ ਭਾਈ ਸਾਹਿਬ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ ਜਿਸ ਵਿਚ ਭਾਰੀ ਗਿਣਤੀ ਅੰਦਰ ਸੰਗਤ ਨੇ ਹਾਜ਼ਿਰੀ ਭਰੀ ਸੀ । ਜੱਥੇ ਦੇ ਕਨਵੀਨਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਜਦੋ ਪੰਜਾਬ ਵਿਚ ਨੌਜੁਆਨੀ ਦਾ ਘਾਣ ਕੀਤਾ ਜਾ ਰਿਹਾ ਸੀ ਓਸ ਨੂੰ ਰੋਕਣ ਲਈ ਓਸ ਸਮੇਂ ਦੇ ਮੁੱਖਮੰਤਰੀ ਬੇਅੰਤ ਸਿੰਘ ਨੂੰ ਬਣਦੀ ਸਜ਼ਾ ਦੇਣ ਲਈ ਕੀਤੇ ਗਏ ਉਪਰਾਲੇ ਵਿਚ ਭਾਈ ਜਗਤਾਰ ਸਿੰਘ ਹਵਾਰਾ ਵੀ ਓਸ ਟੀਮ ਵਿਚ ਸ਼ਾਮਿਲ ਸਨ । ਓਹ ਕੌਮ ਖਾਤਿਰ ਆਪਣੀ ਜਿੰਦਗੀ ਦੇ ਅਨਮੋਲ ਪਲ ਜੇਲ੍ਹ ਵਿਚ ਗੁਜਾਰ ਰਹੇ ਹਨ ਤੇ ਬਣਦੀ ਸਜ਼ਾ ਤੋਂ ਵੀ ਵੱਧ ਸਜ਼ਾ ਕੱਟਣ ਤੋਂ ਬਾਵਜੂਦ ਜੇਲ੍ਹ ਅੰਦਰ ਲੰਮੇ ਸਮੇਂ ਤੋਂ ਬੰਦ ਹਨ ਜਿਸ ਕਰਕੇ ਕਈ ਤਰ੍ਹਾਂ ਦੀ ਬਿਮਾਰੀਆਂ ਨਾਲ ਪੀੜਿਤ ਹੋ ਗਏ ਹਨ । ਸਰਕਾਰ ਨੂੰ ਭਾਈ ਹਵਾਰਾ ਦਾ ਇਲਾਜ ਚੰਗੇ ਹਸਪਤਾਲ ਵਿਚ ਕਰਵਾਣਾ ਚਾਹੀਦਾ ਹੈ ਅਤੇ ਇਸ ਲਈ ਕਿਸੇ ਕਿਸਮ ਦੇ ਹਸਪਤਾਲੀ ਖਰਚੇ ਦੀ ਜਰੂਰਤ ਹੈ ਤਾਂ ਅਖੰਡ ਕੀਰਤਨੀ ਜੱਥਾ (ਦਿੱਲੀ) ਓਹ ਕਰਨ ਨੂੰ ਤਿਆਰ ਹੈ । ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜ਼ੇਕਰ ਅਦਾਲਤਾਂ ਅਤੇ ਸਰਕਾਰਾ ਵਲੋਂ ਪ੍ਰਗਿਆ ਠਾਕੁਰ, ਕਿਸ਼ਨ ਕੋਰਾਨੀ, ਮਾਇਆ ਕੋਡਨਾਨੀ, ਬਾਬੂ ਬਜਰੰਗੀ ਅਤੇ ਇਨ੍ਹਾਂ ਵਰਗਿਆਂ ਬਹੁਤੇ ਨੂੰ ਜਮਾਨਤਾਂ/ ਰਿਹਾਈਆਂ ਮਿਲ ਸਕਦੀਆਂ ਹਨ ਤਾਂ ਜੇਲ੍ਹਾਂ ਵਿਚ ਬੰਦ ਸਿੱਖ ਸਿਆਸੀ ਬੰਦੀ ਸਿੰਘਾਂ ਨਾਲ ਵੱਖਰਾ ਵਤੀਰਾ ਕਿਉਂ ਅਪਣਾਇਆ ਜਾ ਰਿਹਾ ਹੈ । ਅੰਤ ਵਿਚ ਉਨ੍ਹਾਂ ਨੇ ਸਰਕਾਰ ਨੂੰ ਭਾਈ ਹਵਾਰਾ ਦੇ ਇਲਾਜ ਲਈ ਕੁਝ ਸਮੇਂ ਦੀ ਪੈਰੋਲ ਦੀ ਮੰਗ ਵੀ ਕੀਤੀ ਜਿਸ ਨਾਲ ਉਨ੍ਹਾਂ ਦਾ ਚੰਗਾ ਇਲਾਜ ਹੋ ਸਕੇ ।