ਮਾਮਲਾ ਡੇਰਾ  ਪ੍ਰਬੰਧਕ ਰਹੇ ਰਣਜੀਤ ਸਿੰਘ ਦੀ ਹੱਤਿਆ ਦਾ  

ਮਾਮਲਾ ਡੇਰਾ  ਪ੍ਰਬੰਧਕ ਰਹੇ ਰਣਜੀਤ ਸਿੰਘ ਦੀ ਹੱਤਿਆ ਦਾ  

ਮਾਮਲਾ ਡੇਰਾ  ਪ੍ਰਬੰਧਕ ਰਹੇ ਰਣਜੀਤ ਸਿੰਘ ਦੀ ਹੱਤਿਆ ਦਾ  

 ਸੌਦਾ ਸਾਧ ਸਮੇਤ 5 ਨੂੰ ਉਮਰ ਕੈਦ

* ਡੇਰਾ ਮੁਖੀ ਨੂੰ 31 ਲੱਖ ਤੇ ਹੋਰਾਂ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ * 19 ਸਾਲ ਬਾਅਦ ਆਇਆ ਫ਼ੈਸਲਾ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ -ਡੇਰਾ ਸਿਰਸਾ ਦੇ ਪ੍ਰਬੰਧਕ ਰਹੇ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸੀਬੀਆਈ. ਅਦਾਲਤ ਨੇ ਡੇਰਾ ਮੁਖੀ ਸਮੇਤ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਕੇਸ 'ਚ ਰਾਮ ਰਹੀਮ ਤੋਂ ਇਲਾਵਾ ਬਾਕੀ ਚਾਰ ਦੋਸ਼ੀਆਂ ਵਿਚ ਜਸਬੀਰ ਸਿੰਘ, ਅਵਤਾਰ ਸਿੰਘ, ਕ੍ਰਿਸ਼ਨ ਲਾਲ ਅਤੇ ਸਬਦਿਲ ਦਾ ਨਾਂ ਸ਼ਾਮਿਲ ਹੈ। ਪੰਚਕੂਲਾ ਵਿਚ ਸੀਬੀਆਈ. ਦੇ ਵਿਸ਼ੇਸ਼ ਜੱਜ ਡਾ. ਸੁਸ਼ੀਲ ਕੁਮਾਰ ਗਰਗ ਨੇ ਡੇਰਾ ਮੁਖੀ 'ਤੇ 31 ਲੱਖ ਤੇ ਬਾਕੀ ਚਾਰ ਦੋਸ਼ੀਆਂ 'ਤੇ 50-50 ਹਜ਼ਾਰ ਦਾ ਜੁਰਮਾਨਾ ਲਗਾਇਆ। ਇਸ ਦੇ ਇਲਾਵਾ ਡੇਰਾ ਮੁਖੀ ਦੇ ਗੰਨਮੈਨ ਰਹੇ ਸਬਦਿਲ ਸਿੰਘ ਨੂੰ ਆਰਮਜ਼ ਐਕਟ ਤੇ ਧਾਰਾ 506 ਦੇ ਤਹਿਤ ਦੋਸ਼ੀ ਠਹਿਰਾਏ ਜਾਣ 'ਤੇ ਉਸ ਨੂੰ ਤਿੰਨ ਸਾਲ ਦੀ ਸਜ਼ਾ ਤੇ 25 ਹਜ਼ਾਰ ਵਾਧੂ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ। ਜ਼ਿਕਰਯੋਗ ਹੈ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਇਸ ਤੋਂ ਪਹਿਲਾਂ ਪੱਤਰਕਾਰ ਰਾਮ ਚੰਦਰ ਛਤਰਪਤੀ ਹੱਤਿਆਕਾਂਡ ਵਿਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਵੀ ਡੇਰਾ ਮੁਖੀ ਨੂੰ 10-10 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਅਦਾਲਤ ਦਾ ਫੈਸਲਾ ਆਉਣ ਦੇ ਬਾਅਦ ਸੀਬੀਆਈ. ਦੇ ਵਕੀਲ ਐਚ.ਪੀ.ਐਸ. ਵਰਮਾ ਨੇ ਸਪੱਸ਼ਟ ਕੀਤਾ ਕਿ ਰਾਮ ਰਹੀਮ ਨੂੰ ਉਮਰ ਕੈਦ ਮਤਲਬ ਮੌਤ ਤੱਕ ਜੇਲ੍ਹ ਵਿਚ ਰਹਿਣਾ ਹੋਵੇਗਾ।  ਸਜ਼ਾ ਸੁਣਾਏ ਜਾਣ ਦੇ ਨਾਲ ਹੀ  ਡੇਰਾ ਮੁਖੀ ਹਾਰਡਕੋਰ ਕੈਦੀ ਦੀ ਸ਼੍ਰੇਣੀ 'ਚ ਆ ਗਿਆ ਹੈ।  ਅਗਲੇ ਪੰਜ ਸਾਲ ਤੱਕ ਰਾਮ ਰਹੀਮ ਨੂੰ ਆਮ ਕੈਦੀ ਨੂੰ ਮਿਲਣ ਵਾਲੀ ਪੈਰੋਲ ਤੇ ਫਰਲੋ ਵਰਗੀ ਸੁਵਿਧਾ ਨਹੀਂ ਮਿਲ ਸਕੇਗੀ। ਡੇਰਾ ਮੁਖੀ ਰਾਮ ਰਹੀਮ ਇਸ ਤੋਂ ਪਹਿਲਾਂ ਪੱਤਰਕਾਰ ਛਤਰਪਤੀ ਹੱਤਿਆ ਕਾਂਡ 'ਚ ਵੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਇਸ ਦੇ ਇਲਾਵਾ ਦੋ ਸਾਧਵੀਆਂ ਦੇ ਜਿਨਸੀ ਸੋਸ਼ਣ ਮਾਮਲੇ ਵਿਚ 20 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਹੁਣ ਤੱਕ ਉਹ ਪੈਰੋਲ ਤੇ ਫਰਲੋ ਦਾ ਹੱਕਦਾਰ ਸੀ ਅਤੇ ਉਸ ਨੇ ਕਈ ਵਾਰ ਪੈਰੋਲ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਉਸ ਦੀ ਪੈਰੋਲ ਦੀ ਅਰਜ਼ੀ ਖਾਰਜ ਕਰ ਦਿੱਤੀ ਜਾਂਦੀ ਸੀ, ਪਰ ਹੁਣ ਉਹ ਪੈਰੋਲ ਤੇ ਫਰਲੋ ਦੇ ਨਿਯਮਾਂ ਤਹਿਤ ਪੰਜ ਸਾਲ ਤੱਕ ਇਸ ਸੁਵਿਧਾ ਦੇ ਕਾਬਲ ਨਹੀਂ ਮੰਨਿਆ ਜਾਵੇਗਾ। 

10 ਜੁਲਾਈ, 2002 ਨੂੰ ਡੇਰਾ ਸਿਰਸਾ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਕੁਰੂਕਸ਼ੇਤਰ ਦੇ ਰਣਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਡੇਰਾ ਪ੍ਰਬੰਧਕਾਂ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਹੀ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ 'ਵਿਚ ਆਪਣੀ ਭੈਣ ਤੋਂ ਗੁੰਮਨਾਮ ਚਿੱਠੀ ਲਿਖਵਾਈ। ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਸਿੰਘ ਦੇ ਪਿਤਾ ਨੇ ਜਨਵਰੀ 2003 'ਚ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਆਪਣੇ ਪੁੱਤਰ ਦੀ ਹੱਤਿਆ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ, ਜਿਸ ਨੂੰ ਹਾਈਕੋਰਟ ਨੇ ਮਨਜ਼ੂਰ ਕਰ ਲਿਆ। ਰਾਮ ਰਹੀਮ ਦੇ ਇਲਾਵਾ 5 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। 2007 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀਆਂ 'ਤੇ ਦੋਸ਼ ਤੈਅ ਕੀਤੇ ਅਤੇ 8 ਅਕਤੂੂਬਰ 2021 ਨੂੰ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਜਦਕਿ ਇਕ ਦੋਸ਼ੀ ਇੰਦਰਸੇਨ ਦੀ ਟ੍ਰਾਇਲ ਦੌਰਾਨ ਪਿਛਲੇ ਮੌਤ ਹੋ ਗਈ ਸੀ।ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਹੱਤਿਆ ਕਾਂਡ 'ਵਿਚ ਜੋ ਸਜ਼ਾ ਸੁਣਾਈ ਗਈ ਹੈ, ਉਹ ਪਹਿਲੇ ਸੁਣਾਈ ਜਾ ਚੁੱਕੀ ਛਤਰਪਤੀ ਹੱਤਿਆ ਕਾਂਡ ਦੀ ਸਜ਼ਾ ਦੇ ਨਾਲ ਹੀ ਚੱਲੇਗੀ। ਉੱਧਰ ਫੈਸਲਾ ਆਉਣ ਦੇ ਬਾਅਦ ਅਦਾਲਤ ਵਿਚ ਮੌਜੂਦ ਮ੍ਰਿਤਕ ਰਣਜੀਤ ਸਿੰਘ ਦੇ ਪੁੱਤਰ ਜਗਸੀਰ ਸਿੰਘ ਨੇ ਅਦਾਲਤ ਦੇ ਫੈਸਲੇ 'ਤੇ ਸੰਤੁਸ਼ਟੀ ਪ੍ਰਗਟਾਈ। ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਹੱਤਿਆ ਮਾਮਲੇ 'ਵਿਚ 19 ਸਾਲਾਂ ਬਾਅਦ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਲੋਂ ਦੋਸ਼ੀਆਂ ਸਜ਼ਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ ਬੀਤੀ 8 ਅਕਤੂਬਰ ਨੂੰ ਦੋਸ਼ੀ ਰਾਮ ਰਹੀਮ, ਕ੍ਰਿਸ਼ਨ ਲਾਲ, ਅਵਤਾਰ, ਜਸਵੀਰ ਅਤੇ ਸਬਦਿਲ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਆਈ. ਪੀ. ਸੀ. ਦੀ ਧਾਰਾ 302 (ਕਤਲ) ਅਤੇ 120 ਬੀ (ਅਪਰਾਧਿਕ ਸਾਜ਼ਿਸ਼) ਦਾ ਦੋਸ਼ੀ ਠਹਿਰਾਇਆ ਸੀ।

3 ਲੋਕਾਂ ਦੀ ਗਵਾਹੀ ਰਹੀ ਅਹਿਮ

ਰਣਜੀਤ ਸਿੰਘ ਹੱਤਿਆਕਾਂਡ 'ਚ ਤਿੰਨ ਲੋਕਾਂ ਦੀ ਗਵਾਹੀ ਮਹੱਤਵਪੂਰਨ ਰਹੀ। ਇਸ ਵਿਚ 2 ਚਸ਼ਮਦੀਦ ਗਵਾਹਾਂ ਸੁਖਦੇਵ ਸਿੰਘ ਅਤੇ ਜੋਗਿੰਦਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਦੋਸ਼ੀਆਂ ਨੂੰ ਰਣਜੀਤ ਸਿੰਘ 'ਤੇ ਗੋਲੀ ਚਲਾਉਂਦੇ ਹੋਏ ਦੇਖਿਆ। ਤੀਸਰਾ ਗਵਾਹ ਡੇਰਾ ਬੱਸੀ ਦਾ ਡਰਾਈਵਰ ਖੱਟਾ ਸਿੰਘ ਰਿਹਾ। ਖੱਟਾ ਸਿੰਘ ਅਨੁਸਾਰ ਉਸ ਦੇ ਸਾਹਮਣੇ ਹੀ ਰਣਜੀਤ ਸਿੰਘ ਨੂੰ ਮਾਰਨ ਦੀ ਸਾਜਿਸ਼ ਰਚੀ ਗਈ। ਖੱਟਾ ਸਿੰਘ ਦੇ ਬਿਆਨ ਅਨੁਸਾਰ ਡੇਰਾ ਮੁਖੀ ਨੇ ਉਸ ਦੇ ਸਾਹਮਣੇ ਹੀ ਰਣਜੀਤ ਸਿੰਘ ਨੂੰ ਮਾਰਨ ਲਈ ਕਿਹਾ। ਉਸ ਦੀ ਗਵਾਹੀ ਦੇ ਆਧਾਰ 'ਤੇ ਹੀ ਪੰਜਾਂ ਨੂੰ ਦੋਸ਼ੀ ਠਹਿਰਾਇਆ ਗਿਆ। ਸੀ.ਬੀ.ਆਈ. ਅਦਾਲਤ ਦੇ ਜੱਜ ਡਾ. ਸੁਸ਼ੀਲ ਕੁਮਾਰ ਗਰਗ ਨੇ ਸ਼ਾਮ ਕਰੀਬ ਸਾਢੇ ਚਾਰ ਵਜੇ ਸਜ਼ਾ ਦਾ ਐਲਾਨ ਕੀਤਾ।ਸਜ਼ਾ ਸੁਣਾਉਣ ਤੋਂ ਪਹਿਲਾਂ ਜੱਜ ਨੂੰ ਕੀਤੀ ਗਈ ਸੀ ਧਮਕੀ ਭਰੀ ਈਮੇਲ।  ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਇਕ ਈਮੇਲ ਆਉਣ ਨਾਲ ਤਰਥੱਲੀ ਮਚ ਗਈ। ਇਸ ਈਮੇਲ ਬਾਰੇ ਸੀਬੀਆਈ ਦੇ ਵਿਸੇਸ਼ ਜੱਜ ਨੇ ਗੁਰਮੀਤ ਰਾਮ ਰਹੀਮ ਤੋਂ ਵੀ ਪੁੱਛਿਆ ਪਰ ਉਸ ਨੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਇਹ ਈਮੇਲ ਸੈਸ਼ਨ ਜੱਜ ਦੀ ਈਮੇਲ ’ਤੇ ਆਈ ਸੀ। ਭਰੋਸੇਯੋਗ ਸੂਤਰਾਂ ਅਨੁਸਾਰ ਇਕ ਈਮੇਲ ਡਾ. ਮੋਹਿਤ ਗੁਪਤਾ ਜਿਸ ਦਾ ਪਤਾ ਡੇਰਾ ਸੱਚਾ ਸੌਦਾ ਦਾ ਦੱਸਿਆ ਗਿਆ। ਇਸ ਨਾਮ ਤੋਂ ਪਹਿਲਾਂ ਵੀ ਕਈ ਈਮੇਲ ਆ ਚੁੱਕੀਆਂ ਸਨ ਜਿਨ੍ਹਾਂ ਵਿਚ ਗਵਾਹੀਆਂ ਬਾਰੇ ਵੀ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ। ਜੱਜ ਨੇ ਇਸ ਬਾਰੇ ਵਕੀਲਾਂ ਤੋਂ ਪੁੱਛਿਆ ਅਤੇ ਉਸ ਤੋਂ ਬਾਅਦ ਰਾਮ ਰਹੀਮ ਤੋਂ ਪੁੱਛਿਆ। ਜੱਜ ਨੇ ਰਾਮ ਰਹੀਮ ਤੋਂ ਪੁੱਛਿਆ ਕਿ ਕੀ ਤੁਸੀਂ ਡਾ. ਮੋਹਿਤ ਗੁਪਤਾ ਨੂੰ ਜਾਣਦੇ ਹੋ। ਇਹ ਵਿਅਕਤੀ ਡੇਰੇ ਵਿਚ ਰਹਿੰਦਾ ਹੈ। ਰਾਮ ਰਹੀਮ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਵਿਸ਼ੇਸ਼ ਜੱਜ ਨੇ ਕਿਹਾ ਕਿ ਅੱਜ ਡਾ. ਮੋਹਿਤ ਗੁਪਤਾ ਦੀ ਇਕ ਈਮੇਲ ਆਈ ਜਿਸ ਵਿਚ ਧਮਕੀ ਦੀ ਬੋਅ ਆ ਰਹੀ ਹੈ। ਬਚਾਅ ਪੱਖ ਦੇ ਵਕੀਲ ਅਜੇ ਬਰਮਨ ਨੇ ਦੱਸਿਆ ਕਿ ਇਸ ਬਾਰੇ ਪਹਿਲਾਂ ਹਾਈ ਕੋਰਟ ’ਚ ਸ਼ਿਕਾਇਤ ਹੋ ਚੁੱਕੀ ਹੈ ਅਤੇ ਉਸ ਨੂੰ 50 ਹਜ਼ਾਰ ਰੁਪਏ ਜੁਰਮਾਨਾ ਲਾਇਆ ਜਾ ਚੁੱਕਾ ਹੈ। ਉਨ੍ਹਾਂ ਡਾ. ਮੋਹਿਤ ਗੁਪਤਾ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ।ਉਥੇ ਸੋਮਵਾਰ ਨੂੰ ਸੁਣਵਾਈ ਦੌਰਾਨ ਇਕ ਦੋਸ਼ੀ ਅਵਤਾਰ ਸਿੰਘ ਨੇ ਕਿਹਾ ਕਿ ਉਹ ਮਾਮਲੇ ਵਿਚ ਬੇਕਸੂਰ ਹਨ। ਉਸ ਨੇ ਚਾਰ ਲੋਕਾਂ ਦੇ ਨਾਂ ਵੀ ਕੋਰਟ ਵਿਚ ਲਏ ਜਿਸ ’ਤੇ ਜੱਜ ਨੇ ਪੁੱਛਿਆ ਕਿ ਉਨ੍ਹਾਂ ਪਹਿਲਾਂ ਕਿਉਂ ਨਹੀਂ ਨਾਂ ਲਏ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਬੋਲਣ ਦਾ ਮੌਕਾ ਨਹੀਂ ਮਿਲਿਆ। ਦੋਸ਼ੀ ਕ੍ਰਿਸ਼ਨ ਲਾਲ ਨੇ ਕਿਹਾ ਕਿ ਉਹ ਤਾਂ ਬਾਬੇ ਦੇ ਚੇਲੇ ਹਨ, ਉਨ੍ਹਾਂ ਕੁਝ ਨਹੀਂ ਕੀਤਾ।                                                          

19 ਸਾਲ ਬਾਅਦ ਦੀਵਾਲੀ ਮਨਾਏਗਾ ਰਣਜੀਤ ਸਿੰਘ ਦਾ ਪੁੱਤਰ ਜਗਸੀਰ 

  ‘ਉਦੋਂ ਮੈਂ 7 ਸਾਲ ਦਾ ਸੀ, ਅੱਜ 27 ਦਾ ਹੋ ਗਿਆ ਹਾਂ। ਲਗਪਗ 19 ਸਾਲ ਮੈਂ ਦੀਵਾਲੀ ਨਹੀਂ ਮਨਾਈ, ਪਰ ਇਸ ਵਾਰ ਦੀਵਾਲੀ ਜ਼ਰੂਰ ਮਨਾਵਾਂਗਾ।’ ਇਹ ਕਹਿਣਾ ਹੈ ਕਿ ਰਣਜੀਤ ਸਿੰਘ ਦੇ ਪੁੱਤਰ ਜਗਸੀਰ ਦਾ। ਪਿਤਾ ਦੇ ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ ਮਿਲਣ ਤੋਂ ਬਾਅਦ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਵਿਚ ਜਗਸੀਰ ਨੇ ਕਿਹਾ ਕਿ ਉਹ ਗਰੈਜੂਏਟ ਹੈ ਤੇ ਹੁਣ ਖੇਤੀਬਾੜੀ ਕਰਦਾ ਹੈ। ਜਗਸੀਰ ਦੇ ਮੁਤਾਬਕ ਉਸ ਦੇ ਦਾਦਾ ਨੇ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਜੋ ਸੰਘਰਸ਼ ਸ਼ੁਰੂ ਕੀਤਾ ਸੀ, ਉਹ ਅੱਜ ਪੂਰਾ ਹੋ ਗਿਆ। ਕਾਸ਼! ਮੇਰੇ ਦਾਦਾ ਆਪਣੀਆਂ ਅੱਖਾਂ ਨਾਲ ਇਹ ਨਿਆਂ ਦੇਖ ਪਾਉਂਦੇ। 2016 ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ।ਜਗਸੀਰ ਨੇ ਕਿਹਾ ਕਿ ਸਾਨੂੰ ਅਦਾਲਤ ਉਪਰ ਪੂਰਾ ਭਰੋਸਾ ਸੀ। ਕਈ ਵਾਰ ਡਰ ਵੀ ਲੱਗਾ ਕਿ ਇੰਨੇ ਤਾਕਤਵਰ ਆਦਮੀ ਨਾਲ ਪੰਗਾ ਲਿਆ ਹੈ, ਕੁਝ ਹੋਵੇਗਾ ਵੀ ਜਾਂ ਨਹੀਂ, ਪਰ ਸਾਨੂੰ ਅੱਜ ਬਹੁਤ ਖੁਸ਼ੀ ਹੈ। ਜਗਸੀਰ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣ ਕੇ ਅਤੇ ਪਿਤਾ ਦੇ ਛੱਲਣੀ ਹੋਏ ਚਿਹਰੇ ਦੀ ਯਾਦ ਆਉਂਦੇ ਹੀ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਪਿਤਾ ਦੀ ਮੌਤ ਦਾ ਫ਼ੈਸਲਾ ਆਇਆ ਹੈ, ਇਸ ਲਈ ਹੁਣ ਆਪਣੇ ਇਸ ਦੁੱਧ ਨੂੰ ਸਭ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਵਾਰਦਾਤ ਦੇ ਸਮੇਂ ਉਹ 7 ਸਾਲ ਦਾ ਸੀ ਅਤੇ ਕੋਚਿੰਗ ਤੋਂ ਕਲਾਸ ਖਤਮ ਹੋਣ ਤੋਂ ਬਾਅਦ ਘਰ ਪਹੁੰਚਿਆ ਸੀ। ਮਾਂ ਨੇ ਦੱਸਿਆ ਕਿ ਪਿਤਾ ਜੀ ਖੇਤ ਵਿਚ ਕੰਮ ਕਰ ਰਹੇ ਮਜ਼ਦੂਰਾਂ ਲਈ ਚਾਹ ਲੈ ਕੇ ਗਏ ਹਨ। ਇਸ ਤੋਂ ਬਾਅਦ ਉਹ ਖੇਡਣ ’ਚ ਮਸਤ ਹੋ ਗਿਆ। ਕੁਝ ਦੇਰ ਬਾਅਦ ਸੂਚਨਾ ਮਿਲੀ ਕਿ ਪਿੰਡ ਵਿਚ ਕਿਸੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮਾਂ ਸਮੇਤ ਘਰ ਦੇ ਹੋਰ ਮੈਂਬਰ ਸੂਚਨਾ ਤੋਂ ਬਾਅਦ ਖੇਤ ਵੱਲ ਭੱਜੇ। ਉਹ ਇਸ ਗੱਲ ਤੋਂ ਕਾਫੀ ਪਰੇਸ਼ਾਨ ਹੋ ਗਿਆ ਅਤੇ ਖੇਤ ਵੱਲ ਚੱਲ ਪਿਆ। ਖੇਤ ਨੇੜੇ ਪਹੁੰਚਿਆ ਤਾਂ ਦੇਖਿਆ ਕਿ ਉਥੇ ਭੀੜ ਜਮ੍ਹਾਂ ਸੀ ਅਤੇ ਮਾਂ ਰੋ ਰਹੀ ਸੀ। ਨਾਲ ਹੀ ਦਾਦਾ ਜੋਗਿੰਦਰ ਸਿੰਘ ਪਰੇਸ਼ਾਨ ਖੜ੍ਹੇ ਸਨ ਅਤੇ ਮਾਂ ਨੂੰ ਹੌਸਲਾ ਦੇ ਰਹੇ ਸਨ।ਮਾਂ ਵੀ ਰੋ ਰਹੀ ਸੀ, ਉਹ ਕੋਲ ਗਿਆ ਅਤੇ ਮਾਂ ਨੂੰ ਪੁੱਛਿਆ, ਕੀ ਹੋਇਆ। ਮਾਂ ਨੇ ਉਸ ਨੂੰ ਗਲੇ ਲਗਾ ਲਿਆ, ਬੋਲੀ, ‘ਬੇਟਾ ਪਾਪਾ ਚਲੇ ਗਏ ਅਤੇ ਰੋਣ ਲੱਗੀ। ਇਹ ਦ੍ਰਿਸ਼ ਅੱਜ ਵੀ ਉਸ ਦੇ ਜ਼ਿਹਨ ਵਿਚ  ਹੈ।

ਡੇਰੇ ਵਿਚ ਪੱਸਰੀ ਰਹੀ ਸੁੰਨ

ਰਣਜੀਤ ਕਤਲ ਕੇਸ ’ਚ ਡੇਰਾ ਮੁਖੀ ਸਣੇ ਪੰਜ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਡੇਰੇ ਵਿੱਚ ਸੁੰਨ ਪਸਰ ਗਈ। ਡੇਰੇ ਦੀ ਸੱਚ ਮਾਰਕੀਟ ਬੰਦ ਕਰ ਦਿੱਤੀ ਗਈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦਾ ਸਖ਼ਤ ਇੰਤਜਾਮ ਕੀਤੇ ਗਏ ਸਨ। ਡੇਰੇ ਨੂੰ ਜਾਣ ਵਾਲੇ ਰਾਹਾਂ ’ਤੇ ਪੁਲੀਸ ਵੱਲੋਂ ਨਾਕੇ ਲਾ ਕੇ ਵਾਹਨਾਂ ਦੀ ਚੈਕਿੰਗ ਕਰਨ ਮਗਰੋਂ ਹੀ ਅੱਗੇ ਜਾਣ ਦੀ ਇਜ਼ਾਜਤ ਦਿੱਤੀ ਗਈ। 

 ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ

ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭਾਵੇਂ ਫ਼ੈਸਲਾ ਕਾਫ਼ੀ ਲੰਬੇ ਸਮੇਂ ਮਗਰੋਂ ਆਇਆ ਹੈ ਪਰ ਦੇਰ ਨਾਲ ਆਏ ਇਸ ਫ਼ੈਸਲੇ ਨੇ ਪੀੜਤ ਦੇ ਜ਼ਖ਼ਮਾਂ ’ਤੇ ਮਰਹਮ ਲਾਈ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇ ਇਹ ਫ਼ੈਸਲਾ ਰਣਜੀਤ ਦੇ ਪਿਤਾ ਦੇ ਜ਼ਿਊਂਦੇ ਰਹਿੰਦੇ ਆ ਜਾਂਦਾ ਜਿਨ੍ਹਾਂ ਨੇ ਇਸ ਕੇਸ ਨੂੰ ਸ਼ਿਦਕ ਨਾਲ ਲੜਿਆ ਸੀ।