ਮੰਤਰੀ ਦਾ ਅਸਤੀਫਾ ਅਤੇ ਉਨ੍ਹਾਂ ਦੀ ਵੀ ਗ੍ਰਿਫ਼ਤਾਰੀ ਹੋਵੇ- ਰਾਕੇਸ਼ ਟਿਕੈਤ

ਮੰਤਰੀ ਦਾ ਅਸਤੀਫਾ ਅਤੇ ਉਨ੍ਹਾਂ ਦੀ ਵੀ ਗ੍ਰਿਫ਼ਤਾਰੀ ਹੋਵੇ- ਰਾਕੇਸ਼ ਟਿਕੈਤ

ਲਖੀਮਪੁਰ ਖੀਰੀ ਭੋਗ ਸਮਾਗਮ ਦੌਰਾਨ ਮੋਦੀ ਸਰਕਾਰ ਨੂੰ ਦਿਤਾ ਸੁਨੇਹਾ

ਅੰਮ੍ਰਿਤਸਰ ਟਾਇਮਜ਼ 

ਲਖ਼ੀਮਪੁਰ ਖੀਰੀ :ਲਖੀਮਪੁਰ ਖੀਰੀ ਦੇ ਤਿਕੁਨੀਆ ਵਿੱਚ 3 ਅਕਤੂਬਰ ਨੂੰ ਕਿਸਾਨਾਂ ਨੂੰ ਕੁਚਲਣ ਦੀ ਘਟਨਾ ਵਿੱਚ ਮਰਨ ਵਾਲੇ ਚਾਰ ਕਿਸਾਨਾਂ ਲਈ ਬੀਤੇ ਮੰਗਲਵਾਰ ਨੂੰ ਅੰਤਿਮ ਅਰਦਾਸ ਸਮਾਗਮ ਕਰਵਾਇਆ ਗਿਆ।ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਕਾਰਕੁਨ ਸਣੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵੀ ਪਹੁੰਚੀ। ਉਹ ਮੱਥਾ ਟੇਕਣ ਤੋਂ ਬਾਅਦ ਜ਼ਮੀਨ 'ਤੇ ਕਿਸਾਨਾਂ ਨਾਲ ਬੈਠੀ।ਇਸ ਮੌਕੇ ਉਨ੍ਹਾਂ ਨੇ ਕੋਈ ਬਿਆਨ ਨਹੀਂ ਦਿੱਤਾ ਅਤੇ ਮ੍ਰਿਤਕ ਪਰਿਵਾਰ ਵਾਲਿਆਂ ਨੂੰ ਸਨਮਾਨ ਦੇ ਕੇ ਚਲੀ ਗਈ।ਸਮਾਗਮ ਦੌਰਾਨ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਵੀ ਕਾਫ਼ੀ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ, ਥਾਂ-ਥਾਂ ਨਾਕੇ ਲਾ ਕੇ ਹਰ ਵਾਹਨ ਦੀ ਚੈਕਿੰਗ ਅਤੇ ਵੀਡੀਓਗ੍ਰਾਫ਼ੀ ਕੀਤੀ ਜਾ ਰਹੀ ਸੀ।ਇਸ ਘਟਨਾ ਵਿੱਚ ਮਾਰੇ ਗਏ ਕਿਸਾਨ ਲਵਪ੍ਰੀਤ ਸਿੰਘ ਅਤੇ ਨਛੱਤਰ ਸਿੰਘ ਲਖੀਮਪੁਰ ਦੇ ਵਸਨੀਕ ਸਨ, ਜਦਕਿ ਗੁਰਵਿੰਦਰ ਸਿੰਘ ਅਤੇ ਦਲਜੀਤ ਸਿੰਘ ਨੇੜਲੇ ਬਹਰਾਇਚ ਜ਼ਿਲ੍ਹੇ ਦੇ ਵਸਨੀਕ ਸਨ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਪ੍ਰੋਗਰਾਮ ਦਾ ਪ੍ਰਬੰਧ ਮਹਾਰਾਜਾ ਅਗਰਸੇਨ ਇੰਟਰ ਕਾਲਜ, ਤਿਕੁਨਿਆ ਵਿਚ ਕੀਤਾ ਗਿਆ, ਇਸ ਵਿੱਚ ਨੇੜਲੇ ਜ਼ਿਲ੍ਹਿਆਂ, ਸੀਤਾਪੁਰ, ਪੀਲੀਭੀਤ ਅਤੇ ਬਹਰਾਇਚ ਦੇ ਕਿਸਾਨਾਂ ਵੀ ਪੁੱਜ ਰਹੇ ਹਨ।ਅਰਦਾਸ ਸਮਾਗਮ ਵਿੱਚ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਨੂੰ "ਰੈੱਡ ਕਾਰਪੇਟ ਗ੍ਰਿਫ਼ਤਾਰੀ ਸੀ।"ਇਸ ਦੇ ਨਾਲ ਹੀ ਉਨ੍ਹਾਂ ਨੇ ਪੁੱਛਗਿੱਛ ਨੂੰ "ਗੁਲਦਸਤੇ ਵਾਲੀ ਪੁੱਛਗਿੱਛ" ਦੱਸਿਆ। ਉਨ੍ਹਾਂ ਨੇ ਕਿਹਾ ਕਿ ਮੰਤਰੀ ਦਾ ਅਸਤੀਫ਼ਾ ਹੋਵੇ ਤੇ ਉਨ੍ਹਾਂ ਗ੍ਰਿਫ਼ਤਾਰੀ ਵੀ ਹੋਣੀ ਚਾਹੀਦੀ ਹੈ।ਇਸ ਮੰਚ ਤੋਂ ਰਾਕੇਸ਼ ਟਿਕੈਤ ਨੇ ਕਿਹਾ, "ਜਦੋਂ ਤੱਕ ਮੰਤਰੀ ਅਜੇ ਮਿਸ਼ਰ ਦੀ ਬਰਖਾਸਤੀ ਅਤੇ ਸਾਜਿਸ਼ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਨਹੀਂ ਹੋਵੇਗੀ, ਉਦੋਂ ਤੱਕ ਕਿਸਾਨਾਂ ਦਾ ਇਹ ਅੰਦੋਲਨ ਜਾਰੀ ਰਹੇਗਾ।"ਚਾਰਾਂ ਕਿਸਾਨਾਂ ਅਤੇ ਪੱਤਰਕਾਰ ਦੇ ਪਰਿਵਾਰ ਵਾਲਿਆਂ ਦਾ ਮੰਚ 'ਤੇ ਸਨਮਾਨ ਕੀਤਾ ਗਿਆ। ਇਹ ਵੀ ਕਿਹਾ ਗਿਆ ਉਨ੍ਹਾਂ ਦੀਆਂ ਅਸਥੀਆਂ ਨੂੰ ਕਈ ਕਲਸ਼ਾਂ ਵਿੱਚ ਰੱਖ ਕੇ ਉੱਤਰ ਪ੍ਰਦੇਸ਼ ਦੇ ਹਰੇਕ ਜਿਲ੍ਹੇ ਵਿੱਚ ਲੈ ਕੇ ਜਾਣਗੇ।

ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੰਚ ਦਾ ਸੰਚਾਲਨ ਕਰ ਰਹੇ ਪ੍ਰੋ. ਦਰਸ਼ਨਪਾਲ ਨੇ ਐਲਾਨ ਕੀਤਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਤਿਕੁਨੀਆ 'ਚ ਸ਼ਹੀਦ ਕਿਸਾਨਾਂ ਦਾ 'ਸ਼ਹੀਦ ਸਮਾਰਕ' ਬਣਾਇਆ ਜਾਵੇਗਾ।ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ  ਕਿਹਾ ਕਿ ਸਰਕਾਰ ਹਿੰਦੂ ਸਿੱਖ ਦਾ ਪੱਤਾ ਖੇਡ ਕੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।ਕਿਸਾਨਾਂ ਨੇ ਕਿਹਾ ਕਿ ਜੇਕਰ ਲਖੀਮਪੁਰ ਖੀਰੀ ਦੀ ਘਟਨਾ ਤੋਂ ਜੇਕਰ ਲੋਕ ਇਕੱਠੇ ਨਾ ਹੁੰਦੇ ਤਾਂ ਸਰਕਾਰ ਨੇ ਹੋਰ ਦਮਨ ਕਰਨਾ ਸੀ।ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਨੈਤਿਕਤਾ ਦੇ ਅਧਾਰ ਉੱਤੇ ਆਪ ਹੀ ਅਸਤੀਫ਼ਾ ਦੇਣਾ ਚਾਹੀਦਾ ਹੈ।ਪੰਜਾਬ, ਹਰਿਆਣਾ ਅਤੇ ਦਿੱਲੀ ਬਾਰਡਰਾਂ ਤੋਂ ਵੀ ਕਈ ਕਿਸਾਨ ਆਗੂ ਅਤੇ ਕਿਸਾਨ ਅੰਦੋਲਨ ਦੇ ਕਾਰਕੁਨ ਉੱਥੇ ਪਹੁੰਚੇ ਸਨ।ਲਖਨਊ ਤੋਂ ਲਖੀਮਪੁਰ ਦੇ ਰਸਤੇ 'ਤੇ ਬਹੁਤ ਸਾਰੇ ਪੋਸਟਰ ਲਗਾਏ ਗਏ ਹਨ, ਜਿਨ੍ਹਾਂ ਵਿੱਚ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਵਾਲੇ ਸੰਦੇਸ਼ ਕੁਝ ਭਾਜਪਾ ਪਖੀ ਸਿੱਖਾਂ  ਦੀ ਤਰਫੋਂ ਛਾਪੇ ਗਏ ਹਨ।ਪੋਸਟਰਾਂ ਵਿੱਚੋਂ ਇੱਕ ਨੇ ਲਿਖਿਆ, "ਕਿਸੇ ਜਾਅਲੀ ਹਮਦਰਦੀ ਦੀ ਜ਼ਰੂਰਤ ਨਹੀਂ ਹੈ। ਲਖੀਮਪੁਰ ਦੇ ਕਿਸਾਨ 1984 ਦੇ ਦੰਗਿਆਂ ਲਈ ਜ਼ਿੰਮੇਵਾਰ ਲੋਕਾਂ ਤੋਂ ਹਮਦਰਦੀ ਨਹੀਂ ਚਾਹੁੰਦੇ। "ਇਹ ਪੋਸਟਰ ਰਾਜ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸਰਦਾਰ ਪਰਵਿੰਦਰ ਸਿੰਘ ਦੇ ਨਾਮ 'ਤੇ ਛਾਪਿਆ ਗਿਆ ਹੈ।ਇਨ੍ਹਾਂ ਤੋਂ ਸਪੱਸ਼ਟ ਹੈ ਕਿ ਇਹ ਪੋਸਟਰ ਉਨ੍ਹਾਂ ਲੋਕਾਂ ਦੁਆਰਾ ਲਗਾਏ ਗਏ ਹਨ, ਜੋ ਰਾਜ ਦੀ ਯੋਗੀ ਸਰਕਾਰ ਦਾ ਸਮਰਥਨ ਕਰਦੇ ਹਨ।