ਕਕਾਰਾਂ ਦੀ ਪੜਤਾਲ ਦੇ ਨਾਂਅ 'ਤੇ ਸਿੱਖ ਵਿਦਿਆਰਥੀਆਂ ਨਾਲ ਵਿਤਕਰਾ ਨਾ ਹੋਵੇ - ਲਾਲਪੁਰਾ

ਕਕਾਰਾਂ ਦੀ ਪੜਤਾਲ ਦੇ ਨਾਂਅ 'ਤੇ ਸਿੱਖ ਵਿਦਿਆਰਥੀਆਂ ਨਾਲ ਵਿਤਕਰਾ ਨਾ ਹੋਵੇ - ਲਾਲਪੁਰਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ-ਘੱਟ ਗਿਣਤੀਆਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਕੜਾ ਅਤੇ ਕ੍ਰਿਪਾਨ ਦੀ ਪੜਤਾਲ ਦੇ ਨਾਂਅ 'ਤੇ ਸਿੱਖ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ 'ਚ ਇਕ ਘੰਟਾ ਪਹਿਲਾਂ ਬੁਲਾਉਣ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਧਾਰਮਿਕ ਸ਼ਰਧਾ ਨਾਲ ਜੁੜੇ ਚਿੰਨ੍ਹਾਂ ਨੂੰ ਵਿਤਕਰਾ ਕਰਨ ਦਾ ਆਧਾਰ ਨਾ ਬਣਾਇਆ ਜਾਵੇ ।ਕਮਿਸ਼ਨ ਦੇ ਚੇਅਰਮੈਨ ਨੇ ਰਾਸ਼ਟਰੀ ਟੈਸਟਿੰਗ ਏਜੰਸੀ ਦੀ ਚੇਅਰਪਰਸਨ ਐੱਸ.ਐੱਸ. ਅਸੰਥ ਨੂੰ ਇਸ ਸਬੰਧੀ ਚਿੱਠੀ ਲਿਖ ਕੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਮੈਡੀਕਲ ਦੇ ਦਾਖ਼ਲੇ ਲਈ ਨੀਟ ਪ੍ਰੀਖਿਆ ਜਾਂ ਜੇ.ਈ.ਈ. ਵਰਗੀਆਂ ਦਾਖ਼ਲਾ ਪ੍ਰੀਖਿਆਵਾਂ ਲਈ ਸਿੱਖ ਵਿਦਿਆਰਥੀਆਂ ਨੂੰ ਕੜਾ ਅਤੇ ਕ੍ਰਿਪਾਨ ਆਦਿ ਦੀ ਸਕੈਨਿੰਗ ਲਈ ਨਿਸਚਿਤ ਸਮੇਂ ਤੋਂ 2 ਘੰਟੇ ਪਹਿਲਾਂ ਪ੍ਰੀਖਿਆ ਕੇਂਦਰ 'ਚ ਬੁਲਾਇਆ ਜਾਂਦਾ ਹੈ ।ਲਾਲਪੁਰਾ ਨੇ ਸੰਵਿਧਾਨ ਦੀ ਧਾਰਾ-25 ਤਹਿਤ ਦਿੱਤੇ ਹੱਕਾਂ ਦੇ ਹਵਾਲੇ ਨਾਲ ਕਿਹਾ ਕਿ ਦਿੱਲੀ ਹਾਈਕੋਰਟ ਵਲੋਂ ਮੈਟਾਲਿਕ ਵਸਤਾਂ 'ਤੇ ਸਭ ਲਈ ਲਾਈ ਇਕੋ ਜਿਹੀ ਪਾਬੰਦੀ ਨਿਆਂਸੰਗਤ ਨਹੀਂ ਹੈ ।ਲਾਲਪੁਰਾ ਨੇ ਰਾਸ਼ਟਰੀ ਟੈਸਟਿੰਗ ਏਜੰਸੀ ਜੋ ਕਿ ਦੇਸ਼ 'ਚ ਉਚੇਰੀ ਸਿੱਖਿਆ ਸੰਸਥਾਵਾਂ 'ਚ ਦਾਖ਼ਲੇ ਲਈ ਪ੍ਰੀਖਿਆਵਾਂ ਦਾ ਪ੍ਰਬੰਧ ਕਰਦੀ ਹੈ, ਨੂੰ ਸਿੱਖਾਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਾ ਕੀਤੇ ਜਾਣ ਲਈ ਸੁਝਾਅ ਦਿੰਦਿਆਂ ਕਿਹਾ ਕਿ ਸਿੱਖ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦਾ ਰਿਪੋਰਟਿੰਗ ਸਮਾਂ ਬਾਕੀ ਉਮੀਦਵਾਰਾਂ ਵਾਂਗ ਹੋਣਾ ਚਾਹੀਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਸੁਰੱਖਿਆ ਦਾ ਉੱਚਿਤ ਅਮਲ ਪੂਰਾ ਕਰਨ ਲਈ ਅਤੇ ਇਸ 'ਚ ਲੱਗਣ ਵਾਲਾ ਸਮਾਂ ਘਟਾਉਣ ਲਈ ਸਕ੍ਰੀਨਿੰਗ ਮੈਟਲ ਡਿਟੈਕਟਰ ਟ੍ਰੇਸ ਵਾਲੇ ਦਰਵਾਜ਼ੇ ਰਾਹੀਂ ਕੀਤੀ ਜਾਣੀ ਚਾਹੀਦੀ ਹੈ ।