ਭਾਰਤੀ ਨੇਤਾਵਾਂ ਦੀ ਬਦਜ਼ੁਬਾਨੀ ਤੇ ਨੌਟੰਕੀ ਸਿਖਰ 'ਤੇ

ਭਾਰਤੀ ਨੇਤਾਵਾਂ ਦੀ ਬਦਜ਼ੁਬਾਨੀ ਤੇ ਨੌਟੰਕੀ ਸਿਖਰ 'ਤੇ

n ਮੋਦੀ ਤੇ ਭਾਜਪਾ ਗਠਜੋੜ ਘਟੀਆ ਬਿਆਨਬਾਜ਼ੀ 'ਚ ਸਭ ਤੋਂ ਅੱਗੇ 
n ਕੈਪਟਨ ਨਸ਼ਾ ਤਸਕਰ : ਹਰਸਿਮਰਤ ਕੌਰ ਬਾਦਲ 
n ਬਾਦਲ ਬੋਲੇ-ਪੀਐੱਮ ਦੇ ਅਹੁਦੇ ਲਈ ਰਾਹੁਲ ਹੈ ਅਨਾੜੀ 
n ਸਿੱਧੂ ਬੋਲਿਆ-ਭਾਜਪਾ ਆਗੂ ਕਾਲੇ ਅੰਗਰੇਜ਼

ਚੋਣ ਵਿਸ਼ੇਸ਼/ਬਲਵਿੰਦਰਪਾਲ ਸਿੰਘ

ਜਲੰਧਰ : ਭਾਰਤ ਵਿਚ ਲੋਕ ਸਭਾ ਚੋਣਾਂ ਦੌਰਾਨ ਨੇਤਾਵਾਂ ਕੋਲ ਕੋਈ ਸਾਰਥਿਕ ਮੁੱਦਾ ਨਹੀਂ, ਉਹ ਇਕ ਦੂਜੇ ਨੂੰ ਗਾਲ੍ਹਾਂ ਕੱਢਣ ਤੱਕ ਸੀਮਤ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤੀ ਨੇਤਾ ਵੱਡੇ ਨੌਟੰਕੀਬਾਜ਼ ਹਨ। ਉਹ ਇਕ ਦੂਸਰੇ ਨੂੰ ਸਟੂਪਿਡ, ਜਵਾਨਾਂ ਦੇ ਖ਼ੂਨ ਦਾ ਦਲਾਲ, ਗਦਾਫ਼ੀ, ਹਿਟਲਰ, ਮਸੋਲੀਨੀ, ਬਾਂਦਰ, ਚੂਹਾ, ਬਿੱਛੂ, ਗੰਦਾ ਆਦਮੀ, ਜ਼ਹਿਰ ਬੀਜਣ ਵਾਲਾ, ਪਾਗਲ ਕੁੱਤਾ, ਰਾਵਣ, ਭਸਮਾਸੁਰ ਤੇ ਗੰਦੀ ਨਾਲੀ ਦਾ ਕੀੜਾ ਤੱਕ ਕਹਿ ਰਹੇ ਹਨ। ਇਥੋਂ ਤੱਕ ਕਿ ਪ੍ਰਧਾਨ ਮੰਤਰੀ ਮੋਦੀ ਦੀ ਭਾਸ਼ਾ ਉਹੀ ਰਹੀ, ਜਿਹੜੀ ਉਹ ਚੋਣ ਪ੍ਰਚਾਰ ਸਮੇਂ ਭਾਜਪਾ ਆਗੂ ਵਜੋਂ ਬੋਲਦੇ ਰਹੇ ਸਨ। ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਰਗੇ ਸ਼ਰੀਫ਼ ਵਿਅਕਤੀ ਨੂੰ ਕਦੇ ਸੋਨੀਆ ਦਾ ਤੋਤਾ ਤੇ ਕਦੇ ਗੁੰਗਾ ਪ੍ਰਧਾਨ ਮੰਤਰੀ ਵੀ ਕਹਿ ਚੁੱਕੇ ਹਨ। ਉਹ ਰਾਹੁਲ ਗਾਂਧੀ ਨੂੰ ਕਦੇ ਜਰਸੀ ਗਾਂ ਦਾ ਵੱਛਾ ਤੇ ਕਦੇ ਪੱਪੂ ਕਹਿ ਕੇ ਉਸ ਦਾ ਮਜ਼ਾਕ ਉਡਾਉਂਦੇ ਰਹੇ ਹਨ। ਹਾਲੀਆਂ ਚੋਣਾਂ ਨੂੰ ਭਾਜਪਾ ਆਗੂਆਂ ਨੇ ਗਲੀ-ਛਾਪ ਗੁੰਡਿਆਂ ਦੀ ਲੜਾਈ ਬਣਾ ਦਿੱਤਾ ਹੈ। ਅਜਿਹੀ ਹਾਲਤ ਵਿੱਚ ਕਿਹੜਾ ਕੀਹਨੂੰ ਕਿੰਨੀਆਂ ਵੱਧ ਗਾਲ੍ਹਾਂ ਕੱਢਦਾ, ਇਸ ਦਾ ਕੋਈ ਮਤਲਬ ਨਹੀਂ ਰਹਿੰਦਾ। ਹਾਲਤ ਇਹ ਬਣ ਗਈ ਹੈ ਕਿ ਰਾਬੜੀ ਦੇਵੀ ਅਮਿਤ ਸ਼ਾਹ ਨੂੰ ਆਦਮਖੋਰ, ਮੋਦੀ ਨੂੰ ਜਲਾਦ ਕਹਿ ਰਹੀ ਹੈ। ਜੇ ਡੀ ਯੂ ਦਾ ਸੰਜੇ ਸਿੰਘ ਮੀਸਾ ਭਾਰਤੀ ਨੂੰ ਸਰੂਪਨਖਾ ਕਹਿ ਰਿਹਾ ਹੈ। ਪਿਛਲੇ ਪੰਜ ਸਾਲਾਂ ਦੌਰਾਨ ਮੌਜੂਦਾ ਸੱਤਾਧਾਰੀਆਂ ਨੇ ਸਿਆਸਤ ਨੂੰ ਜਿਸ ਪੱਧਰ ਉੱਤੇ ਲਿਆ ਖੜਾ ਕੀਤਾ ਹੈ, ਆਉਣ ਵਾਲੇ ਸਮੇਂ ਦੌਰਾਨ ਇਸ ਦਾ ਖਮਿਆਜ਼ਾ ਸਮੁੱਚੇ ਭਾਰਤ ਨੂੰ ਭੁਗਤਣਾ ਪਵੇਗਾ।

ਹਰਸਿਮਰਤ ਬਾਦਲ ਨੇ ਕੈਪਟਨ ਨੂੰ ਦੱਸਿਆ ਨਸ਼ਾ ਤਸਕਰ-
ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸ਼ੇ ਵੇਚਣ ਵਾਲਾ ਤਸਕਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਪੰਜਾਬ ਵਿੱਚ ਨਸ਼ਾ ਵਿਕਾਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਨਸ਼ਿਆਂ ਦੀ ਹੋਮ ਡਿਲੀਵਰੀ ਹੋ ਰਹੀ ਹੈ।

ਮੋਦੀ ਫਾਹਾ ਲੈਣਗੇ : ਖੜਗੇ
ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਨੇ ਵਿਵਾਦਮਈ ਬਿਆਨ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਹੈ ਕਿ ਜੇ ਉਨ੍ਹਾਂ ਵੱਲੋਂ ਕੀਤੀ ਭਵਿੱਖਬਾਣੀ ਦੇ ਉਲਟ ਕਾਂਗਰਸ ਲੋਕ ਸਭਾ ਚੋਣਾਂ ਵਿੱਚ 40 ਤੋਂ ਵੱਧ ਸੀਟਾਂ ਜਿੱਤ ਜਾਂਦੀ ਹੈ ਤਾਂ ਫਿਰ ਕੀ ਉਹ ਦਿੱਲੀ ਦੇ ਵਿਜੈ ਚੌਕ ਵਿੱਚ ਫਾਹਾ ਲੈ ਲੈਣਗੇ। ਇਸ ਦੌਰਾਨ ਭਾਜਪਾ ਦੀ ਸੰਸਦ ਮੈਂਬਰ ਸ਼ੋਭਾ ਕਰਾਂਡਲਜੇ ਨੇ ਖੜਗੇ ਨੂੰ ਬਿਆਨ ਲਈ ਮੁਆਫ਼ੀ ਮੰਗਣ ਲਈ ਕਿਹਾ ਹੈ।

ਪ੍ਰਧਾਨ ਮੰਤਰੀ ਅਹੁਦੇ ਲਈ ਰਾਹੁਲ ਅਨਾੜੀ-ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਜ਼ਹਿਰ ਉਗਲਣ ਵਾਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੇਸ਼ ਦੇ ਲੋਕ ਕਿਸੇ ਵੀ ਕੀਮਤ 'ਤੇ ਪ੍ਰਧਾਨ ਮੰਤਰੀ ਨਹੀਂ ਦੇਖਣਾ ਚਾਹੁੰਦੇ ਕਿਉਂਕਿ ਦੇਸ਼ ਦੀ ਸੱਤਾ ਲਈ ਉਹ ਪੂਰੀ ਤਰ੍ਹਾਂ ਅਨਾੜੀ ਹਨ। ਸਾਡੇ ਦੇਸ਼ ਨੂੰ ਕਾਬਿਲ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ। ਇਹ ਕਾਬਲੀਅਤ ਸਿਰਫ਼ ਨਰਿੰਦਰ ਮੋਦੀ ਵਿਚ ਹੀ ਹੈ।

ਭਾਜਪਾ ਆਗੂ 'ਕਾਲੇ ਅੰਗਰੇਜ਼' - ਸਿੱਧੂ
ਚੋਣ ਕਮਿਸ਼ਨ ਵੱਲੋਂ ਜਾਰੀ ਨੋਟਿਸ ਦੇ ਬਾਵਜੂਦ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੱਧੂ ਨੇ ਭਾਜਪਾ ਨੂੰ 'ਕਾਲੇ ਅੰਗਰੇਜ਼' ਸੱਦ ਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਨੂੰ 'ਸੱਜ ਵਿਆਹੀ ਵਹੁਟੀ' ਨਾਲ ਮੇਲ ਕੇ ਨਵਾਂ ਵਿਵਾਦ ਸਹੇੜ ਲਿਆ ਹੈ। ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੱਜ ਵਿਆਹੀ ਵਹੁਟੀ ਵਾਂਗ ਹਨ, ਜੋ ਆਪਣੇ ਸਹੁਰੇ ਘਰ ਵਿੱਚ ਰੋਟੀਆਂ ਘੱਟ ਵੇਲਦੀ ਹੈ, ਪਰ ਖੜਾਕ ਜ਼ਿਆਦਾ ਕਰਦੀ ਹੈ। ਇਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਮੌਲਾਨਾ ਅਬੁਲ ਕਲਾਮ ਆਜ਼ਾਦ ਤੇ ਮਹਾਤਮਾ ਗਾਂਧੀ ਨੇ ਦੇਸ਼ ਨੂੰ ਗੋਰਿਆਂ ਤੋਂ ਆਜ਼ਾਦੀ ਦਿਵਾਈ ਸੀ ਜਦੋਂਕਿ ਇੰਦੌਰ ਦੇ ਲੋਕ ਮੁਲਕ ਨੂੰ 'ਕਾਲੇ ਅੰਗਰੇਜ਼ਾਂ' ਤੋਂ ਮੁਕਤੀ ਦਿਵਾਉਣਗੇ।

ਸੁਖਪਾਲ ਖਹਿਰਾ ਗੁਰੂਆਂ ਤੇ ਸੰਤਾਂ ਦਾ ਸਰਾਪਿਆ ਹੋਇਐ : ਬੀਬੀ ਜਗੀਰ ਕੌਰ
ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਹਲਕਾ ਖਡੂਰ ਸਾਹਿਬ ਤੋਂ ਪੀਡੀਏ ਅਤੇ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਤੀ ਭਾਈ ਜਸਵੰਤ ਸਿੰਘ ਖਾਲੜਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਨ, ਜਿਨ੍ਹਾਂ ਨੂੰ ਪਾਰਟੀ ਨੇ ਮਨੁੱਖੀ ਅਧਿਕਾਰ ਵਿੰਗ ਦੀ ਡਿਊਟੀ 'ਤੇ ਲਾਇਆ ਸੀ ਤੇ ਇਸ ਡਿਊਟੀ 'ਤੇ ਰਹਿੰਦਿਆਂ ਉਨ੍ਹਾਂ ਸਿੱਖ ਕੌਮ ਲਈ ਆਪਣੀ ਸ਼ਹਾਦਤ ਦਿੱਤੀ। ਲਿਹਾਜਾ ਉਹ ਜਸਵੰਤ ਸਿੰਘ ਖਾਲੜਾ ਨੂੰ ਸਿੱਖ ਕੌਮ ਦਾ ਸ਼ਹੀਦ ਮੰਨਦੇ ਹਨ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਬੀਬੀ ਪਰਮਜੀਤ ਕੌਰ ਖਾਲੜਾ ਦੀ ਇਹ ਕਹਿ ਕੇ ਨਿੰਦਾ ਵੀ ਕੀਤੀ, ਕਿ ਬੀਬੀ ਖਾਲੜਾ ਉਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਖੇਡਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਚੋਣ ਲੜ ਰਹੀ ਹੈ, ਜਿਨ੍ਹਾਂ ਲੋਕਾਂ ਨੇ ਜਸਵੰਤ ਸਿੰਘ ਖਾਲੜਾ ਨੂੰ ਮਾਰਿਆ ਤੇ ਮਰਵਾਇਆ ਸੀ। ਇੱਥੇ ਬੋਲਦਿਆ ਬੀਬੀ ਜਗੀਰ ਕੌਰ ਨੇ ਸੁਖਪਾਲ ਖਹਿਰਾ ਨੂੰ ਵੀ ਨਹੀਂ ਬਖ਼ਸ਼ਿਆ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਸੁਖਪਾਲ ਖਹਿਰਾ ਗੁਰੂਆਂ ਤੇ ਸੰਤਾਂ ਦਾ ਸਰਾਪਿਆ ਹੋਇਐ, ਜੋ ਥਾਂ-ਥਾਂ ਧੱਕੇ ਖਾਂਦਾ ਫਿਰਦਾ ਹੈ।
ਬੀਬੀ ਪਰਮਜੀਤ ਕੌਰ ਖਾਲੜਾ 'ਤੇ ਸਿਆਸੀ ਵਾਰ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ, ਕਿ ਬੀਬੀ ਖਾਲੜਾ ਨੂੰ ਹਲਕਾ ਖਡੂਰ ਸਾਹਿਬ ਦੇ ਲੋਕ ਵੋਟ ਨਹੀਂ ਪਾਉਣਗੇ, ਕਿਉਂਕਿ 1999 ਵਿੱਚ ਚੋਣ ਹਾਰਨ ਤੋਂ ਬਾਅਦ ਬੀਬੀ ਪਰਮਜੀਤ ਕੌਰ ਖਾਲੜਾ ਪਰਿਵਾਰ ਸਣੇ ਪੰਜਾਬ ਛੱਡ ਅਮਰੀਕਾ ਵਿੱਚ ਜਾ ਵਸੇ ਸਨ, ਇੱਥੋਂ ਤੱਕ ਕਿ ਉਹ ਜਸਵੰਤ ਸਿੰਘ ਖਾਲੜਾ ਦੀ ਬਰਸੀ 'ਤੇ ਵੀ ਇੱਥੇ ਨਹੀਂ ਆਉਂਦੇ। ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਇਹ ਵੀ ਖੁਲਾਸਾ ਕੀਤਾ ਕਿ ਸਤਨਾਮ ਸਿੰਘ ਨਾਮ ਦੇ ਜਿਸ ਥਾਣੇਦਾਰ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਗੋਲੀ ਮਾਰੀ ਸੀ, ਉਸ ਨੂੰ ਬੇਗੋਵਾਲ ਥਾਣੇ ਵਿੱਚ ਥਾਣੇਦਾਰ ਕਾਂਗਰਸ ਸਰਕਾਰ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਲਗਵਾ ਕੇ ਰੱਖਿਆ। ਉਨ੍ਹਾਂ ਕਿਹਾ ਕਿ ਜਿਸ ਬੰਦੇ ਨੇ ਭਾਈ ਖਾਲੜਾ ਨੂੰ ਗੋਲੀ ਮਾਰੀ ਉਹ ਖਹਿਰਾ ਦਾ ਯਾਰ, ਜਿਹੜੀ ਪਾਰਟੀ ਨੇ ਖਾਲੜਾ ਨੂੰ ਮਰਵਾਇਆ ਉਹ ਖਹਿਰੇ ਦੀ ਪਾਰਟੀ, ਜਿਸ ਕੇਪੀਐਸ ਗਿੱਲ ਨੇ ਖਾਲੜਾ ਨੂੰ ਮਰਵਾਇਆ ਉਸ ਗਿੱਲ ਨੂੰ ਕਾਂਗਰਸ ਸਰਕਾਰ ਅਤੇ ਖਹਿਰਾ ਨੇ ਮਰਨ ਤੋਂ ਬਾਅਦ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਬੀਬੀ ਖਾਲੜਾ ਇਸ ਦੇ ਬਾਵਜੂਦ ਵੀ ਇਨ੍ਹਾਂ ਲੋਕਾਂ ਦੇ ਹੱਥਾਂ ਵਿਚ ਖੇਡ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਖਹਿਰਾ ਨੇ ਬੀਬੀ ਖਾਲੜਾ ਨੂੰ ਸਿਰਫ ਪੈਸੇ ਇਕੱਠੇ ਕਰਨ ਲਈ ਅੱਗੇ ਤੋਰਿਆ ਹੋਇਆ ਹੈ, ਹੋਰ ਕੁਝ ਨਹੀਂ।

ਮੋਦੀ ਨੇ ਲਾਏ ਗੱਬਰ ਸਿੰਘ ਵਾਲੇ ਟੈਕਸ-ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਉਮੀਦਵਾਰ ਡਾ. ਅਮਰ ਸਿੰਘ ਦੇ ਪ੍ਰਚਾਰ ਲਈ ਖੰਨਾ ਪਹੁੰਚੇ। ਪੀਐਮ ਮੋਦੀ 'ਤੇ ਨਿਸ਼ਾਨਾ ਲਾਉਂਦਿਆਂ ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿਰਫ ਅਮੀਰਾਂ ਨੂੰ ਫਾਇਦਾ ਪਹੁੰਚਾਇਆ ਹੈ। ਗ਼ਰੀਬਾਂ ਲਈ ਕੁਝ ਨਹੀਂ ਕੀਤਾ। ਮੋਦੀ ਦਾ ਗ਼ਰੀਬਾਂ ਦੇ ਖ਼ਾਤੇ ਵਿੱਚ 15-15 ਲੱਖ ਰੁਪਏ ਭੇਜਣ ਦਾ ਦਾਅਵਾ ਵੀ ਝੂਠਾ ਸਾਬਤ ਹੋਇਆ ਹੈ। ਮੋਦੀ ਸਰਕਾਰ ਨੇ ਨੋਟਬੰਦੀ ਤੇ ਗੱਬਰ ਸਿੰਘ ਟੈਕਸ ਲਾ ਕੇ ਸਭ ਤੋਂ ਵੱਡੀ ਗਲਤੀ ਕੀਤੀ। ਰਾਹੁਲ ਨੇ ਕਿਹਾ ਕਿ ਨੋਟਬੰਦੀ ਜੇ ਕਾਲੇ ਧਨ ਖਿਲਾਫ ਲੜਾਈ ਸੀ ਤਾਂ ਗਰੀਬ ਲੋਕ ਲਾਈਨਾਂ ਵਿੱਚ ਖੜ੍ਹੇ ਕਿਉਂ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਮੋਦੀ ਨੇ ਲੱਖਾਂ ਕਰੋੜ ਰੁਪਏ ਅਡਾਨੀ ਤੇ ਅੰਬਾਨੀ ਵਰਗੇ ਕਾਰੋਬਾਰੀਆਂ ਨੂੰ ਦੇ ਦਿੱਤੇ ਪਰ ਕਾਂਗਰਸ ਸਰਕਾਰ ਗਰੀਬਾਂ ਦੇ ਖ਼ਾਤਿਆਂ ਵਿੱਚ ਪੈਸੇ ਪਾਏਗੀ।