ਅਜ਼ਾਦ ਸਿੱਖ ਰਾਜ ਲਈ ਯਤਨਸ਼ੀਲ 9 ਸਿੱਖਾਂ ਨੂੰ ਭਾਰਤ ਨੇ ਅੱਤਵਾਦੀ ਐਲਾਨਿਆ

ਅਜ਼ਾਦ ਸਿੱਖ ਰਾਜ ਲਈ ਯਤਨਸ਼ੀਲ 9 ਸਿੱਖਾਂ ਨੂੰ ਭਾਰਤ ਨੇ ਅੱਤਵਾਦੀ ਐਲਾਨਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜੂਨ 1984 ਵਿਚ ਦਰਬਾਰ ਸਾਹਿਬ ਸਮੇਤ ਕਈ ਗੁਰਦੁਆਰਾ ਸਾਹਿਬਾਨ 'ਤੇ ਭਾਰਤ ਵੱਲੋਂ ਕੀਤੇ ਫੌਜੀ ਹਮਲੇ ਅਤੇ ਨਵੰਬਰ 1984 ਵਿਚ ਭਾਰਤ ਅੰਦਰ ਹੋਈ ਸਿੱਖ ਨਸਲਕੁਸ਼ੀ ਤੋਂ ਬਾਅਦ ਸਿੱਖਾਂ ਦੇ ਅਜ਼ਾਦ ਦੇਸ਼ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਵਿਚ ਸ਼ਾਮਲ 9 ਸਿੱਖਾਂ ਨੂੰ ਭਾਰਤ ਸਰਕਾਰ ਨੇ ਕਾਲੇ ਕਾਨੂੰਨ ਵਜੋਂ ਜਾਣੇ ਜਾਂਦੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਅਧੀਨ ਅੱਤਵਾਦੀ ਐਲਾਨਿਆ ਹੈ। 

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਵਧਾਵਾ ਸਿੰਘ ਬੱਬਰ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ, ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ, ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਭੁਪਿੰਦਰ ਸਿੰਘ ਭਿੰਦਾ, ਗੁਰਮੀਤ ਸਿੰਘ ਬੱਗਾ; ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੱਨੂ; ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਅਤੇ ਬੱਬਰ ਖਾਲਸਾ ਇੰਟਰਨੈਸ਼ਲ ਦੇ ਪਰਮਜੀਤ ਸਿੰਘ ਨੂੰ ਇਸ ਸੂਚੀ ਵਿਚ ਸ਼ਾਮਲ ਕਰਦਿਆਂ ਅੱਤਵਾਦੀ ਐਲਾਨਿਆ ਗਿਆ ਹੈ। 

ਜ਼ਿਕਰਯੋਗ ਹੈ ਕਿ ਗੁਰਪਤਵੰਤ ਸਿੰਘ ਪੱਨੂ ਆਪਣੀ ਸੰਸਥਾ ਸਿੱਖਸ ਫਾਰ ਜਸਟਿਸ ਰਾਹੀਂ ਸੰਯੁਕਤ ਰਾਸ਼ਟਰ ਦੇ ਕਾਨੂੰਨਾਂ ਮੁਤਾਬਕ ਪੰਜਾਬ ਵਿਚ ਰੈਫਰੈਂਡਮ ਕਰਾਉਣ ਲਈ ਮੁਹਿੰਮ ਚਲਾ ਰਹੇ ਹਨ। ਸੂਚੀ ਵਿਚ ਸ਼ਾਮਲ ਕੀਤੇ ਗਏ ਪਰਮਜੀਤ ਸਿੰਘ ਪੰਮਾ ਵੀ ਬਰਤਾਨੀਆ ਵਿਚ ਆਪਣੇ ਪਰਿਵਾਰ ਨਾਲ ਰਹਿੰਦਿਆਂ ਸਿੱਖਾਂ ਦੀ ਅਜ਼ਾਦੀ ਲਈ ਜ਼ਮਹੂਰੀ ਢੰਗ ਨਾਲ ਅਵਾਜ਼ ਚੁੱਕਦੇ ਹਨ। ਹਰਦੀਪ ਸਿੰਘ ਨਿੱਝਰ ਕੈਨੇਡਾ ਵਿਚ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਨ ਅਤੇ ਜ਼ਮਹੂਰੀ ਤਰੀਕੇ ਨਾਲ ਖਾਲਿਸਤਾਨ ਲਈ ਅਵਾਜ਼ ਚੁੱਕ ਰਹੇ ਹਨ। ਪਰ ਭਾਰਤ ਵਿਚ ਇਹਨਾਂ ਸਿੱਖ ਆਗੂਆਂ ਖਿਲਾਫ ਕਈ ਅਪਰਾਧਕ ਮਾਮਲੇ ਦਰਜ ਕੀਤੇ ਗਏ ਹਨ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਯੂਏਪੀਏ ਵਿਚ ਕੀਤੀ ਗਈ ਸੋਧ ਦੇ ਅਧਾਰ 'ਤੇ ਐਲਾਨੀਆ ਅੱਤਵਾਦੀਆਂ ਦੀ ਇਸ ਸੂਚੀ ਵਿਚ ਭਾਰਤ ਨੇ ਮੌਲਾਨਾ ਮਸੂਦ ਅਜ਼ਹਰ, ਹਾਫਿਜ਼ ਸਈਦ, ਜ਼ਕੀ ਉਰ ਰਹਿਮਾਨ ਲਖਵੀ ਅਤੇ ਦਾਊਦ ਇਬਰਾਹਿਮ ਨੂੰ ਸ਼ਾਮਲ ਕੀਤਾ ਸੀ। ਹੁਣ ਅਜ਼ਾਦੀ ਲਈ ਸੰਘਰਸ਼ਸ਼ੀਲ 9 ਸਿੱਖਾਂ ਨੂੰ ਸ਼ਾਮਲ ਕਰਨ ਨਾਲ ਇਸ ਸੂਚੀ ਵਿਚ ਕੁੱਲ 13 ਨਾਂ ਹੋ ਗਏ ਹਨ।