ਚੀਨ ਦੀ ਸਖਤ ਪਹੁੰਚ ਅੱਗੇ ਭਾਰਤ ਦੀ ਨਰਮ ਸਫਬੰਦੀ

ਚੀਨ ਦੀ ਸਖਤ ਪਹੁੰਚ ਅੱਗੇ ਭਾਰਤ ਦੀ ਨਰਮ ਸਫਬੰਦੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ-ਚੀਨ ਦਰਮਿਆਨ ਹਿਮਾਲਿਆ ਪਰਬਤਾਂ ਵਿਚ ਚੱਲ ਰਹੀ ਤਲਖੀ ਨੂੰ ਸ਼ਾਂਤ ਕਰਨ ਲਈ ਦੋਵਾਂ ਦੇਸ਼ਾਂ ਦੇ ਉੱਚ ਫੌਜੀ ਅਫਸਰਾਂ ਦੀ ਬੀਤੇ ਕੱਲ੍ਹ ਚੁਸ਼ੂਲ-ਮੋਲਡੋ ਸਰਹੱਦ 'ਤੇ ਅਹਿਮ ਬੈਠਕ ਹੋਈ। ਇਸ ਬੈਠਕ ਵਿਚ ਭਾਰਤ ਵੱਲੋਂ 15 ਕਾਰਪਸ ਦੇ ਕਮਾਂਡਰ ਲੈਫਟਿਨੈਂਟ ਜਨਰਲ ਹਰਿੰਦਰ ਸਿੰਘ ਅਤੇ ਚੀਨ ਵੱਲੋਂ ਸ਼ਿਨਜ਼ਿਆਂਗ ਫੌਜੀ ਜ਼ਿਲ੍ਹੇ ਦੇ ਮੁਖੀ ਮੇਜਰ ਜਨਰਲ ਲਿਊ ਲਿਨ ਸ਼ਾਮਲ ਹੋਏ। 

ਬੈਠਕ ਮਗਰੋਂ ਭਾਰਤ ਦੇ ਵਿਦੇਸ਼ ਮਹਿਕਮੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਬੈਠਕ ਬੜੇ ਚੰਗੇ ਮਾਹੌਲ ਵਿਚ ਹੋਈ ਅਤੇ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਘਟੇਗੀ। 

ਭਾਰਤ ਦੇ ਵਿਦੇਸ਼ ਮਹਿਕਮੇ ਨੇ ਬਿਆਨ ਵਿਚ ਕਿਹਾ ਕਿ ਦੋਵੇਂ ਧਿਰਾਂ ਪਹਿਲਾਂ ਹੋਏ ਸਮਝੌਤਿਆਂ ਦੇ ਅਧਾਰ 'ਤੇ ਸਰਹੱਦੀ ਵਿਵਾਦ ਨੂੰ ਸ਼ਾਂਤਮਈ ਢੰਗ ਨਾਲ ਗੱਲਬਾਤ ਰਾਹੀਂ ਹੱਲ ਕਰਨ ਵਾਸਤੇ ਸਹਿਮਤ ਹੋ ਗਈਆਂ ਹਨ।

ਹਲਾਂਕਿ ਚੀਨ ਵੱਲੋਂ ਇਸ ਬੈਠਕ ਤੋਂ ਬਾਅਦ ਕੋਈ ਬਿਆਨ ਨਹੀਂ ਆਇਆ ਹੈ, ਪਰ ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਵਿਚ ਕੱਲ੍ਹ ਛਪੀ ਖਬਰ 'ਚ ਕਿਹਾ ਗਿਆ ਕਿ ਭਾਰਤ ਨਾਲ ਸਰਹੱਦੀ ਗਰਮਾ-ਗਰਮੀ ਦੇ ਚਲਦਿਆਂ ਚੀਨੀ ਫੌਜ ਵੱਲੋਂ ਜੰਗੀ ਕਸਰਤਾਂ ਜਾਰੀ ਹਨ। 

ਦੱਸ ਦਈਏ ਕਿ ਪਿਛਲੇ ਦਿਨਾਂ ਦੌਰਾਨ ਚੀਨੀ ਫੌਜ ਭਾਰਤ ਵੱਲੋਂ ਜਿਹੜੀ ਲਕੀਰ ਨੂੰ ਆਪਣੇ ਨਕਸ਼ੇ ਵਿਚ ਆਪਣੇ ਕਬਜ਼ੇ ਦੀ ਹੱਦ ਦੱਸਿਆ ਜਾਂਦਾ ਹੈ ਉਸ ਤੋਂ 8 ਕਿਲੋਮੀਟਰ ਅੰਦਰ ਆ ਗਈ ਹੈ। ਚੀਨੀ ਫੌਜ ਨੇ ਇੱਥੇ ਤੰਬੂ ਵੀ ਗੱਡ ਲਏ ਹੋਏ ਹਨ। ਇਹ ਸਰਹੱਦੀ ਖਿੱਤਾ ਭਾਰਤ ਅਤੇ ਚੀਨ ਵਿਚਾਲੇ ਵਿਵਾਦਤ ਮੰਨਿਆ ਜਾਂਦਾ ਹੈ। ਭਾਰਤ ਗੱਲਬਾਤ ਰਾਹੀਂ ਚੀਨ ਨੂੰ ਪਿੱਛੇ ਜਾਣ ਵਾਸਤੇ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਚੀਨ ਵੱਲੋਂ ਪਿੱਛੇ ਜਾਣ ਦਾ ਕੋਈ ਇਸ਼ਾਰਾ ਨਹੀਂ ਦਿੱਤਾ ਜਾ ਰਿਹਾ। 

ਚੀਨੀ ਅਖਬਾਰ ਗਲੋਬਲ ਟਾਈਮਜ਼ ਵਿਚ 5 ਜੂਨ ਨੂੰ ਚੀਨ ਦੇ ਦੱਖਣੀ ਏਸ਼ੀਆ ਖਿੱਤੇ ਦੇ ਮਾਹਰ ਅਦਾਰੇ ਦੇ ਸਕੱਤਰ ਜਨਰਲ ਦੀ ਛਪੀ ਇੰਟਰਵਿਊ ਵਿਚ ਕਿਹਾ ਗਿਆ ਕਿ ਕੋਰੋਨਾਵਾਇਰਸ ਤੋਂ ਬਾਅਦ ਬਣੇ ਵਿਸ਼ਵ ਹਾਲਾਤਾਂ ਵਿਚ ਭਾਰਤ ਵੱਲੋਂ ਅਮਰੀਕਾ ਧੜੇ ਨਾਲ ਵਧਾਈ ਜਾ ਰਹੀ ਚੀਨ ਵਿਰੋਧੀ ਭਾਈਵਾਲੀ ਤੋਂ ਚੀਨ ਨਾਖੁਸ਼ ਹੈ। 

ਦੱਸ ਦਈਏ ਕਿ ਅਮਰੀਕਾ ਜੀ-7 ਦੇਸ਼ਾਂ ਦੇ ਸਮੂਹ ਵਿਚ ਭਾਰਤ ਨੂੰ ਸ਼ਾਮਲ ਕਰਨ ਦਾ ਸੱਦਾ ਦੇ ਚੁੱਕਿਆ ਹੈ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਪ੍ਰਵਾਨ ਵੀ ਕਰ ਲਿਆ ਹੈ। ਚੀਨ ਇਸ ਸਮੂਹ ਨੂੰ ਉਸਦੇ ਹਿੱਤਾਂ ਵਿਰੋਧੀ ਮੰਨਦਾ ਹੈ ਅਤੇ ਚੀਨ ਦਾ ਮੰਨਣਾ ਹੈ ਕਿ ਅਮਰੀਕਾ ਹਿੰਦ-ਪ੍ਰਸ਼ਾਂਤ ਮਹਾਸਾਗਰ ਨੀਤੀ ਅਧੀਨ ਭਾਰਤ ਨੂੰ ਚੀਨ ਖਿਲਾਫ ਵਰਤਣਾ ਚਾਹੁੰਦਾ ਹੈ। ਚੀਨ ਦੀਆਂ ਸਰਹੱਦ 'ਤੇ ਫੌਜੀ ਕਾਰਵਾਈਆਂ ਨੂੰ ਇਹਨਾਂ ਉਪਰੋਕਤ ਸਿਆਸੀ ਸਫਬੰਦੀਆਂ ਨਾਲ ਜੋੜ ਕੇ ਹੀ ਦੇਖਿਆ ਜਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਆਪਣੀ ਵਿਸ਼ਾਲ ਫੌਜੀ ਤਾਕਤ ਰਾਹੀਂ ਭਾਰਤ ਨੂੰ ਸੁਨੇਹਾ ਦੇ ਰਿਹਾ ਹੈ ਕਿ ਜੇ ਭਾਰਤ ਨੇ ਇਸ ਖਿੱਤੇ ਵਿਚ ਚੀਨ ਖਿਲਾਫ ਅਮਰੀਕਾ ਦੇ ਮੋਹਰੇ ਵਜੋਂ ਖੇਡਣ ਦੀ ਕੋਸ਼ਿਸ਼ ਕੀਤੀ ਤਾਂ ਚੀਨ ਉਸਨੂੰ ਵੱਡੀ ਫੌਜੀ ਸੱਟ ਮਾਰ ਸਕਦਾ ਹੈ।