ਬਰਤਾਨੀਆ ਵਿਚ ਆਰ.ਐਸ.ਐਸ. ਸੋਚ ਦੇ ਮਾਲਕ ਰਿਸੀ ਸੂਨਕ ਦਾ ਪ੍ਰਧਾਨ ਮੰਤਰੀ ਬਣਨ ਨਾਲ 2 ਪ੍ਰਮਾਣੂ ਤਾਕਤਾਂ ਵਾਲੇ ਮੁਲਕਾਂ ਉਤੇ ਹਿੰਦੂਤਵ ਦਾ ਕਬਜਾ ਹੋਣ ਦੇ ਅਸਾਰ ਵਧੇ: ਮਾਨ

ਬਰਤਾਨੀਆ ਵਿਚ ਆਰ.ਐਸ.ਐਸ. ਸੋਚ ਦੇ ਮਾਲਕ ਰਿਸੀ ਸੂਨਕ ਦਾ ਪ੍ਰਧਾਨ ਮੰਤਰੀ ਬਣਨ ਨਾਲ 2 ਪ੍ਰਮਾਣੂ ਤਾਕਤਾਂ ਵਾਲੇ ਮੁਲਕਾਂ ਉਤੇ ਹਿੰਦੂਤਵ ਦਾ ਕਬਜਾ ਹੋਣ  ਦੇ ਅਸਾਰ ਵਧੇ: ਮਾਨ

ਇੰਡੀਆ ਆਰ.ਐਸ.ਐਸ. ਦੇ ਹੱਥਾਂ ਵਿਚ ਬਿਲਕੁਲ ਹਿਟਲਰ-ਨਾਜੀ ਸੋਚ ਉਤੇ ਚੱਲ ਰਿਹਾ ਹੈ, ਬਰਤਾਨੀਆ ਵਿਚ ਵੀ ਇਹ ਸੋਚ ਭਾਰੂ ਨਾ ਹੋ ਜਾਵੇ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 26 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- “ਬੀਤੇ ਦਿਨੀਂ ਬਰਤਾਨੀਆ ਮੁਲਕ ਵਿਚ ਪਹਿਲੇ ਵਜ਼ੀਰ-ਏ-ਆਜ਼ਮ ਬੀਬੀ ਲਿਜ ਟਰੱਸ ਵੱਲੋਂ ਆਪਣੇ ਅਹੁਦੇ ਉਤੇ ਅਸਤੀਫਾ ਦੇਣ ਉਪਰੰਤ ਜੋ ਨਵੇ ਵਜ਼ੀਰ-ਏ-ਆਜਮ ਦੀ ਨਿਯੁਕਤੀ ਹੋਣ ਦੀ ਪ੍ਰਕਿਰਿਆ ਸੰਪੂਰਨ ਹੋਈ, ਜਿਸ ਵਿਚ ਹਿੰਦੂਤਵ ਸੋਚ ਤੇ ਆਰ.ਐਸ.ਐਸ. ਦੇ ਕੱਟੜ ਪੈਰੋਕਾਰ ਰਿਸੀ ਸੂਨਕ ਵੱਲੋਂ ਬਰਤਾਨੀਆ ਦਾ ਵਜ਼ੀਰ-ਏ-ਆਜਮ ਬਣਨ ਨਾਲ ਹੁਣ ਦੁਨੀਆ ਦੇ 2 ਮੁਲਕਾਂ ਉਤੇ ਹਿੰਦੂਤਵ ਸੋਚ ਵਾਲਿਆ ਦਾ ਕਬਜਾ ਹੋ ਚੁੱਕਿਆ ਹੈ । ਜਿਸ ਨਾਲ 2 ਹਿੰਦੂਤਵ ਪ੍ਰਮਾਣੂ ਤਾਕਤਾਂ ਦੇ ਦੋਵੇ ਹੱਥਾਂ ਵਿਚ ਲੱਡੂ ਹਨ ਅਤੇ ਹੋਰ ਵੱਡੀ ਤਾਕਤ ਬਣ ਗਈਆ ਹਨ । ਜਿਸ ਉਤੇ ਅਸੀ ਇਨ੍ਹਾਂ ਦੋਵੇ ਹਿੰਦੂਤਵ ਸੋਚ ਵਾਲਿਆ ਨੂੰ ਕਬਜਾ ਹੋਣ ਤੇ ਵਧਾਈ ਦਿੰਦੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਮੁਲਕ ਅਤੇ ਬਰਤਾਨੀਆ ਮੁਲਕ ਤੇ ਕਾਬਜ ਹੋ ਚੁੱਕੀਆ ਦੋਵੇ ਹਿੰਦੂਤਵ ਪ੍ਰਮਾਣੂ ਤਾਕਤਾਂ ਅਤੇ ਆਰ.ਐਸ.ਐਸ. ਦੇ ਪੈਰੋਕਾਰਾਂ ਨੂੰ ਆਪਣੇ ਹੀ ਢੰਗ ਨਾਲ ਵਧਾਈ ਦਿੰਦਿਆ ਹੋਇਆ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਇੰਡੀਆ ਵਾਲੇ ਜਦੋ ਚਾਹੁੰਣ ਬਰਤਾਨੀਆ ਤੋ ਅਸਲਾ ਖਰੀਦ ਸਕਦੇ ਹਨ, ਬਰਤਾਨੀਆ ਜਿਵੇ ਹੋਰ ਮੁਲਕਾਂ ਨੂੰ ਮਾਲੀ ਮਦਦ ਕਰ ਰਿਹਾ ਹੈ, ਉਸ ਤਰ੍ਹਾਂ ਮਦਦ ਕਰ ਸਕਦੇ ਹਨ । ਇਹ ਦੋਵੇ ਹਿੰਦੂਤਵ ਤਾਕਤਾਂ ਹੁਣ ਆਪਣੇ ਮੰਦਭਾਵਨਾ ਭਰੇ ਮਕਸਦਾ ਦੀ ਪੂਰਤੀ ਕਰਨ ਵਿਚ ਸੌਖ ਮਹਿਸੂਸ ਕਰਨਗੇ । ਇਨ੍ਹਾਂ ਨੇ ਸਿੱਖਾਂ ਦੇ ਮਸਲਿਆ ਨੂੰ ਤਾਂ ਹੱਲ ਨਹੀ ਕਰਨਾ, ਨਾ ਹੀ ਅਜਿਹਾ ਕਰ ਸਕੇ ਹਨ ਪਰ ਇਹ ਦੋਵੇ ਤਾਕਤਾਂ ਆਪਣੇ ਆਪ ਨੂੰ ਤਾਕਤ ਵਾਲੀਆ ਮਹਿਸੂਸ ਕਰਨ ਲੱਗ ਪਈਆ ਹਨ । ਇਸ ਹਿੰਦੂਤਵ ਤਾਕਤਾਂ ਵਾਲੇ ਵੱਡੇ ਹਿੰਦੂ ਭਰਾ ਜਿਸਨੇ ਪਹਿਲੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ, ਉਹ ਹੁਣ ਬਰਤਾਨੀਆ ਤੋ ਆਧੁਨਿਕ ਚੈਲੇਜਰ-3 ਟੈਕ ਖਰੀਦ ਲੈਣ ਜਿਸ ਨਾਲ ਇਨ੍ਹਾਂ ਦੀ ਗੱਲ ਹੋਰ ਵੀ ਠੀਕ ਹੋ ਜਾਵੇਗੀ । ਦੂਸਰਾ ਜੋ ਬਰਤਾਨੀਆ ਦੇ ਸੀਕਰਟ ਸਰਵਿਸ ਫੰਡ ਹਨ, ਜਿਸਦਾ ਆਡਿਟ ਕਦੀ ਨਹੀ ਹੁੰਦਾ, ਉਸ ਵਿਚੋਂ ਇਹ ਮਾਲੀ ਮਦਦ ਲੈ ਸਕਦੇ ਹਨ, ਜਿਸ ਨਾਲ ਇਨ੍ਹਾਂ ਦੋਵਾਂ ਮੁਲਕਾਂ ਦੀ ਹੋਰ ਵੀ ਬੱਲੇ-ਬੱਲੇ ਹੋ ਜਾਵੇਗੀ । ਸਾਨੂੰ ਇਹ ਵੱਡਾ ਖਦਸਾ ਹੈ ਕਿ ਜੋ ਇੰਡੀਆ ਆਰ.ਐਸ.ਐਸ. ਦੇ ਹੱਥਾਂ ਵਿਚ ਬਿਲਕੁਲ ਹਿਟਲਰ-ਨਾਜੀ ਸੋਚ ਉਤੇ ਚੱਲ ਰਿਹਾ ਹੈ, ਬਰਤਾਨੀਆ ਵਿਚ ਵੀ ਇਹ ਸੋਚ ਭਾਰੂ ਨਾ ਹੋ ਜਾਵੇ ਅਤੇ ਜਿਸ ਜਮਹੂਰੀਅਤ ਨੂੰ ਬਰਤਾਨੀਆ ਨੇ ਵੱਡੀ ਜੱਦੋ-ਜ਼ਹਿਦ ਨਾਲ ਕਾਇਮ ਕੀਤਾ ਹੈ, ਉਸਦਾ ਭੱਠਾ ਨਾ ਬੈਠ ਜਾਵੇ । ਪਰ ਇਨ੍ਹਾਂ ਬਣੇ ਹਾਲਾਤਾਂ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੇ ਪਹਿਲੇ ਵਾਲੇ ਕੌਮੀ ਸਟੈਂਡ ਤੇ ਕਾਇਮ ਹੈ ਅਤੇ ਆਪਣੀਆ ਮਹਾਨ ਰਵਾਇਤਾ ਅਤੇ ਮਨੁੱਖਤਾ, ਇਨਸਾਨੀਅਤ ਪੱਖੀ ਜਮਹੂਰੀਅਤ ਵਾਲੀ ਸੋਚ ਤੇ ਪਹਿਰਾ ਦਿੰਦਾ ਹੋਇਆ ਅਡੋਲ ਆਪਣੀ ਮੰਜਿਲ ਵੱਲ ਵੱਧਦਾ ਰਹੇਗਾ । 

ਸ. ਮਾਨ ਨੇ ਇਸ ਗੱਲ ਤੇ ਵੀ ਸੰਸਾਰ ਸਾਹਮਣੇ ਸੰਜ਼ੀਦਾ ਪ੍ਰਸ਼ਨ ਰੱਖਿਆ ਕਿ ਜੋ ਬੀਜੇਪੀ-ਆਰ.ਐਸ.ਐਸ. ਦੀ ਹਿਟਲਰੀ-ਨਾਜੀ ਸੋਚ ਦੀ ਬਦੌਲਤ ਪੰਜਾਬੀ ਸਿੱਖ, ਪੰਜਾਬੀ ਮੁਸਲਮਾਨ 1984 ਅਤੇ ਹੋਰ ਜ਼ਬਰ-ਜੁਲਮ ਤੋ ਬਾਅਦ ਬਰਤਾਨੀਆ ਵਿਚ ਹਿਜਰਤ ਕਰ ਗਏ ਹਨ, ਉਥੇ ਵੀ ਬੀਜੇਪੀ-ਆਰ.ਐਸ.ਐਸ. ਪੱਖੀ ਹਿੰਦੂਤਵ ਹਕੂਮਤ ਕਾਇਮ ਹੋਣ ਤੇ ਉਹ ਪੰਜਾਬੀ ਸਿੱਖ ਤੇ ਪੰਜਾਬੀ ਮੁਸਲਮਾਨ ਕਿਸ ਦਿਸ਼ਾ ਵੱਲ ਹਿਜਰਤ ਕਰਨਗੇ, ਇਹ ਵੀ ਬਹੁਤ ਵੱਡਾ ਗੰਭੀਰ ਪ੍ਰਸ਼ਨ ਅੱਜ ਸਾਡੇ ਸਾਹਮਣੇ ਹੈ ? ਜਿਸ ਉਤੇ ਅਮਨ ਤੇ ਜਮਹੂਰੀਅਤ ਪਸ਼ੰਦ ਪੰਜਾਬੀ ਸਿੱਖਾਂ, ਪੰਜਾਬੀ ਮੁਸਲਮਾਨਾਂ ਨੂੰ ਸਮੂਹਿਕ ਤੌਰ ਤੇ ਸੋਚਣ ਅਤੇ ਅਮਲ ਕਰਨ ਦੀ ਸਮਾਂ ਮੰਗ ਕਰਦਾ ਹੈ ।