ਭਾਰਤ ਕਾਲਾਬਜ਼ਾਰੀ ਅਤੇ ਜਮ੍ਹਾਂਖੋਰੀ ਕਾਰਣ ਮਨੁੱਖਤਾ ਦੀ ਮੌਤ   

ਭਾਰਤ ਕਾਲਾਬਜ਼ਾਰੀ ਅਤੇ ਜਮ੍ਹਾਂਖੋਰੀ ਕਾਰਣ ਮਨੁੱਖਤਾ ਦੀ ਮੌਤ   

* ਇਕੱਲੇ ਅਪਰੈਲ 2021 ਵਿੱਚ ਭਾਰਤ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 50 ਹਜ਼ਾਰ                                     * ਮੈਡੀਕਲ ਮੰਡੀ ਵਿੱਚ ਜਿਸ ਟੀਕੇ ਦੀ ਕੀਮਤ 500 ਰੁਪਏ ਹੈ, ਉਹ 10 ਗੁਣਾ ਵੱਧ ਕੀਮਤ ’ਤੇ ਵਿਕਿਆ 

ਭੱਖਦਾ ਮੁਦਾ                             

ਨੈਤਿਕਤਾ ਤਾਂ ਇਹ ਮੰਗ ਕਰਦੀ ਹੈ ਕਿ ਕਰੋਨਾ ਮਹਾਂਮਾਰੀ ਨੂੰ ਹਵਾ ਦੇਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਅਸਤੀਫਾ ਦੇ ਦਿੰਦਾ, ਘੱਟੋ ਘੱਟ ਉਸੇ ਵੇਲੇ ਹੀ, ਜਦੋਂ ਉਹ ਪੱਛਮੀ ਬੰਗਾਲ ਵਿੱਚ ਬੁਰੀ ਤਰ੍ਹਾਂ ਚੋਣ ਦੰਗਲ ਹਾਰ ਗਿਆ, ਜਦੋਂ ਕਰੋਨਾ ਦੀ ਦੂਜੀ ਲਹਿਰ ਵਿੱਚ ਉਹ ਮਰੀਜ਼ਾਂ ਨੂੰ ਆਕਸੀਜਨ ਉਪਲਬਧ ਨਹੀਂ ਕਰਵਾ ਸਕਿਆ, ਦਵਾਈਆਂ ਦੇ ਪ੍ਰਬੰਧ ਨਹੀਂ ਕਰਵਾ ਸਕਿਆ। ‘ਵਿਸ਼ਵ ਗੁਰੂ’ ਵਲੋਂ ਤਿਆਰ ਕੀਤੀ ਵੈਕਸੀਨ ਉਹ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਦੇਣ ਵਿੱਚ ਸਮਰੱਥ ਨਹੀਂ ਹੋ ਸਕਿਆ। ਲੋਕ ਮਰ ਰਹੇ ਹਨ। ਲੋਕ ਸੜਕਾਂ ਉੱਤੇ ਰੁਲ ਰਹੇ ਹਨ। ਇਕੱਲੇ ਅਪਰੈਲ 2021 ਵਿੱਚ ਦੇਸ਼ ਭਰ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 50 ਹਜ਼ਾਰ ਹੈ।

ਮਹਾਂਮਾਰੀ ਸਮੇਂ ਆਰਥਿਕ, ਸਮਾਜਿਕ, ਪ੍ਰਬੰਧਕੀ ਤਾਣਾ ਬਾਣਾ ਇੰਨਾ ਬਿਖਰ ਚੁੱਕਾ ਹੈ ਕਿ ਸਰਕਾਰੀ ਤੰਤਰ ਇਸ ਨੂੰ ਸੰਭਾਲਣ ਵਿੱਚ ਅਸਮਰਥ ਹੋ ਰਿਹਾ ਹੈ। ਤੇਲ ਅਤੇ ਡੀਜ਼ਲ ਦੀ ਕੀਮਤਾਂ ਨਿੱਤ ਵਧ ਰਹੀਆਂ ਹਨ। ਖਾਣ ਪੀਣ ਦੀਆਂ ਚੀਜ਼ਾਂ, ਖਾਸ ਕਰਕੇ ਖਾਣ ਵਾਲੇ ਤੇਲ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਕਾਰੋਬਾਰ ਬੰਦ ਹੋ ਰਹੇ ਹਨ।ਨੌਕਰੀਆਂ ਖੁਸ ਰਹੀਆਂ ਹਨ। ਸਿਹਤ ਸੇਵਾਵਾਂ ਇੰਨੀਆਂ ਚਰਮਰਾ ਗਈਆਂ ਹਨ ਕਿ ਦਵਾਈਆਂ, ਆਕਸੀਜਨ, ਮੈਡੀਕਲ ਉਪਕਰਣ, ਵੈਕਸੀਨੇਸ਼ਨ ਦੀ ਕਮੀ ਹੋ ਗਈ ਹੈ। ਕਾਲਾ ਬਾਜ਼ਾਰੀ ਅਤੇ ਜਮ੍ਹਾਂਖੋਰੀ ਦਾ ਦੂਜਾ ਮਹਾਂਮਾਰੀ ਦੌਰ ਚਾਲੂ ਹੋ ਚੁੱਕਾ ਹੈ।ਮੈਡੀਕਲ ਮੰਡੀ ਵਿੱਚ ਜਿਸ ਟੀਕੇ ਦੀ ਕੀਮਤ 500 ਰੁਪਏ ਹੈ, ਉਹ 10 ਗੁਣਾ ਵੱਧ ਕੀਮਤ ’ਤੇ ਵਿਕਿਆ ਹੈ। ਜਿਸ ਆਕਸੀਜਨ ਸਿਲੰਡਰ ਦੀ ਕੀਮਤ ਢਾਈ ਹਜ਼ਾਰ ਰੁਪਏ ਹੈ, ਉਹ ਰਾਜਧਾਨੀ ਦਿੱਲੀ ਵਿੱਚ ਲੋਕਾਂ ਨੇ 35 ਹਜ਼ਾਰ ਰੁਪਏ ਨੂੰ ਖਰੀਦਿਆ। ਨੈਤਿਕਤਾ ਇੱਥੋਂ ਤਕ ਡਿਗ ਗਈ ਕਿ ਅੰਤਮ ਸੰਸਕਾਰਾਂ ਸਮੇਂ ਆਖਰੀ ਰਸਮਾਂ ਨਿਭਾਉਣ ਵਾਲੇ ਲੋਕਾਂ ਨੇ ਆਪਣੀਆਂ ਸੇਵਾਵਾਂ ਦੇ ਭਾਅ ਪੰਜ ਤੋਂ ਦਸ ਗੁਣਾ ਕਰ ਦਿੱਤੇ। ਨਕਲੀ ਟੀਕਿਆਂ ਦੀ ਭਰਮਾਰ ਹੋ ਗਈ। ਭਾਖੜਾ ਨਹਿਰ ਵਿੱਚੋਂ ਹਜ਼ਾਰਾਂ ਦੀ ਤਦਾਦ ਵਿੱਚ ਨਕਲੀ ਰੇਮਡੇਸਿਵਿਰ ਟੀਕੇ ਮਿਲੇ। ਕੀ ਇਹ ਦੇਸ਼ ਉੱਤੇ ਰਾਜ ਕਰਨ ਵਾਲੇ ‘ਮੁੱਠੀ ਭਰ ਲੋਕਾਂ’ ਦੇ ਮੱਥੇ ਉੱਤੇ ਕਲੰਕ ਨਹੀਂ ਹੈ? ਦਿੱਲੀ ਹਾਈਕੋਰਟ ਦੇ ਸ਼ਬਦ ਪੜ੍ਹੋ, “ਲੋਕਾਂ ਦਾ ਨੈਤਿਕ ਤਾਣਾ ਬਾਣਾ ਬਹੁਤ ਹੱਦ ਤਕ ਬਿਖਰ ਗਿਆ ਹੈ, ਕਿਉਂਕਿ ਕੋਵਿਡ-19 ਮਹਾਂਮਾਰੀ ਨਾਲ ਇੱਕ ਜੁੱਟ ਹੋ ਕੇ ਲੜਨ ਦੀ ਥਾਂ ਉਹ ਆਕਸੀਜਨ ਸਿਲੰਡਰਾਂ, ਦਵਾਈਆਂ ਅਤੇ ਮੈਡੀਕਲ ਯੰਤਰਾਂ ਦੀ ਜਮ੍ਹਾਂਖੋਰੀ ਅਤੇ ਕਾਲਾਬਜ਼ਾਰੀ ਵਿੱਚ ਲਿਪਤ ਹੋ ਗਏ ਹਨ।”

ਇਸ ਸਾਰੀ ਸਥਿਤੀ ਦਾ ਕਾਰਨ ਮੁੱਖ ਤੌਰ ’ਤੇ ਇਹ ਹੈ ਕਿ ਦੇਸ਼ ਨੂੰ ਮੁੱਠੀ ਭਰ ਲੋਕ ਚਲਾ ਰਹੇ ਹਨ, ਜਿਹੜੇ ਆਪਣੇ ਤੋਂ ਬਿਨਾਂ ਹੋਰ ਕਿਸੇ ਸੂਝਵਾਨ ਵਿਅਕਤੀ ਦੀ ਸਲਾਹ ਹੀ ਨਹੀਂ ਲੈਣਾ ਚਾਹੁੰਦੇ। ਜਦੋਂ ਕਰੋਨਾ ਦੀ ਪਹਿਲੀ ਲਹਿਰ ਉੱਤੇ ਕਾਬੂ ਕਰਨ ਦੇ ਦਮਗਜ਼ੇ ਮਾਰੇ ਜਾ ਰਹੇ ਸਨ, ਉਦੋਂ ਦੇਸ਼ ਦਾ ਹਾਕਮ ਵਾਛਾਂ ਫੈਲਾ ਕੇ ਹੱਸ ਰਿਹਾ ਸੀ, ਉਸੇ ਵੇਲੇ ਦੁਨੀਆਂ ਭਰ ਦੇ ਮਾਹਿਰ ਦੂਜੀ ਲਹਿਰ ਦੇ ਆਉਣ ਦੀ ਚਿਤਾਵਨੀ ਦੇ ਰਹੇ ਸਨ। ਲੋੜ ਤਾਂ ਉਦੋਂ ਇਹ ਸੀ ਕਿ ਦੇਸ਼ ਆਪਣੇ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਾ, ਹਸਪਤਾਲਾਂ ਦਾ ਪ੍ਰਬੰਧ ਕਰਦਾ। ਵੈਕਸੀਨੇਸ਼ਨ ਬਣਾਉਣ ਉੱਤੇ ਵੱਧ ਜ਼ੋਰ ਦਿੰਦਾ। ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੀ ਪੈਦਾਵਾਰ ਵਧਾਉਂਦਾ ਅਤੇ ਚਿਕਿਤਸਾ ਮਾਹਿਰਾਂ ਦੀ ਇੱਕ ਕਮੇਟੀ ਦਾ ਗਠਨ ਕਰਦਾ ਜੋ ਸਰਕਾਰ ਨੂੰ ਸਮੇਂ ਸਮੇਂ ਸਲਾਹ ਦਿੰਦੀ। ਪਰ ਇੱਥੇ ਤਾਂ ‘ਕੁੰਭ ਮੇਲੇ’ ਲੱਗ ਰਹੇ ਸਨ, ਵੱਡੀਆਂ ਸਿਆਸੀ ਰੈਲੀਆਂ ਹੋ ਰਹੀਆਂ ਸਨ, ਵੱਡੇ ਵੱਡੇ ਇਕੱਠ ਕਰਕੇ ਮੌਤ ਨੂੰ ਸੱਦਾ ਦਿੱਤਾ ਜਾ ਰਿਹਾ ਸੀ। ‘ਨੀਰੋ ਬੰਸਰੀ ਵਜਾ ਰਿਹਾ ਸੀ, ਰੋਮ ਸੜ ਰਿਹਾ ਹੈ।’ ਇਸੇ ਕਰਕੇ ਦੇਸ਼ ਦੇ ਲੋਕ ਪੁੱਛ ਰਹੇ ਹਨ ਕਿ ਦੇਸ਼ ਦਾ ਹਾਕਮ ਇੰਨਾ ਅਸੰਵੇਦਨਸ਼ੀਲ ਕਿਵੇਂ ਹੋ ਸਕਦਾ ਹੈ?

ਸੰਕਟ ਅਕਸਰ ਅਣਦੇਖੇ-ਅਣਜਾਣੇ ਹੁੰਦੇ ਹਨ। ਮੁਸੀਬਤਾਂ ਦੱਸ ਕੇ ਨਹੀਂ ਆਉਂਦੀਆਂ। ਸਦੀਆਂ ਤੋਂ ਇਹੋ ਹੁੰਦਾ ਆਇਆ ਹੈ। ਪਰ ਇਨਸਾਨੀ ਸਭਿਅਤਾ ਨੇ ਵਿਕਾਸ ਦੇ ਨਾਲ ਨਾਲ ਸੰਕਟਾਂ ਦੇ ਮੁਕਾਬਲੇ ਲਈ ਉਪਾਅ ਕੀਤੇ ਹਨ। ਬਿਪਤਾ ਕੁਦਰਤੀ ਹੋਵੇ, ਤਾਂ ਕਈ ਯਤਨ ਕਰਕੇ ਲੋਕਾਂ ਨੂੰ ਬਾਹਰ ਕੱਢਿਆ ਜਾਂਦਾ ਹੈ। ਇਹ ਲੋਕ ਹਿਤੂ, ਲੋਕ ਭਲੇ ਵਾਲੀਆਂ ਸਰਕਾਰਾਂ ਦੀ ਪਹਿਲ ਹੁੰਦੀ ਹੈ। ਪਰ ਜਿੱਥੇ ਹਾਕਮ ਲੋਟੂਆਂ, ਧੰਨਕੁਬੇਰਾਂ ਦੀ ਝੋਲੀ ਭਰ ਕੇ ਆਪਣੀ ਕੁਰਸੀ ਬਚਾਉਣ ਲਈ ਕੰਮ ਕਰ ਰਹੇ ਹੋਣ, ਉੱਥੇ ਲੋਕਾਂ ਦਾ ਜੀਵਨ ਦੁੱਭਰ ਹੋ ਜਾਂਦਾ ਹੈ। ਭਾਰਤ ਵਾਸੀ ਇਸ ਵੇਲੇ ਹੈਂਕੜੀ ਹਕੂਮਤ ਦੀ ਪਕੜ ਵਿੱਚ ਬੇਵੱਸ, ਬਿਪਤਾ ਦਾ ਸਾਹਮਣੇ ਆਪਣੇ ਬਲਬੂਤੇ ਕਰਨ ਲਈ ਮਜਬੂਰ ਕਰ ਦਿੱਤੇ ਗਏ ਹਨ। ਸੂਬਾ ਸਰਕਾਰਾਂ ਬੇਵਸੀ ਵਿੱਚ ਹੱਥ ’ਤੇ ਹੱਥ ਧਰ ਕੇ ਬੈਠੀਆਂ ਹਨ। ਬੱਸ ਬਿਆਨ ਜਾਰੀ ਹੁੰਦੇ ਹਨ। ‘ਅੱਛੇ ਦਿਨਾਂ ਦੀ ਬਾਤ’ ਪਾਈ ਜਾਂਦੀ ਹੈ, ਮਨ ਕੀ ਬਾਤ ਕੀਤੀ ਜਾਂਦੀ ਹੈ। ਹਾਥੀ ਕੇ ਦਾਂਤ ਖਾਨੇ ਕੋ ਔਰ, ਦਿਖਾਨੇ ਕੋ ਔਰ। ਉਦਾਹਰਣ ਦੇ ਤੌਰ ’ਤੇ ਦੇਸ਼ ਵਿੱਚ ਹੈਲਪਲਾਈਨ ਹੈ, ਜੋ ਸਰਕਾਰੀ ਪ੍ਰਬੰਧਨ ਹੇਠ ਹੈ। ਫੋਨ ਉੱਤੇ ਮਦਦ ਲਈ ਪੁਕਾਰ ਕੀਤੀ ਜਾਂਦੀ ਹੈ। ਇਸ ਨੂੰ ਕਦੇ ਪੁਲਿਸ ਸੁਣਦੀ ਹੈ ਅਤੇ ਕਦੇ ਹੋਰ ਪ੍ਰਬੰਧਨ, ਕਦੀ ਹਸਪਤਾਲ ਜਾਂ ਕਦੇ ਬਿਪਤਾ ਪ੍ਰਬੰਧਨ ਵਿਭਾਗ। ਪਰ ਬਿਪਤਾ ਵਿੱਚ ਫਸੇ ਲੋਕਾਂ ਦੀ ਪੁਕਾਰ ਨੂੰ ਸੁਣਨ ਵਾਲਾ ਤੰਤਰ ਕੰਮ ਨਹੀਂ ਕਰ ਰਿਹਾ। ਹੈਲਪਲਾਈਨਾਂ ਬੰਦ ਹਨ। ਅਪਰਾਧ, ਬੱਚਿਆਂ ਦੇ ਅਧਿਕਾਰ, ਅੱਗ, ਬੀਮਾਰੀ ਸਮੇਂ ਬਿਪਤਾ, ਹੜ੍ਹ, ਸੁਨਾਮੀ, ਰੇਲ ਦੁਰਘਟਨਾ ਆਦਿ ਲਈ ਸਰਕਾਰ ਵਲੋਂ ਹੈਲਪਲਾਈਨਾਂ ਬਣਾਈਆਂ ਜਾਂਦੀਆਂ ਹਨ ਅਤੇ ਆਸ ਕੀਤੀ ਜਾਂਦੀ ਹੈ ਕਿ ਇਹ ਹੈਲਪਲਾਈਨਾਂ ਔਖੇ ਵੇਲੇ ਲੋਕਾਂ ਦੇ ਕੰਮ ਆ ਸਕਣ। ਹੁਣ ਲੋਕਾਂ ਨੂੰ ਜਿਸ ਕਿਸਮ ਦੀ ਮਦਦ ਹੈਲਪਲਾਈਨਾਂ ਤੋਂ ਲੋੜੀਂਦੀ ਸੀ, ਉਹ ਨਾਕਾਮੀਆਂ ਦੀ ਦਾਸਤਾਨ ਬਣਕੇ ਰਹਿ ਗਈ ਹੈ। ਲੋਕ ਕਹਿ ਰਹੇ ਹਨ ਕਿ ਇਹ ਹੈਲਪਲਾਈਨਾਂ ਉਹਨਾਂ ਲਈ ਸਗੋਂ ਦੁਬਿਧਾ ਪੈਦਾ ਕਰ ਰਹੀਆਂ ਹਨ।

ਦੁੱਖ ਅਤੇ ਸੰਕਟ ਵਿੱਚ ਘਿਰੇ ਇਨਸਾਨ ਦੀ ਮਦਦ ਤੋਂ ਵੱਧ ਹੋਰ ਕੁਝ ਵੀ ਵੱਡਾ ਨਹੀਂ ਹੋ ਸਕਦਾ। ਬਿਨਾਂ ਸ਼ੱਕ ਦੇਸ਼ ਵਿੱਚ ਗੁਰਦੁਆਰਾ ਸਾਹਿਬਾਨ ਅਤੇ ਕੁਝ ਹੋਰ ਗੈਰ ਸਰਕਾਰੀ ਸੰਸਥਾਵਾਂ ਲੋਕ ਭਲੇ ਲਈ ਸਮਰਪਿਤ ਹੋ ਕੇ ਆਕਸੀਜਨ ਦੀ ਸਪਲਾਈ ਅਤੇ ਹਸਪਤਾਲ ਖੋਲ੍ਹਣ ਤਕ ਦਾ ਪ੍ਰਬੰਧ ਕਰ ਰਹੀਆਂ ਹਨ ਪਰ ਦੂਜੇ ਪਾਸੇ ਕੁਝ ਲੋਕ ਨੈਤਿਕਤਾ ਤੋਂ ਡਿੱਗੀਆਂ ਕਰਤੂਤਾਂ ਕਰ ਰਹੇ ਹਨ। ਪ੍ਰਾਈਵੇਟ ਐਂਬੂਲੈਂਸਾਂ ਦੇ ਮਾਲਕ, ਕਰੋਨਾ ਮਹਾਂਮਾਰੀ ਦੇ ਪੀੜਤ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਲਈ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦਿਆਂ ਵੱਧ ਕਿਰਾਇਆ ਵਸੂਲ ਕਰ ਰਹੇ ਹਨ। ਹਸਪਤਾਲਾਂ ਵਿੱਚ ਲੁੱਟ ਪਈ ਹੋਈ ਹੈ। ਪੀੜਤ ਵਿਅਕਤੀ ਤੋਂ 17 ਹਜ਼ਾਰ ਰੁਪਏ ਤੋਂ 20 ਹਜ਼ਾਰ ਰੁਪਏ ਪ੍ਰਤੀ ਬੈੱਡ ਪ੍ਰਤੀ ਦਿਨ ਚਾਰਜਿਜ਼ ਵਸੂਲ ਕੀਤੇ ਜਾਂਦੇ ਹਨ। ਸਮਾਜ ਵਿੱਚ ਕਿਸੇ ਦੀ ਮੌਤ ਦੇ ਬਾਅਦ ਲੋਕ ਸੁਭਾਵਕ ਇਕੱਠੇ ਹੋ ਕੇ ਦਾਹ-ਸੰਸਕਾਰ ਕਰ ਦਿੰਦੇ ਹਨ। ਪਰ ਅੱਜ ਹਾਲਤ ਇਹ ਹੈ ਕਿ ਕਰੋਨਾ ਪੀੜਤ ਦੀ ਮੌਤ ਉਪਰੰਤ ਉਸਦਾ ਮ੍ਰਿਤਕ ਸਰੀਰ ਵੀ ਕੋਈ ਸ਼ਮਸ਼ਾਨਘਾਟ ਪਹੁੰਚਾਉਣ ਨੂੰ ਤਿਆਰ ਨਹੀਂ ਹੋ ਰਿਹਾ। ਸਵਾਲ ਹੈ ਕਿ ਇਨਸਾਨੀਅਤ ਅਤੇ ਮਨੁੱਖ ਦੀ ਸੰਵੇਦਨਸ਼ੀਲਤਾ ਵਿੱਚ ਇਹ ਗਿਰਾਵਟ ਕਿਉਂ ਆਈ ਹੈ? ਦੇਸ਼ ਵਿੱਚ ਨਾਗਰਿਕਾਂ ਦੀ ਸਿਹਤ ਦੀ ਦੇਖਭਾਲ ਦਾ ਪ੍ਰਬੰਧਨ 1940 ਦੇ ਮਾਡਲ ਉੱਤੇ ਚੱਲ ਰਿਹਾ ਹੈ। ਰਾਜਾਂ ਦੀਆਂ ਕਈ ਏਜੰਸੀਆਂ ਪੁਰਾਣੇ ਢੰਗ-ਤਰੀਕਿਆਂ ਨਾਲ ਕੰਮ ਕਰ ਰਹੀਆਂ ਹਨ। ਦੇਸ਼ ਹਾਲੀ ਤਕ ਵੀ ਅੰਗਰੇਜ਼ ਹਕੂਮਤ ਦੇ ਢੰਗ-ਤਰੀਕਿਆਂ ’ਤੇ ਕੰਮ ਕਰ ਰਿਹਾ ਹੈ। ਪੇਂਡੂ ਸਿਹਤ ਡਿਸਪੈਂਸਰੀਆਂ ਵਿੱਚ ਸਟਾਫ ਨਹੀਂ। ਅਪਰੇਟਿੰਗ ਰੂਮ ਵਿੱਚ ਸਰਜਨ ਨਹੀਂ, ਐਕਸਰੇ ਮਸ਼ੀਨ ਲਈ ਰੇਡੀਔਲੋਜਿਸਟ ਨਹੀਂ। ਸਥਿਤੀ ਇਹ ਹੈ ਕਿ ਕਰੋਨਾ ਸਮੇਂ ਤਾਂ ਸਭ ਕੁਝ ਤਬਾਹਕੁੰਨ ਹਾਲਤਾਂ ਵਿੱਚ ਵਿਖਾਈ ਦੇ ਰਿਹਾ ਹੈ। ਨਰੇਂਦਰ ਮੋਦੀ ਪੀ.ਐੱਮ. ਨੇ ‘ਵੱਧ ਤੋਂ ਵੱਧ ਪ੍ਰਬੰਧਨ’ ਦਾ ਵਾਅਦਾ ਕੀਤਾ ਸੀ, ਪਰ ਦੇਸ਼ ਦੇ ਪੁਰਾਣੇ ਢੰਗ-ਤਰੀਕਿਆਂ ਤੇ ਚੱਲ ਰਹੇ ਰਾਜਾਂ ਦੇ ਸੁਧਾਰ ਕਰਨ ਦੀ ਬਜਾਏ ਉਹਨਾਂ ਨੇ ਦੇਸ਼ ਵਿੱਚ ਲੋਕਤੰਤਰਿਕ ਇਤਿਹਾਸ ਵਿੱਚ ਤਾਕਤਾਂ ਦਾ ਕੇਂਦਰੀਕਰਨ ਕਰ ਦਿੱਤਾ। ਆਪਣੇ-ਆਪ ਨੂੰ ਦੇਸ਼ ਦੇ ਰਾਖੇ ਦੇ ਤੌਰ ’ਤੇ ਪੇਸ਼ ਕੀਤਾ। ਬਿਨਾਂ ਸ਼ੱਕ ਭਾਰਤ ਦੁਨੀਆ ਦੇ ਉੱਭਰਦੇ 25 ਬਜ਼ਾਰਾਂ ਵਿੱਚ ਸ਼ਾਮਲ ਹੈ, ਪਰ ਇੱਕ ਹਜ਼ਾਰ ਮਰੀਜ਼ਾਂ ਲਈ ਮੌਜੂਦਾ ਹਸਪਤਾਲ ਦੇ ਬਿਸਤਰਿਆਂ ਦੀ ਉਪਲਬਧਤਾ ਦੇ ਮਾਮਲੇ ਵਿੱਚ ਆਖ਼ਰੀ ਪਾਏਦਾਨ ਉੱਤੇ ਹੈ। ਅੱਜ ਵੀ ਭਾਰਤ ਬੁਨਿਆਦੀ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਦੇ ਮਾਮਲੇ ’ਤੇ ਔਸਤ ਦਰਜ਼ੇ ’ਤੇ ਹੈ।

ਅਸਲ ਵਿੱਚ ਹਾਕਮਾਂ ਦੀ ਲਾਪਰਵਾਹੀ ਅਤੇ ਉਦਾਸੀਨਤਾ ਨੇ ਸਮਾਜ ਵਿੱਚ ਇਹੋ ਜਿਹੀ ਸਥਿਤੀ ਪੈਦਾ ਕੀਤੀ ਹੈ। ਹਾਕਮਾਂ ਵਲੋਂ ਸਮਾਜ ਵਿੱਚ ਲੁੱਟ-ਖਸੁੱਟ ਨੂੰ ਖੁੱਲ੍ਹ ਦੇਣ, ਧੰਨ ਕੁਝ ਧੰਨ ਕੁਬੇਰਾਂ ਹੱਥ ਫੜਾਉਣ, ਸਮਾਜ ਸੇਵਾ ਛੱਡਕੇ ਕੁਰਸੀ ਦੀ ਲਲ੍ਹਕ ਨੇ ਸਮਾਜ ਵਿੱਚ ਸੰਵੇਦਨਾ ਹੀ ਖਤਮ ਕਰ ਦਿੱਤੀ ਹੈ। ਜੇਕਰ ਹਾਕਮਾਂ ਵਲੋਂ ਲਾਪਰਵਾਹੀ ਨਾ ਕੀਤੀ ਹੁੰਦੀ, ਪਹਿਲੀ ਲਹਿਰ ਤੋਂ ਬਾਅਦ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਹੁੰਦਾ, ਨਵਾਂ ਪਾਰਲੀਮੈਂਟ ਹਾਊਸ ਬਣਾਉਣ ਦੀਆਂ ਟਾਹਰਾਂ ਮਾਰਨ ਦੀ ਥਾਂ ਦੇਸ਼ ਵਿੱਚ ਥਾਂ-ਥਾਂ ਹਸਪਤਾਲ ਬਣਾਏ ਹੁੰਦੇ, ਪੀ ਐੱਮ ਕੇਅਰ ਫੰਡ ਵਿੱਚੋਂ ਆਕਸੀਜਨ ਪਲਾਂਟ ਪਹਿਲ ਦੇ ਆਧਾਰ ਉੱਤੇ ਲਗਾਏ ਹੁੰਦੇ, ਵੈਕਸੀਨੇਸ਼ਨ ਦਾ ਪ੍ਰਬੰਧਨ ਠੀਕ ਢੰਗ ਨਾਲ ਕੀਤਾ ਹੁੰਦਾ ਅਤੇ ਸੱਭੋ ਕੁਝ ਆਪੇ ਕਰਨ ਦੀ ਥਾਂ ਸੂਝਵਾਨ ਸਿਹਤ ਸਲਾਹਕਾਰਾਂ ਦੇ ਜ਼ਿੰਮੇ ਲਾਇਆ ਹੁੰਦਾ ਤਾਂ ਸ਼ਾਇਦ ਇਹ ਦਿਨ ਦੇਸ਼ ਨੂੰ ਨਾ ਵੇਖਣੇ ਪੈਂਦੇ। ਦੇਸ਼ ਵਿੱਚ ਇਹ ਹਫਰਾਤਫਰੀ ਵੀ ਨਾ ਮਚਦੀ ਅਤੇ ਲੁੱਟ-ਖਸੁੱਟ, ਜਮ੍ਹਾਂ ਖੋਰੀ, ਕਾਲਾਬਜ਼ਾਰੀ ਕਰਨ ਵਾਲੇ ਲੋਕਾਂ ਨੂੰ ਵੀ ਮੌਕਾ ਨਾ ਮਿਲਦਾ।

 

 ਗੁਰਮੀਤ ਸਿੰਘ ਪਲਾਹੀ