ਸਰਹਿੰਦ ਫ਼ਤਹਿ ਦਿਵਸ ਕਿਸਾਨੀ ਮੋਰਚਿਆਂ ’ਤੇ ਮਨਾਇਆ
ਗਾਜ਼ੀਪੁਰ ਦੇ ਕਿਸਾਨ ਮੋਰਚੇ ’ਚ 1857 ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ; ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਨਵੀਂ ਦਿੱਲੀ,ਪੰਜਾਬ ਤੋਂ ਸੈਂਕੜੇ ਕਿਸਾਨਾਂ ਦੇ ਕਾਫ਼ਲੇ ਸਰਹਿੰਦ ਫ਼ਤਹਿ ਦਿਵਸ ਮਨਾਉਣ ਲਈ ਸਿੰਘੂ ਤੇ ਟਿਕਰੀ ਹੱਦ ’ਤੇ ਪਹੁੰਚੇ। ਕਿਸਾਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਿਆਂ ਖੇਤੀ ਕਾਨੂੰਨ ਰੱਦ ਹੋਣ ਤੱਕ ਡਟੇ ਰਹਿਣ ਦਾ ਅਹਿਦ ਦੁਹਰਾਇਆ। ਕਿਸਾਨੀ ਧਰਨਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸਕ ਕਾਰਨਾਮਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੰਦਾ ਸਿੰਘ ਬਹਾਦਰ ਨੇ 12 ਮਈ, 1710 ਈਸਵੀ ਨੂੰ ਮੁਗਲ ਫ਼ੌਜਾਂ ਨਾਲ ਟੱਕਰ ਲੈਂਦਿਆਂ ਚੱਪੜਚਿੜੀ ਦੇ ਮੈਦਾਨ ’ਚੋਂ ਨਵਾਂ ਸਮਾਜ ਸਿਰਜਣ ਲਈ ਸੰਘਰਸ਼ ਕੀਤਾ ਸੀ ਅਤੇ ਸੂਬਾ ਸਰਹਿੰਦ ਨੂੰ ਮੌਤ ਦੇ ਘਾਟ ਉਤਾਰ ਕੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਦਾ ਬਦਲਾ ਲਿਆ, ਉੱਥੇ ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਬਾਅਦ ਪਹਿਲੇ ਸਿੱਖ ਰਾਜ ਦੀ ਸਥਾਪਨਾ ਕਰਕੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਅਧਿਕਾਰ ਦਿੱਤੇ ਸੀ। ਕਿਸਾਨ ਆਗੂਆਂ ਡਾ. ਦਰਸ਼ਨ ਪਾਲ ਅਤੇ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ’ਤੇ ‘ਜ਼ਮੀਨ ਹਲਵਾਹਕ ਦੀ’ ਦਾ ਨਾਅਰਾ ਬੁਲੰਦ ਕਰਨ ਵਾਲੇ ਅਤੇ ਹਜ਼ਾਰਾਂ ਏਕੜ ਜ਼ਮੀਨਾਂ ਦੇ ਮਾਲਕ ਜਗੀਰਦਾਰਾਂ ਕੋਲੋਂ ਜ਼ਮੀਨਾਂ ਖੋਹ ਕੇ ਕਾਸ਼ਤਕਾਰਾਂ ਵਿੱਚ ਵੰਡਣ ਅਤੇ ਬਰਾਬਰੀ ਵਾਲੇ ਸਮਾਜ ਦੀ ਨੀਂਹ ਰੱਖਣ ਵਾਲੇ ਸਿੱਖ ਜਰਨੈਲ ਸਨ। ਉਨ੍ਹਾਂ ਕਿਹਾ ਅੱਜ ਵੀ ਜ਼ਮੀਨਾਂ ਉੱਪਰ ਡਾਕੇ ਮਾਰਨ ਲਈ ਦੇਸੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਰੂਪੀ ਗਿਰਝਾਂ ਨੇ ਅੱਖ ਟਿਕਾਈ ਹੋਈ ਹੈ। ਉਨ੍ਹਾਂ ਲੋਕਾਂ ਨੂੰ ਕੇਂਦਰ ਦੀਆਂ ਗਲਤ ਨੀਤੀਆਂ ਖ਼ਿਲਾਫ਼ ਇੱਕਜੁਟ ਹੋ ਕੇ ਸੰਘਰਸ਼ ਦਾ ਪਿੜ ਮੱਲਣ ਦਾ ਸੱਦਾ ਦਿੱਤਾ। ਇਸੇ ਦੌਰਾਨ ਗਾਜ਼ੀਪੁਰ ਹੱਦ ’ਤੇ ਸੰਯੁਕਤ ਕਿਸਾਨ ਮੋਰਚਾ ਨੇ 1857 ਵਿਦਰੋਹ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਹੀਦ ਮੰਗਲ ਪਾਂਡੇ ਤੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ ਅਤੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੰਗਾਂ ਪੂਰੀਆਂ ਹੋਣ ਮਗਰੋਂ ਹੀ ਕਿਸਾਨ ਅੰਦੋਲਨ ਖ਼ਤਮ ਕਰਨਗੇ।
ਪੰਜਾਬ ਤੋਂ ਕਿਸਾਨਾਂ ਦੇ ਸੈਂਕੜੇ ਕਾਫ਼ਲੇ ਦਿੱਲੀ ਮੋਰਚਿਆਂ ਲਈ ਰਵਾਨਾ
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਜਾਰੀ ਧਰਨਿਆਂ ਵਿੱਚ ‘ਸਰਹਿੰਦ ਫਤਹਿ ਦਿਵਸ’ ਮਨਾਇਆ ਗਿਆ ਅਤੇ ਸੂਬਾਈ ਆਗੂਆਂ ਦੀ ਅਗਵਾਈ ਹੇਠ ਕਿਸਾਨਾਂ ਦੇ ਸੈਂਕੜੇ ਕਾਫ਼ਲੇ ਦਿੱਲੀ ਦੀਆਂ ਸਿੰਘੂ ਅਤੇ ਟਿਕਰੀ ਹੱਦਾਂ ਲਈ ਖਨੌਰੀ ਅਤੇ ਸ਼ੰਭੂ ਪੰਜਾਬ ਹਰਿਆਣਾ ਬਾਰਡਰ ਤੋਂ ਰਵਾਨਾ ਹੋਏ। ਸੂਬੇ ਵਿੱਚ ਪਿਛਲੇ 223 ਦਿਨਾਂ ਤੋਂ ਵੱਖ ਵੱਖ ਥਾਵਾਂ ’ਤੇ ਜਾਰੀ ਕਿਸਾਨੀ ਧਰਨਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮਹਾਨ ਜਰਨੈਲ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਹੱਕਾਂ ਦੀ ਲੜਾਈ ’ਚ ਇੱਕਜੁਟ ਹੋਣ ਦਾ ਸੱਦਾ ਦਿੱਤਾ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤਹਿਤ ਪੰਜਾਬ ਭਰ ਵਿੱਚੋਂ ਕਿਸਾਨਾਂ ਦੇ ਸੈਂਕੜੇ ਜਥੇ ਸ਼ੰਭੂ ਅਤੇ ਖਨੌਰੀ ਪੰਜਾਬ-ਹਰਿਆਣਾ ਹੱਦ ਰਾਹੀਂ ਦਿੱਲੀ ਲਈ ਰਵਾਨਾ ਹੋਏ। ਮੁਹਾਲੀ, ਸੰਗਰੂਰ, ਲੁਧਿਆਣਾ, ਮਾਨਸਾ, ਬਰਨਾਲਾ, ਪਟਿਆਲਾ, ਜਲੰਧਰ, ਨਵਾਂਸ਼ਹਿਰ ਅਤੇ ਰੋਪੜ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਟਰੈਕਟਰ-ਟਰਾਲੀਆਂ, ਬੱਸਾਂ, ਕਾਰਾਂ ਰਾਹੀਂ ਵੱਖ-ਵੱਖ ਥਾਵਾਂ ’ਤੇ ਇਕੱਠੇ ਹੁੰਦਿਆਂ ਕੇਂਦਰ-ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਣ ਕੀਤਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਕੇਂਦਰ ਸਰਕਾਰ ਖ਼ਿਲਾਫ਼ ਡਟੇ ਰਹਿਣਗੇ।
Comments (0)