ਪੈਰਿਸ ਉਲੰਪਿਕ ਖੇਡਾਂ ਵਿਚ ਭਾਰਤ ਦੀਆਂ ਕੀ ਪ੍ਰਾਪਤੀਆਂ ਹਨ?
*ਸਿਰਫ਼ 6 ਤਗਮੇ ਜਿੱਤ ਕੇ 140 ਕਰੋੜ ਆਬਾਦੀ ਵਾਲੇ ਦੇਸ਼ ਭਾਰਤ ਦਾ ਸਫ਼ਰ ਹੋਇਆ ਸਮਾਪਤ
ਪੈਰਿਸ ਉਲੰਪਿਕ ਵਿਚ ਭਾਰਤ ਨੇ ਲਗਭਗ ਆਪਣਾ ਸਫ਼ਰ ਸਮਾਪਤ ਕਰ ਲਿਆ ਹੈ ਤੇ ਵਿਸ਼ਲੇਸ਼ਣ ਲਿਖੇ ਜਾਣ ਤੱਕ 1 ਚਾਂਦੀ , 5 ਕਾਂਸੀ ਤੇ ਕੁੱਲ 6 ਤਗਮੇ ਜਿੱਤ ਕੇ ਤਗਮਾ ਸੂਚੀ ਵਿਚ 69 ਵੇਂ ਸਥਾਨ 'ਤੇ ਖੜ੍ਹਾ ਹੈ । ਭਾਰਤ ਨੇ ਟੋਕੀਓ ਉਲੰਪਿਕ 'ਚ 7 ਤਗਮੇ ਜਿੱਤੇ ਸਨ ਤੇ ਇਸ ਵਾਰੀ 1 ਤਗਮਾ ਹੇਠਾਂ ਖਿਸਕ ਗਿਆ ਹੈ । ਬੇਸ਼ੱਕ ਭਾਰਤ ਸਰਕਾਰ ਨੇ ਪੈਰਿਸ ਉਲੰਪਿਕ ਵਿਚ 10 ਤੋੋਂ ਵੱਧ ਤਗਮੇ ਜਿੱਤਣ ਦਾ ਟੀਚਾ ਰੱਖਿਆ ਸੀ, ਪਰ ਪਿਛਲੇ ਹਾਸਲ ਕੀਤੇ ਟੀਚੇ ਦੀ ਬਰਾਬਰੀ ਕਰਨ 'ਵਿਚ ਭਾਰਤ ਨਕਾਮ ਰਿਹਾ ।ਪੈਰਿਸ ਉਲੰਪਿਕ ਖੇਡਾਂ 'ਚ ਵੀ ਭਾਰਤ ਦੇ ਨਿਸ਼ਾਨੇਬਾਜ਼ਾਂ ਨੇ ਲਾਜ ਰੱਖੀ ਹੈ ਤੇ ਉਨ੍ਹਾਂ ਨੇ ਤਿੰਨ ਕਾਂਸੀ ਦੇ ਤਗਮੇ ਜਿੱਤੇ | ਇਕ ਮਨੂੰ ਭਾਕਰ ਨੇ ਇਕੱਲਿਆਂ ਤੇ ਇਕ ਮਨੂੰ ਭਾਕਰ ਤੇ ਸਰਬਜੋਤ ਸਿੰਘ ਦੀ ਜੋੜੀ ਨੇ | ਇਕ ਸਵਪਨਿਲ ਕੁਸਾਲੇ ਨੇ ਜਿੱਤਿਆ ਹੈ ।
ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿਚ ਚਾਂਦੀ , ਭਾਰਤੀ ਹਾਕੀ ਟੀਮ ਨੇ ਇਕ ਕਾਂਸੀ ਤੇ ਪਹਿਲਵਾਨ ਅਮਨ ਸਹਿਰਾਵਤ ਨੇ ਕੁਸ਼ਤੀ 'ਚ ਕਾਂਸੀ ਦਾ ਤਗਮਾ ਜਿੱਤ ਕੇ ਦੇੇਸ਼ ਦੀ ਲਾਜ ਰੱੱਖੀ ਹੈ । 1.4 ਅਰਬ ਦੀ ਆਬਾਦੀ ਵਾਲਾ ਦੇਸ਼ ਅਜੇ ਵੀ ਸੋਨ ਤਗਮੇ ਨੂੰ ਤਰਸ ਰਿਹਾ ਹੈ ।ਭਾਰਤ ਦੀ ਆਬਾਦੀ ਦੀ ਬਰਾਬਰੀ ਕਰਨ ਵਾਲਾ ਚੀਨ 33 ਸੋਨ ਤੇ ਕੁੱਲ 83 ਤਗਮੇ ਜਿੱਤ ਕੇ ਤਗਮਾ ਸੂਚੀ 'ਚ ਦੂਜੇ ਸਥਾਨ 'ਤੇ ਖੜ੍ਹਾ ਹੈ ।
ਯੁੱਧ ਦੀ ਮਾਰ ਝੱਲ ਰਿਹਾ ਯੂਕਰੇਨ 3 ਸੋਨ ਤਗਮਿਆਂ ਸਮੇਤ ਕੁੱਲ 11 ਤਗਮੇ ਜਿੱਤ ਕੇ ਤਗਮਾ ਸੂਚੀ 'ਚ 18ਵੇਂ ਸਥਾਨ 'ਤੇ ਰਿਹਾ । ਪੈਰਿਸ ਉਲੰਪਿਕ ਵਿਚੋਂ ਭਾਰਤੀ ਹਾਕੀ 'ਤੇ ਵੀ ਤਗਮੇ ਦਾ ਰੰਗ ਬਦਲਣ ਦੀ ਆਸ ਸੀ, ਪਰ ਟੋਕੀਓ ਦੇ ਇਤਿਹਾਸ ਨੂੰ ਹੀ ਦੁਹਰਾਇਆ ਗਿਆ ਤੇ ਪੈਰਿਸ ਉਲੰਪਿਕ 'ਚ ਕਈ ਖੇਡਾਂ 'ਚ ਅਸੀਂ ਤਗਮੇ ਦੇ ਨਜ਼ਦੀਕ ਜਾ ਕੇ ਵੀ ਖੁੰਝ ਗਏ ।ਕਈ ਖੇਡਾਂ 'ਚ ਭਾਰਤ ਦੇ ਕਈ ਉਲੰਪੀਅਨ ਤੇ ਦਿੱਗਜ਼ ਹਾਰੇ ਤੇ ਕਈ ਚੌਥੇ ਸਥਾਨ 'ਤੇ ਰਹਿ ਕੇ ਤਗਮੇ ਨੂੰ ਛੂਹਣ ਤੋਂ ਵਾਂਝੇ ਰਹਿ ਗਏ, ਜਿਨ੍ਹਾਂ ਵਿਚ ਤੀਰਅੰਦਾਜ਼ੀ, ਸ਼ੂਟਿੰਗ, ਬੈਡਮਿੰਟਨ ਤੇ ਵੇਟ ਲਿਫਟਿੰਗ ਆਦਿ ਮੁੱਖ ਹਨ | ਦੇਸ਼ ਨੇ ਨਾਮੀ ਉਲੰਪੀਅਨਾਂ 'ਤੇ ਮੁੜ ਦਾਅ ਖੇਡਿਆ ਗਿਆ ਤੇ ਨਵੇਂ ਖਿਡਾਰੀਆਂ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ, ਕਿਤੇ ਨਾ ਕਿਤੇ ਇਸ ਦਾ ਨੁਕਸਾਨ ਭਾਰਤ ਨੂੰ ਪੈਰਿਸ ਉਲੰਪਿਕ 'ਚ ਝੱਲਣਾ ਪਿਆ ।ਵੇਟ ਲਿਫ਼ਟਰ ਮੀਰਾ ਬਾਈ ਚਾਨੂੰ 1 ਕਿੱਲੋ ਘੱਟ ਭਾਰ ਨਾਲ ਚੌਥੇ ਸਥਾਨ 'ਤੇ, ਨਿਸ਼ਾਨੇਬਾਜ਼ ਅਰਜੁਨ ਬਬੂਟਾ ਵੀ ਚੌਥੇ ਅਤੇ ਹੋਰ ਵੀ ਕਈ ਖੇਡਾਂ ਵਿਚੋਂ ਭਾਰਤ ਦੇ ਖਿਡਾਰੀਆਂ ਨੇ ਚੌਥਾ ਸਥਾਨ ਹਾਸਲ ਕੀਤਾ, ਪਰ ਤਗਮਾ ਨਸੀਬ ਨਹੀਂ ਹੋਇਆ ।
ਜੇਕਰ ਇਹ ਜਿੱਤ ਜਾਂਦੇ ਤਾਂ ਅੱਜ ਪੈਰਿਸ ਉਲੰਪਿਕ ਖੇਡਾਂ 'ਚ ਭਾਰਤ ਦੀ ਤਗਮਾ ਸੂਚੀ 'ਚ ਤਸਵੀਰ ਕੁਝ ਹੋਰ ਹੋਣੀ ਸੀ । ਸਭ ਤੋਂ ਵੱਧ ਧੱਕਾ ਇਸ ਉਲੰਪਿਕ ਵਿਚੋਂ ਭਾਰਤ ਨੂੰ ਨੀਰਜ ਚੋਪੜਾ ਤੋਂ ਲੱਗਾ ਜਿਸ ਨੂੰ ਸੋਨ ਤਗਮੇ ਦਾ ਤਕੜਾ ਦਾਅਵੇਦਾਰ ਮੰਨ ਰਹੇ ਸੀ, ਪਰ ਉਸ ਨੇ ਆਪਣੀ ਸਰਬੋਤਮ ਜੈਵਲਿਨ 89.45 ਮੀਟਰ ਸੁੱਟ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ, ਪਰ ਦੇਸ਼ ਵਾਸੀਆਂ ਦੇ ਪੱਲੇ ਨਿਰਾਸ਼ਾ ਪਈ ।ਪਰ ਇਸ ਨਾਲ ਭਾਰਤ ਤੇ ਪਾਕਿਸਤਾਨ ਦਰਮਿਆਨ ਇਕ ਦੋਸਤੀ ਦੀ ਸਾਂਝ ਵੀ ਮਜ਼ਬੂਤ ਹੋਈ | ਪਾਕਿਸਤਾਨੀ ਖਿਡਾਰੀ ਅਰਸ਼ਦ ਨਦੀਮ ਨੇ ਸੋਨ ਤਗਮਾ ਜਿੱਤਿਆ ਸੀ ਤੇ ਦੋਵਾਂ ਖਿਡਾਰੀਆਂ ਦੀਆਂ ਮਾਵਾਂ ਨੇ ਇਕ-ਦੂਜੇ ਪ੍ਰਤੀ ਜੋ ਪਿਆਰ ਜਤਾਇਆ ਹੈ ਉਸ ਨੇ ਇਹ ਸਾਬਤ ਕਰ ਦਿੱਤਾ ਕਿ ਮਾਂ ਦੀ ਮਮਤਾ ਨੂੰ ਕਿਸੇ ਵੀ ਦੇਸ਼ ਦੀ ਸਰਹੱਦ ਬੰਨ੍ਹ ਕੇ ਨਹੀਂ ਰੱਖ ਸਕਦੀ ।ਇਸ ਨਾਲ ਦੋਵਾਂ ਨੇ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੇ ਦਿਲ ਜਿੱਤ ਲਏ ਹਨ ।
ਭਾਰਤੀ ਹਾਕੀ ਨੇ ਵੀ ਆਪਣਾ ਕਾਂਸੀ ਦਾ ਤਗਮਾ ਬੁਲੰਦ ਹੌਸਲੇ ਨਾਲ ਜਿੱਤਿਆ ਤੇ ਕੁਆਟਰ ਫਾਈਨਲ 'ਚ ਬਰਤਾਨੀਆ ਨੂੰ ਜਿਸ ਜਜ਼ਬੇ ਨਾਲ ਹਰਾਇਆ ਤੇ ਉਸ ਤੋਂ ਖਿਡਾਰੀਆਂ ਦੀ ਦੇੇਸ਼ ਪ੍ਰਤੀ ਖੇਡ ਭਾਵਨਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।ਇਸ ਨਾਲ ਹੀ 1972 ਦੀ ਮਿਊਨਿਖ ਉਲੰਪਿਕ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਤੇ ਜਿੱਤ ਦਰਜ ਕਰਕੇ ਵੀ 52 ਸਾਲਾਂ ਬਾਅਦ ਨਵਾਂ ਇਤਿਹਾਸ ਲਿਖਿਆ ਹੈ । ਭਾਰਤੀ ਹਾਕੀ ਟੀਮ 'ਚ ਕਿਤੇ ਨਾ ਕਿਤੇ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਦੀ ਕਮੀ ਜ਼ਰੂਰ ਰੜਕਦੀ ਰਹੇਗੀ, ਜਿਸ ਨੇ ਚੀਨ ਦੀ ਦੀਵਾਰ ਬਣ ਕੇ ਭਾਰਤੀ ਹਾਕੀ ਟੀਮ ਦੀ ਰੱਖਿਆ ਕੀਤੀ । ਇਨ੍ਹਾਂ ਖੇਡਾਂ ਵਿਚ ਭਾਰਤ ਨੇ ਕਈ ਰਿਕਾਰਡ ਵੀ ਬਣਾਏ | ਮਨੂੰ ਭਾਕਰ ਨੇ ਇਕੋ ਉਲੰਪਿਕ ਵਿਚੋਂ ਦੋ ਤਗਮੇ ਜਿੱਤ ਕੇ ਵੀ ਰਿਕਾਰਡ ਬਣਾਇਆ ਤੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਵੀ ਟੋਕੀਓ ਉਲੰਪਿਕ 'ਤੋਂ ਬਾਅਦ ਪੈਰਿਸ ਉਲੰਪਿਕ ਵਿਚ ਦੂਜਾ ਤਗਮਾ ਜਿੱਤ ਕੇ ਚੌਥਾ ਭਾਰਤੀ ਖਿਡਾਰੀ ਬਣਨ ਦਾ ਮਾਣ ਹਾਸਲ ਕੀਤਾ ।ਇਸ ਤੋਂ ਪਹਿਲਾਂ ਇਹ ਮਾਣ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਕੁਸ਼ਤੀ 'ਚ (2008 ਤੇ 2012 ) ਤੇ ਪੀ.ਵੀ. ਸਿੰਧੂ ਨੂੰ ਬੈਡਮਿੰਟਨ ਵਿਚ (2016 ਤੇ 2020) ਦੀ ਉਲੰਪਿਕ ਵਿਚ ਹਾਸਲ ਹੋਇਆ ਸੀ ।ਮਨੂੰ ਭਾਕਰ ਨੇ ਵੀ ਨਵਾਂ ਇਤਹਾਸ ਵੀ ਲਿਖ ਦੇਣਾ ਸੀ ਪਰ ਇਕ ਅੰਕ ਨਾਲ ਉਹ ਤੀਜੇ ਤਗਮੇ ਤੋਂ ਖੁੰਝ ਗਈ।
ਭਾਰਤ ਦੀ ਮਹਿਲਾ ਪਹਿਲਵਾਨ ਵਿਨੇੇਸ਼ ਫੋਗਾਟ ਵੀ ਇਨ੍ਹਾਂ ਖੇਡਾਂ ਵਿਚ ਇਤਿਹਾਸ ਰਚਣ ਤੋਂ ਖੁੰਝ ਗਈ, ਕਹਿੰਦੇ ਹਨ ਜੋ ਜੀਤਾ ਵਹੀ ਸਿਕੰਦਰ... ਵਿਨੇਸ਼ ਫੋਗਾਟ ਨੇ ਜਿਸ ਤਰੀਕੇ ਨਾਲ ਪੈਰਿਸ ਉਲੰਪਿਕ ਦੇ ਫਾਈਨਲ ਵਿਚ ਥਾਂ ਬਣਾਉਣ 'ਚ ਸਫ਼ਲਤਾ ਹਾਸਲ ਕੀਤੀ ਸੀ, ਬਦਕਿਸਮਤੀ ਨਾਲ 100 ਗ੍ਰਾਮ ਵੱਧ ਭਾਰ ਹੋਣ ਕਰਕੇ ਉਸ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ।
ਦੇਸ਼ ਨੇ ਆਪਣੀ ਬੇਟੀ ਨੂੰ ਸੋਨ ਤਗਮੇ ਜਿੰਨਾ ਹੀ ਸਨਮਾਨ ਦਿੱਤਾ ਤੇ ਉਸ ਦੇ ਮਨੋਬਲ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ । ਬੇਸ਼ੱਕ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਉਸ ਨੇ ਭਾਵੁਕ ਹੋ ਕੇ ਕੀਤਾ, ਪਰ ਕੁਸ਼ਤੀ ਲਈ ਇਹ ਮਾੜਾ ਹੋਇਆ । ਇਸ ਤੋਂ ਭਾਰਤੀ ਖੇਡ ਪ੍ਰਬੰੰਧਕਾਂ ਨੂੰ ਸਬਕ ਲੈਣ ਦੀ ਲੋੜ ਹੈ ਤੇ ਵਿਨੇਸ਼ ਦੇ ਮਾਮਲੇ 'ਤੇ ਹੋਈ ਗ਼ਲਤੀ ਦੀ ਜਾਂਚ ਕਰਕੇ ਸੱਚ ਦੇਸ਼ ਵਾਸੀਆਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ।
ਬੇਸ਼ੱਕ ਭਾਰਤੀ ਖਿਡਾਰੀਆਂ ਨੇ ਆਪਣੀ ਪੂਰੀ ਵਾਹ ਲਾ ਕੇ ਪੈਰਿਸ ਉਲੰਪਿਕ 'ਚ ਚੰਗਾ ਪ੍ਰਦਰਸ਼ਨ ਕਰਨ ਦਾ ਯਤਨ ਕੀਤਾ ਹੈ ਪਰ ਇਹ ਖੇਡ ਪ੍ਰਾਪਤੀ 1.4 ਅਰਬ ਦੀ ਆਬਾਦੀ ਵਾਲੇ ਮੁਲਕ ਲਈ ਕਾਫ਼ੀ ਨਹੀਂ ਹੈ ।ਦੂਜੇ ਪਾਸੇ ਜੇ ਕੈਨੇਡਾ ਦੀ ਗੱਲ ਕਰ ਲਈਏ ਤਾਂ ਉਸ ਦੀ ਆਬਾਦੀ ਸਾਡੇ ਦੇਸ਼ ਦੀ ਰਾਜਧਾਨੀ ਜਾਂ ਕਿਸੇ ਰਾਜ ਦੇ ਬਰਾਬਰ ਦੀ ਹੀ ਹੋਵੇਗੀ ਪਰ ਕੈਨੇਡਾ ਵਿਚ ਖਿਡਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਤੇ ਖਿਡਾਰੀ ਆਪਣੇ ਪੈਸੇ ਖਰਚ ਕੇ ਖੇਡਦੇ ਹਨ ।ਉਥੇ ਕੋਈ ਖੇਡ ਵਿੰਗ ਤੇ ਖੇਡ ਸਕੀਮ ਨਹੀਂ ਤੇ ਖਿਡਾਰੀਆਂ ਨੂੰ ਨੌਕਰੀ ਵਿਚ ਵੀ ਖੇਡ ਦਾ ਕੋਈ ਲਾਭ ਨਹੀਂ ਮਿਲਦਾ । ਫਿਰ ਵੀ ਉਹ ਦੇਸ਼ ਅੱਜ ਪੈਰਿਸ ਉਲੰਪਿਕ ਦੀ ਤਗਮਾ ਸੂਚੀ ਵਿਚ 7 ਸੋਨ, 6 ਚਾਂਦੀ, 11 ਕਾਂਸੀ ਦੇ ਤਗਮਿਆਂ ਸਮੇਤ ਕੁੱਲ 24 ਤਗਮੇ ਜਿੱਤ ਕੇ ਤਗਮਾ ਸੂਚੀ ਵਿਚ 11ਵੇਂ ਸਥਾਨ 'ਤੇ ਆਇਆ ਹੈ ।
ਜਿੱਥੋਂ ਤੱਕ ਰਾਜਾਂ ਨੂੰ ਖੇਡ ਫੰਡ ਅਲਾਟ ਕਰਨ ਦਾ ਸਵਾਲ ਹੈ ਤਾਂ ਕੇਂਦਰ ਵਲੋਂ ਰਾਜਾਂ ਨਾਲ ਸ਼ਰੇਆਮ ਧੱਕਾ ਕੀਤਾ ਜਾਂਦਾ ਹੈ ਤੇ ਇਸ ਵੇਲੇ 'ਖੇਲੋ ਇੰਡੀਆ' ਦੇ ਬਜਟ ਅਲਾਟਮੈਂਟ ਵਿਚ ਵੀ ਗੁਜਰਾਤ ਨੂੰ 608 ਕਰੋੜ ਤੇ ਉਸ ਦੇ ਖਿਡਾਰੀ ਉਲੰਪਿਕ 'ਚ 2, ਯੂ.ਪੀ. ਨੂੰ 503 ਕਰੋੜ ਤੇ ਉਸ ਦੇ ਉਲੰਪਿਕ 'ਚ ਖਿਡਾਰੀ 8, ਪੰਜਾਬ ਨੂੰ 91 ਕਰੋੜ ਤੇ ਉਸ ਦੇ ਉਲੰਪਿਕ ਵਿਚ ਖਿਡਾਰੀ 20, ਹਰਿਆਣਾ ਨੂੰ 89 ਕਰੋੜ ਤੇ ਉਸ ਦੇ ਉਲੰਪਿਕ ਵਿਚ ਖਿਡਾਰੀ 24 ਖੇਡ ਰਹੇ ਹਨ, ਤਾਂ ਕਿਵੇਂ ਅਸੀਂ ਉਲੰਪਿਕ ਖੇਡਾਂ 'ਚੋ ਤਗਮੇ ਦੀ ਆਸ ਕਰ ਸਕਦੇ ਹਾਂ । ਪੰਜਾਬ ਵਿਚ ਚਲ ਰਹੇ ਐਨ. ਆਈ. ਐਸ. ਪਟਿਆਲਾ ਵਿਚ ਇਸ ਵੇਲੇ ਹਾਕੀ ਦੀਆਂ ਸਾਰੀਆਂ ਖੇਡ ਸਕੀਮਾਂ ਬੰਦ ਪਈਆਂ ਹਨ ਤੇ ਕਈ ਖੇਡਾਂ ਦੇ ਡਿਪਲੋਮੇ ਇਥੋਂ ਬਾਹਰ ਸ਼ਿਫਟ ਕਰਕੇ ਇਸ ਨੂੰ ਹੌਲੀ-ਹੌਲੀ ਪੰਜਾਬ 'ਚੋਂ ਖ਼ਤਮ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਦੇਸ਼ ਦੀ ਹਾਕੀ ਟੀਮ ਵਿਚ ਪੰਜਾਬ ਦੇ ਇਸ ਵੇਲੇ 10 ਖਿਡਾਰੀ ਖੇਡ ਰਹੇ ਹਨ ਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਨੇ ਪੰਜਾਬ ਵਿਚ ਕੋਈ ਵੀ ਹਾਕੀ ਦਾ ਸੈਂਟਰ ਫਾਰ ਐਕਸੀਲੈਂਸ ਜਾਂ ਕੋਈ ਹੋਰ ਹਾਕੀ ਦੀ ਵੱਡੀ ਸਕੀਮ ਕਦੇ ਵੀ ਅਲਾਟ ਨਹੀਂ ਕੀਤੀ । ਉਸ ਵਲੋਂ ਪੰਜਾਬ ਦੀ ਹਾਕੀ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ, ਸਾਡੇ ਮੈਂਬਰ ਪਾਰਲੀਮੈਂਟ ਇਸ ਮਾਮਲੇ 'ਤੇ ਖਾਮੋਸ਼ ਬੈਠੇ ਹਨ | ਸਿਆਸਤਦਾਨ ਖੇਡ ਸਹੂਲਤ ਤੇ ਫੰਡ ਦੇਣ ਸਮੇਂ ਵੀ ਵੋਟ ਰਾਜਨੀਤੀ ਨੂੰ ਪਹਿਲ ਦਿੰਦੇ ਹਨ | ਉਂਝ ਸੰਸਦ 'ਚ ਬਿਆਨ ਦੇ ਕੇ ਫੋਕੀ ਵਾਹ-ਵਾਹ ਜ਼ਰੂਰ ਕਰਵਾ ਲੈਂਦੇ ਹਨ ਤੇ ਖਿਡਾਰੀਆਂ ਵਲੋਂ ਜਿੱਤੇ ਤਗਮਿਆਂ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰਦੇ ਹਨ । ਜਦੋਂ ਖਿਡਾਰੀਆਂ ਨੂੰ ਸਹੂਲਤਾਂ ਦੇਣ ਦੀ ਗੱਲ ਹੁੰਦੀ ਹੈ ਤਾਂ ਖ਼ਾਮੋਸ਼ ਹੋ ਜਾਂਦੇ ਹਨ ਤੇ ਮਾੜੇ ਪ੍ਰਦਰਸ਼ਨ 'ਤੇ ਆਲੋਚਨਾ ਕਰਦੇ ਹਨ ।ਜਦੋਂ ਕੋਈ ਖਿਡਾਰੀ ਆਪਣੇ ਬਲਬੂਤੇ ਤਗਮੇ ਜਿੱਤ ਲੈਂਦਾ ਹੈ ਤਾਂ ਉਸ ਵੇਲੇ ਆਪਣੀ ਤੇ ਆਪਣੀ ਸਰਕਾਰ ਦੀ ਆਪੇ ਪਿੱਠ ਥਾਪੜਨ ਲੱਗ ਜਾਂਦੇ ਹਨ ।
ਜੇ ਅੱਜ ਭਾਰਤੀ ਹਾਕੀ ਇਸ ਮੁਕਾਮ 'ਤੇ ਪੁੱਜੀ ਹੈ ਤੇ ਉਸ ਵਿਚ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਅਹਿਮ ਯੋਗਦਾਨ ਹੈ, ਕਿਉਂਕਿ ਉਹ ਆਪ ਹਾਕੀ ਦੇ ਖਿਡਾਰੀ ਰਹੇ ਹਨ । ਉਨ੍ਹਾਂ ਨੇ ਆਪਣੇ ਰਾਜ 'ਚ ਹਾਕੀ ਲਈ ਐਸਾ ਮਾਹੌਲ ਕਰੋੜਾਂ ਰੁਪਏ ਖ਼ਰਚ ਕਰਕੇ ਤਿਆਰ ਕੀਤਾ ਤੇ ਭਾਰਤੀ ਹਾਕੀ 'ਚ ਮੁੜ ਜਾਨ ਫੂਕ ਦਿੱਤੀ ।
ਟੋਕੀਓ ਉਲੰਪਿਕ ਵਿਚੋ 41 ਸਾਲ ਦੇ ਅਰਸੇ ਬਾਅਦ ਕਾਂਸੀ ਦਾ ਤਗਮਾ ਜਿੱਤਣ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ।
ਹਰ ਸਾਲ 100 ਕੋਰੜ ਤੋਂ ਵੱਧ ਉਹ ਭਾਰਤੀ ਹਾਕੀ 'ਤੇ ਖ਼ਰਚ ਕਰਦੇ ਸਨ।ਅੱਜ ਜਦੋਂ ਪੈਰਿਸ ਉਲੰਪਿਕ 'ਚੋਂ ਭਾਰਤੀ ਹਾਕੀ ਨੇ ਮੁੜ ਕਾਂਸੀ ਦਾ ਤਗਮਾ ਜਿੱਤਿਆ ਹੈ ਤਾਂ ਕਿਸੇ ਵੀ ਖੇਡ ਅਧਿਕਾਰੀ, ਮੰਤਰੀ ਤੇ ਫੈਡਰੇਸ਼ਨ ਦੇ ਅਹੁਦੇਦਾਰ ਨੇ ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਦੇ ਹਾਕੀ ਨੂੰ ਮੁੜ ਸੁਰਜੀਤ ਕਰਨ ਵਿਚ ਪਾਏ ਅਹਿਮ ਯੋਗਦਾਨ ਨੂੰ ਯਾਦ ਕਰਨਾ ਜ਼ਰੂਰੀ ਨਹੀਂ ਸਮਝਿਆ।ਦੇਸ਼ ਦੇ ਨੇਤਾਵਾਂ ਵਲੋਂ ਵੋਟ ਬੈੈਂਕ ਨੂੰ ਪੱਕਾ ਕਰਨ ਲਈ ਆਪਣੇ ਨਾਂਅ 'ਤੇ ਸਟੇਡੀਅਮਾਂ ਦੀ ਉਸਾਰੀ ਕਰਵਾਈ ਜਾਂਦੀ ਹੈ, ਐਵਾਰਡ ਵੀ ਆਪਣੇ ਨਾਂਅ 'ਤੇ ਦਿੱਤੇ ਜਾਂਦੇ ਹਨ ਤੇ ਜਦੋਂ ਕਿਸੇ ਵੀ ਖਿਡਾਰੀ ਨੂੰ ਭਰਤ ਰਤਨ ਦੇਣ ਦੀ ਮੰਗ ਖੇਡ ਜਗਤ ਵਲੋਂ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਇਨ੍ਹਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ । ਇਸ ਦੇ ਨਾਲ ਹੀ ਖੇਡ ਫੈਡਰੇਸ਼ਨਾਂ 'ਤੇ ਵੀ ਰਾਜਨੇਤਾਵਾਂ ਨੇ ਕਬਜ਼ਾ ਕੀਤਾ ਹੋਇਆ ਹੈ ਜਾਂ ਆਪਣੇ ਰਿਸ਼ਤੇਦਾਰ ਭਰਤੀ ਕੀਤੇ ਹੋਏ ਹਨ ਤੇ ਆਪਣੀਆਂ ਮਨਮਰਜ਼ੀਆਂ ਕਰਕੇ ਖਿਡਾਰੀਆਂ ਨੂੰ ਆਪਣੇ ਇਸ਼ਾਰਿਆ 'ਤੇ ਚੱਲਣ ਲਈ ਮਜਬੂਰ ਕਰਦੇ ਹਨ । ਜੇ ਕੋਈ ਵਿਨੇਸ਼ ਫੋਗਾਟ ਬਣ ਕੇ ਫੈਡਰੇਸ਼ਨ ਦੇ ਵਿਰੱੁੱਧ ਝੰਡਾ ਚੁੱਕ ਲੈਂਦੀ ਹੈ ਤਾਂ ਫੇਰ ਮੌਕੇ ਦੀਆਂ ਸਰਕਾਰਾਂ ਮੂਕ ਦਰਸ਼ਕ ਬਣ ਜਾਂਦੀਆਂ ਹਨ ਤੇ ਇਸੇ ਕਰਕੇ ਫੈਡਰੇਸ਼ਨਾਂ 'ਤੇ ਕਾਬਜ਼ ਬਾਹੂਬਲੀਆਂ ਨੇ ਖਿਡਾਰੀਆਂ ਨੂੰ ਸੜਕ 'ਤੇ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਸੀ ।ਖੇਡਾਂ ਅੰਦਰ ਸਿਆਸਤ ਲਿਆ ਕੇ ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀਆਂ ਨਵੀਆਂ ਪਿਰਤਾਂ ਪਾਈਆਂ ਹਨ ।
ਦੇੇਸ਼ ਦੇ ਨੇਤਾ ਸਿਰਫ਼ ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਲਈ ਆਪਣੀ ਗ੍ਰਾਂਟ ਉਥੇ ਖ਼ਰਚ ਕਰਦੇ ਹਨ, ਜਿਥੋਂ ਵੋਟਾਂ ਮਿਲ ਸਕਦੀਆਂ ਹੋਣ । ਖੇਡਾਂ ਦੇ ਸੈਂਟਰ, ਸਟੇਡੀਅਮ, ਖੇਡ ਸਕੀਮਾਂ ਤੇ ਹੋਰ ਸਹੂਲਤਾਂ ਵੱਲ ਇਨ੍ਹਾਂ ਦਾ ਕੋਈ ਧਿਅਆਨ ਨਹੀਂ ਹੈ ।ਫਿਰ ਉਲੰਪਿਕ ਵਿਚ ਆਪਣੇ ਦੇਸ਼ ਦੇ ਖਿਡਾਰੀਆਂ ਤੋਂ ਅਸੀਂ ਤਗਮਿਆਂ ਦੀ ਆਸ ਕਿਸ ਮੂੰਹ ਨਾਲ ਕਰ ਰਹੇ ਹਾਂ? ਪੈਰਿਸ ਉਲੰਪਿਕ ਦੀ ਤਗਮਾ ਸੂਚੀ ਵਿਚ ਭਾਰਤ ਅਜੇ ਵੀ 69ਵੇਂ ਸਥਾਨ 'ਤੇ ਖੜ੍ਹਾ ਹੈ ਤੇ ਇਸ ਪ੍ਰਦਰਸ਼ਨ ਨੂੰ ਨਿਰਾਸ਼ਾਜਨਕ ਕਹਿਣਾ ਕੋਈ ਗ਼ਲਤ ਨਹੀਂ ਹੋਵੇਗਾ ।140 ਕਰੋੜ ਆਬਾਦੀ ਵਾਲੇ ਦੇਸ਼ ਨੂੰ ਇਸ ਨਾਲੋਂ ਚੰਗਾ ਪ੍ਰਦਰਸ਼ਨ ਕਰਨਾ ਚਾਹੀਦਾ ਸੀ, ਜਦ ਕਿ ਭਾਰਤ 'ਚ ਪੈਸੇ ਦੀ ਕੋਈ ਸਮੱਸਿਆ ਨਹੀਂ ਹੈ । ਦੇਸ਼ ਵਿਚ ਉਲੰਪਿਕ ਪੱਧਰ ਦੇ ਖਿਡਾਰੀ ਤਿਆਰ ਕਰਨ ਵਿਚ ਸਾਡੀ ਸੋਚ ਚੰਗੀ ਨਹੀਂ ਹੈ ।ਇਸ ਲਈ ਸਾਨੂੰ ਅੱਜ ਤੋਂ ਦੇਸ਼ ਅੰਦਰ ਖੇਡ ਸੱਭਿਆਚਾਰ ਪੈਦਾ ਕਰਨ ਦੀ ਜ਼ਰੂਰਤ ਹੈ ਨਾ ਕਿ ਸਾਨੂੰ ਚਾਰ ਸਾਲ ਬਾਅਦ ਆਉਣ ਵਾਲੀ ਉਲੰਪਿਕ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ।
ਡਾਕਟਰ ਜਤਿੰਦਰ ਸਾਬੀ
Comments (0)