ਭਾਰਤੀ ਹਵਾਈ ਫੌਜ ਵਲੋਂ ਕੀਤੇ ਹਮਲੇ ਬਾਅਦ ਪਾਕਿਸਤਾਨ ਦੇ ਜਵਾਬ ਦੀ ਤਿਆਰੀ

ਭਾਰਤੀ ਹਵਾਈ ਫੌਜ ਵਲੋਂ ਕੀਤੇ ਹਮਲੇ ਬਾਅਦ ਪਾਕਿਸਤਾਨ ਦੇ ਜਵਾਬ ਦੀ ਤਿਆਰੀ

ਚੰਡੀਗੜ੍ਹ: ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਿਹਾ ਤਣਾਅ ਠੰਢਾ ਹੋਣ ਦੀ ਬਜਾਏ ਗਰਮੀ ਫੜਦਾ ਜਾ ਰਿਹਾ ਹੈ। ਬੀਤੇ ਕਲ੍ਹ ਭਾਰਤੀ ਹਵਾਈ ਫੌਜ ਵਲੋਂ ਐਲ.ਓ.ਸੀ ਦੇ ਪਾਰ ਜਾ ਕੇ ਪਾਕਿਸਤਾਨੀ ਪ੍ਰਬੰਧ ਵਾਲੇ ਇਲਾਕੇ ਵਿਚ ਕਾਰਵਾਈ ਕੀਤੀ ਗਈ। ਇਸ ਕਾਰਵਾਈ ਸਬੰਧੀ ਭਾਰਤ ਅਤੇ ਪਾਕਿਸਤਾਨ ਵਲੋਂ ਵੱਖ-ਵੱਖ ਬਿਆਨ ਸਾਹਮਣੇ ਆਏ ਹਨ, ਪਰ ਜੰਮੂ ਕਸ਼ਮੀਰ ਅਤੇ ਪੰਜਾਬ ਵਿਚ ਆਮ ਲੋਕਾਂ ਅੰਦਰ ਜੰਗ ਲੱਗਣ ਦਾ ਡਰ ਦੇਖਿਆ ਜਾ ਰਿਹਾ ਹੈ ਕਿਉਂਕਿ ਜੰਗ ਲੱਗਣ ਦੀ ਸੂਰਤ ਵਿਚ ਇਹਨਾਂ ਖੇਤਰਾਂ ਦਾ ਹੀ ਸਭ ਤੋਂ ਵੱਧ ਨੁਕਸਾਨ ਹੋਣ ਦਾ ਖਦਸ਼ਾ ਹੈ। 

ਭਾਰਤੀ ਫੌਜ ਦੀ ਕਾਰਵਾਈ ਸਬੰਧੀ ਭਾਰਤੀ ਦਾਅਵਾ
ਭਾਰਤ ਸਰਕਾਰ ਦੇ ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤੀ ਫੌਜ ਵਲੋਂ ਕੀਤੀ ਗਈ ਕਾਰਵਾਈ ਵਿਚ ਵੱਡੀ ਗਿਣਤੀ 'ਚ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਭਾਰਤੀ ਦਾਅਵੇ ਮੁਤਾਬਿਕ ਸੋਮਵਾਰ-ਮੰਗਲਵਾਰ ਦੀ ਵਿਚਕਾਰਲੀ ਰਾਤ ਕੀਤੇ ਗਏ ਇਸ ਹਮਲੇ ਵਿਚ ਜੈਸ਼-ਏ-ਮੋਹਮਦ ਅਤੇ ਲਸ਼ਕਰ-ਏ-ਤਾਇਬਾ ਦੇ ਤਿੰਨ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਹਨਾਂ ਤਿੰਨ ਟਿਕਾਣਿਆ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਵਿਚੋਂ 2 ਟਿਕਾਣੇ ਪਾਕਿਸਤਾਨ ਦੇ ਪ੍ਰਬੰਧ ਹੇਠਲੇ ਕਸ਼ਮੀਰ ਵਿਚ ਹਨ ਜਦਕਿ 1 ਟਿਕਾਣਾ ਪਾਕਿਸਤਾਨ ਵਿਚ ਹੈ।

ਭਾਰਤ ਸਰਕਾਰ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਪਹਿਲਾ ਹਮਲਾ ਮੁਜ਼ੱਫਰਾਬਾਦ ਦੇ ਉੱਤਰ ਪੱਛਮ ਵਿਚ 24 ਕਿਲੋਮੀਟਰ ਦੂਰੀ 'ਤੇ ਸਥਿਤ ਬਾਲਾਕੋਟ ਵਿਖੇ ਸਵੇਰੇ 03.45 'ਤੇ ਕੀਤਾ ਗਿਆ, ਦੂਜਾ ਹਮਲਾ ਮਜ਼ੱਫਰਾਬਾਦ ਵਿਖੇ ਸਵੇਰੇ 03.48 'ਤੇ ਕੀਤਾ ਗਿਆ ਅਤੇ ਤੀਜਾ ਹਮਲਾ ਚਕੋਟੀ ਵਿਖੇ 03.58 'ਤੇ ਕੀਤਾ ਗਿਆ। ਇਹ ਹਮਲੇ ਭਾਰਤੀ ਹਵਾਈ ਫੌਜ ਦੇ ਮਿਰਾਜ 2000 ਲੜਾਕੂ ਜਹਾਜ਼ਾਂ ਨਾਲ ਕੀਤੇ ਗਏ। 

ਪਾਕਿਸਤਾਨ ਨੇ ਸਖਤ ਜਵਾਬ ਦੇਣ ਦਾ ਐਲਾਨ ਕੀਤਾ
ਭਾਰਤ ਵਲੋਂ ਕੀਤੀ ਗਈ ਐਲਓਸੀ ਉਲੰਘਣਾ ਦੀ ਪਾਕਿਸਤਾਨ ਵਲੋਂ ਪੁਸ਼ਟੀ ਕਰ ਦਿੱਤੀ ਗਈ ਹੈ। ਪਾਕਿਸਤਾਨ ਦੇ ਮੇਜਰ ਜਨਰਲ ਆਸਿਫ ਗਫ਼ੂਰ ਨੇ ਉਲੰਘਣਾ ਦੀ ਪੁਸ਼ਟੀ ਦੇ ਨਾਲ ਨਾਲ ਭਾਰਤੀ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਹਮਲੇ ਵਿਚ ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ। 

ਪਾਕਿਸਤਾਨ ਵਿਚ ਇਹ ਗੱਲ ਜ਼ੋਰ ਫੜ ਰਹੀ ਹੈ ਕਿ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਜਿੱਤ ਹਾਸਿਲ ਕਰਨ ਲਈ ਅਜਿਹਾ ਜੰਗ ਵਾਲਾ ਮਾਹੌਲ ਸਿਰਜਣਾ ਚਾਹੁੰਦੀ ਹੈ ਜੋ ਕਿ ਖਿੱਤੇ ਦੀ ਸਥਿਰਤਾ ਅਤੇ ਸ਼ਾਂਤੀ ਲਈ ਵੱਡਾ ਖਤਰਾ ਬਣ ਸਕਦਾ ਹੈ।

ਪਾਕਿਸਤਾਨ ਫੌਜ ਦੇ ਬੁਲਾਰੇ ਮੇਜਰ ਨੇ ਕਿਹਾ ਕਿ ਭਾਰਤੀ ਹਵਾਈ ਜਹਾਜ਼ ਪਾਕਿਸਤਾਨੀ ਪ੍ਰਬੰਧ ਵਾਲੇ ਕਸ਼ਮੀਰੇ ਦੇ ਬਾਲਾਕੋਟ ਇਲਾਕੇ ਵਿਚ ਕਾਹਲੀ-ਕਾਹਲੀ 'ਚ ਸਰਹੱਦ ਨੇੜੇ ਹੀ ਬੰਬ ਸੁੱਟ ਕੇ ਪਰਤ ਗਏ। 

ਪਾਕਿਸਤਾਨ ਦੀ ਸੱਤਾਧਿਰ ਪਾਰਟੀ ਤਹਿਰੀਕ-ਏ-ਇਨਸਾਫ ਮੁਤਾਬਿਕ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਨੂੰ ਹਰ ਸਥਿਤੀ ਲਈ ਤਿਆਰ ਰਹਿਣ ਲਈ ਕਿਹਾ ਹੈ ਤੇ ਪਾਕਿਸਤਾਨ ਦੇ ਪਰਮਾਣੂ ਬੰਬਾਂ ਦੀ ਦੇਖ ਰੇਖ ਕਰਨ ਵਾਲੀ ਨੈਸ਼ਨਲ ਕਮਾਂਡ ਅਥਾਰਟੀ ਦੀ ਇਕ ਹੰਗਾਮੀ ਬੈਠਕ ਸੱਦੀ ਹੈ।

ਪਾਕਿਸਤਾਨ ਦੇ ਉੱਚ ਨੁਮਾਂਇੰਦਿਆਂ ਵਾਲੀ ਪਾਕਿਸਤਾਨ ਕੌਮੀ ਸੁਰੱਖਿਆ ਕਮੇਟੀ ਵਲੋਂ ਜਾਰੀ ਸਾਂਝੇ ਬਿਆਨ ਵਿਚ ਭਾਰਤ ਵਲੋਂ ਅੱਤਵਾਦੀ ਕੈਂਪ 'ਤੇ ਹਮਲਾ ਕਰਨ ਦੇ ਦਾਅਵੇ ਨੂੰ ਰੱਦ ਕੀਤਾ ਗਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕੌਮਾਂਤਰੀ ਭਾਈਚਾਰੇ ਸਾਹਮਣੇ ਭਾਰਤ ਦੀ ਇਸ ਗੈਰਜ਼ਿੰਮੇਵਾਰ ਨੀਤੀ ਤੋਂ ਪਰਦਾ ਚੁੱਕਣਗੇ ਅਤੇ ਨਾਲ ਹੀ ਭਾਰਤ ਨੂੰ ਧਮਕੀ ਦਿੱਤੀ ਗਈ ਕਿ ਇਸ ਹਮਲੇ ਦਾ ਜਵਾਬ ਉਹ ਆਪਣੇ ਮਰਜ਼ੀ ਦੇ ਸਮੇਂ ਅਤੇ ਥਾਂ 'ਤੇ ਦੇਣਗੇ। 

ਬਾਲਾਕੋਟ ਦੇ ਵਸ਼ਿੰਦਿਆਂ ਨੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਨਾ ਕੀਤੀ
ਬਾਲਾਕੋਟ ਨਜ਼ਦੀਕ ਪਿੰਡਾਂ ਦੇ ਲੋਕਾਂ ਨੇ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਨਾ ਕੀਤੀ ਹੈ। ਅੰਤਰਰਾਸ਼ਟਰੀ ਅਖਬਾਰ "ਇੰਡੀਪੈਂਡੈਂਟ" ਮੁਤਾਬਿਕ ਇਸ ਹਮਲੇ ਵਿਚ ਇਕ ਆਮ ਸ਼ਹਿਰੀ ਦੇ ਜ਼ਖਮੀ ਹੋਣ ਦੀ ਖ਼ਬਰ ਹੈ। 

ਕੌਮਾਂਤਰੀ ਖ਼ਬਰ ਅਜੈਂਸੀ "ਰਿਊਟਰਸ" ਮੁਤਾਬਿਕ ਆਮ ਲੋਕਾਂ ਨੂੰ ਸਵੇਰੇ ਤੜਕੇ ਲੱਗਿਆ ਜਿਵੇਂ ਕੋਈ ਭੂਚਾਲ ਆਇਆ ਹੋਵੇ ਪਰ ਦਿਨ ਚੜ੍ਹਨ ਤੋਂ ਬਾਅਦ ਹੀ ਇਹ ਸਾਫ ਹੋਇਆ ਕਿ ਭਾਰਤੀ ਫੌਜ ਵਲੋਂ ਹਮਲਾ ਕੀਤਾ ਗਿਆ ਸੀ। 

(ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ "ਅੰਮ੍ਰਿਤਸਰ ਟਾਈਮਜ਼" ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਮ ਲਿਖ ਕੇ ਸੁਨੇਹਾ ਭੇਜੋ)