ਲਖੀਮਪੁਰ ਹਿੰਸਾ ਮਾਮਲੇ ਦੀ ਅਗਲੀ ਸੁਣਵਾਈ 19 ਜਨਵਰੀ ਤੱਕ ਮੁਲਤਵੀ

ਲਖੀਮਪੁਰ ਹਿੰਸਾ ਮਾਮਲੇ ਦੀ ਅਗਲੀ ਸੁਣਵਾਈ 19 ਜਨਵਰੀ ਤੱਕ ਮੁਲਤਵੀ

ਸੈਸ਼ਨ ਕੋਰਟ ਦੀ ਰਿਪੋਰਟ - ਮੁਕੱਦਮੇ ਦੀ ਸੁਣਵਾਈ ਨੂੰ ਲੱਗ ਸਕਦੇ ਹਨ ਪੰਜ ਸਾਲ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 11 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਲਖੀਮਪੁਰ ਖੇੜੀ 'ਚ ਕਿਸਾਨਾਂ 'ਤੇ ਗੱਡੀ ਚੜਾਉਣ ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਵੀ ਕੋਈ ਫੈਸਲਾ ਨਹੀਂ ਹੋ ਸਕਿਆ। ਸੁਪਰੀਮ ਕੋਰਟ ਨੇ ਪਟੀਸ਼ਨ 'ਤੇ ਸੁਣਵਾਈ 19 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਅਸ਼ੀਸ਼ ਮਿਸ਼ਰਾ ਨੇ ਅਲਾਹਾਬਾਦ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ, ਜਿਸ 'ਚ ਅਦਾਲਤ ਨੇ ਮਿਸ਼ਰਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਸੁਪਰੀਮ ਕੋਰਟ ਨੇ ਐਡੀਸ਼ਨਲ ਸੈਸ਼ਨ ਜੱਜ ਲਖੀਮਪੁਰ ਖੇੜੀ ਦੀ ਰਿਪੋਰਟ ਪੜਨ ਉਪਰੰਤ ਕਿਹਾ ਕਿ  ਇਸ ਮਾਮਲੇ 'ਚ 208 ਗਵਾਹ ਹਨ ਇਸ ਲਈ ਮੁਕੱਦਮੇ ਦੀ ਸੁਣਵਾਈ ਪੂਰੀ ਹੋਣ 'ਚ 5 ਸਾਲ ਦਾ ਸਮਾਂ ਲੱਗ ਸਕਦਾ ਹੈ । ਸੁਪਰੀਮ ਕੋਰਟ ਨੇ ਅਦਾਲਤ ਤੋਂ ਜਾਣਕਾਰੀ ਮੰਗੀ ਸੀ ਕਿ ਇਸ ਮਾਮਲੇ ਨੂੰ ਕਿਸ ਸਮੇਂ 'ਚ ਹੋਰ ਕੇਸਾਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਕੇਸ ਦਾ ਨਿਪਟਾਰਾ ਕੀਤਾ ਜਾਵੇਗਾ। ਦੂਜੇ ਪਾਸੇ ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਹਿੰਸਾ ਦੇ ਸਾਰੇ ਦੋਸ਼ੀਆਂ ਖਿਲਾਫ ਦੋਸ਼ ਆਇਦ ਕਰ ਦਿੱਤੇ ਗਏ ਹਨ।

ਜਿਕਰਯੋਗ ਹੈ ਕਿ ਮੁਜਾਹਿਰਾ ਕਰ ਰਹੇ ਕਿਸਾਨਾਂ ਤੇ ਆਸ਼ਿਸ਼ ਮਿਸ਼ਰਾ ਨੇ ਆਪਣੀ ਗੱਡੀ ਚੜਾ ਦਿੱਤੀ ਸੀ ਜਿਸ ਉਪਰੰਤ ਹਿੰਸਾ ਭੜਕ ਗਈ ਸੀ ਤੇ ਇਸ ਮਾਮਲੇ ਅੰਦਰ ਕੁਲ ਅੱਠ ਮੌਤਾਂ ਹੋਈਆਂ ਸੀ।