ਨਸ਼ੇ ਦਾ ਕਾਰੋਬਾਰ ਰੋਕਣ ਲਈ ਐਨ.ਸੀ.ਬੀ. ਵੱਲੋਂ ਛੋਟੇ ਡਰੱਗ ਸਮੱਗਲਰਾਂ ਨੂੰ ਫੜਨ ਦੀ ਥਾਂ ਵੱਡੇ ਮਗਰਮੱਛਾਂ ਨੂੰ ਹੱਥ ਪਾਏ: ਮਾਨ

ਨਸ਼ੇ ਦਾ ਕਾਰੋਬਾਰ ਰੋਕਣ ਲਈ ਐਨ.ਸੀ.ਬੀ. ਵੱਲੋਂ ਛੋਟੇ ਡਰੱਗ ਸਮੱਗਲਰਾਂ ਨੂੰ ਫੜਨ ਦੀ ਥਾਂ ਵੱਡੇ ਮਗਰਮੱਛਾਂ ਨੂੰ ਹੱਥ ਪਾਏ: ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 11 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਹੁਤ ਪਹਿਲੇ ਜਦੋਂ ਪਠਾਨਕੋਟ ਏਅਰਬੇਸ ਵਿਚ ਇਕ ਐਸ.ਪੀ. ਰੈਕ ਦੇ ਸ. ਸਲਵਿੰਦਰ ਸਿੰਘ ਅਤੇ ਇਕ ਜੌਹਰੀ ਸਮਗਲਿੰਗ ਦੇ ਧੰਦੇ ਵਿਚ ਫੜੇ ਗਏ ਸਨ, ਉਸ ਤੋਂ ਪਹਿਲੇ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਅਤੇ ਫਿਰੋਜ਼ਪੁਰ ਦੇ ਵੱਡੇ ਸਮੱਗਲਰ ਦਾ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਵਿਚ ਨਾਮ ਸਾਹਮਣੇ ਆਇਆ ਸੀ, ਜੋ ਕਿ ਉਸ ਸਮੇ ਦੇ ਸ. ਹਰਦਿਆਲ ਸਿੰਘ ਮਾਨ ਐਸ.ਐਸ.ਪੀ. ਫਿਰੋਜ਼ਪੁਰ ਨੇ ਇਸ ਰੈਕਟ ਨੂੰ ਸਾਹਮਣੇ ਲਿਆਂਦਾ ਸੀ । ਅਸੀ ਉਸ ਸਮੇ ਤੋਂ ਹੀ ਸਭ ਤੱਥਾਂ ਨੂੰ ਇਕੱਠਾਂ ਕਰਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਮੁੱਖ ਸਕੱਤਰ ਪੰਜਾਬ, ਡੀਜੀਪੀ ਪੰਜਾਬ, ਗਵਰਨਰ ਪੰਜਾਬ, ਉਸ ਤੋ ਬਾਅਦ ਨਵੇ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਸਕੱਤਰ ਪੰਜਾਬ, ਉਸ ਸਮੇ ਦੇ ਰਹਿ ਚੁੱਕੇ ਡੀਜੀਪੀ ਸ੍ਰੀ ਸੁਰੇਸ ਅਰੋੜਾ ਅਤੇ ਦਿਨਕਰ ਗੁਪਤਾ ਨੂੰ ਵੇਰਵੇ ਦਿੰਦੇ ਹੋਏ ਪੱਤਰ ਲਿਖਦੇ ਰਹੇ ਹਾਂ ਤਾਂ ਕਿ ਸਾਡੀ ਪੰਜਾਬ ਦੀ ਅਫਸਰਸਾਹੀ ਅਤੇ ਰਾਜ ਭਾਗ ਕਰਨ ਵਾਲੇ ਸਿਆਸਤਦਾਨ ਇਸ ਅਤਿ ਗੰਭੀਰ ਵਿਸੇ ਉਤੇ ਅਮਲ ਕਰਦੇ ਹੋਏ ਨਸ਼ਲੀਆਂ ਵਸਤਾਂ ਦੇ ਉਨ੍ਹਾਂ ਵੱਡੇ ਸਮੱਗਲਰਾਂ ਅਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਸਿਆਸਤਦਾਨਾਂ ਉਤੇ ਕਾਨੂੰਨੀ ਅਮਲ ਕਰਦੇ ਹੋਏ ਇਸ ਨਸਿਆ ਦੇ ਪੰਜਾਬ ਵਿਚ ਹੋ ਰਹੇ ਵਪਾਰ ਨੂੰ ਸਖਤੀ ਨਾਲ ਬੰਦ ਕੀਤਾ ਜਾ ਸਕੇ । ਪਰ ਦੁੱਖ ਅਤੇ ਅਫਸੋਸ ਹੈ ਕਿ ਨਾ ਤਾਂ ਸਮੇ-ਸਮੇ ਦੇ ਮੁੱਖ ਮੰਤਰੀਆਂ ਨੇ, ਮੁੱਖ ਸਕੱਤਰ ਨੇ, ਗ੍ਰਹਿ ਸਕੱਤਰ ਨੇ, ਡੀਜੀਪੀਜ ਨੇ ਸਾਡੇ ਵੱਲੋਂ ਅਨੇਕਾ ਵਾਰ ਪੱਤਰ ਲਿਖਣ ਦੇ ਬਾਵਜੂਦ ਵੀ ਕੋਈ ਅਮਲੀ ਕਾਰਵਾਈ ਨਾ ਕੀਤੀ । ਲੇਕਿਨ ਅੱਜ ਜੋ ਇਸ ਵਿਸੇ ਤੇ ਛੋਟੇ ਸਮੱਗਲਰ ਕੰਮ ਕਰਦੇ ਹਨ, ਉਨ੍ਹਾਂ 30 ਦੋਸ਼ੀਆਂ ਨੂੰ ਐਨ.ਸੀ.ਬੀ. ਵੱਲੋਂ ਮੋਹਾਲੀ ਵਿਖੇ ਗ੍ਰਿਫਤਾਰ ਕਰਕੇ ਇੰਝ ਪ੍ਰਚਾਰਿਆ ਜਾ ਰਿਹਾ ਹੈ ਜਿਵੇ ਪੰਜਾਬ ਦੀ ਸਰਕਾਰ ਅਤੇ ਐਨ.ਸੀ.ਬੀ ਨੇ ਬਹੁਤ ਵੱਡੀ ਸਫਲਤਾ ਪ੍ਰਾਪਤ ਕਰ ਲਈ ਹੋਵੇ ਅਤੇ ਹੁਣ ਅੱਗੇ ਤੋਂ ਨਸ਼ੀਲੀਆਂ ਵਸਤਾਂ ਦਾ ਕਾਰੋਬਾਰ ਪੰਜਾਬ ਵਿਚ ਨਹੀ ਹੋਵੇਗਾ ਅਤੇ ਨਾ ਹੀ ਨੌਜਵਾਨੀ ਨੂੰ ਨਸੇ ਵੱਲ ਧਕੇਲਣ ਦੀ ਕੋਈ ਕਾਰਵਾਈ ਹੋਵੇਗੀ । ਜਦੋਕਿ ਜਿਨ੍ਹਾਂ ਸਮੱਗਲਰਾਂ ਨੂੰ ਕਬੱਡੀ ਖੇਡ ਦੇ ਬਹਾਨੇ ਪੰਜਾਬ ਵਿਚ ਬੁਲਾਕੇ ਸਮਗਲਿੰਗ ਦੇ ਨਵੇ-ਨਵੇ ਢੰਗਾਂ ਉਤੇ ਵਿਚਾਰਾਂ ਕੀਤੀਆ ਜਾਂਦੀਆ ਸਨ ਅਤੇ ਜਿਸ ਵੱਡੀ ਖੇਡ ਵਿਚ ਵੱਡੇ-ਵੱਡੇ ਸਿਆਸਤਦਾਨ ਵੀ ਸਾਮਿਲ ਹਨ, ਉਨ੍ਹਾਂ ਵਿਰੁੱਧ ਸਰਕਾਰਾਂ ਅਤੇ ਜਾਂਚ ਏਜੰਸੀਆ ਵੱਲੋ ਨਾ ਪਹਿਲਾ ਕਦੇ ਕੋਈ ਅਮਲ ਹੋਇਆ ਹੈ ਨਾ ਅੱਜ ਹੋ ਰਿਹਾ ਹੈ । ਜੋ ਅਤਿ ਦੁੱਖਦਾਇਕ ਵਰਤਾਰਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਮੋਹਾਲੀ ਵਿਖੇ ਸੈਟਰ ਦੀ ਐਨ.ਸੀ.ਬੀ ਨਸਿਆ ਸੰਬੰਧੀ ਕੰਟਰੋਲ ਕਰਨ ਵਾਲੀ ਏਜੰਸੀ ਵੱਲੋ ਛੋਟੇ-ਮੋਟੇ ਸਮੱਗਲਰਾਂ ਨੂੰ ਫੜਕੇ ਇਸ ਦਿਸ਼ਾ ਵੱਲ ਕੀਤੀ ਜਾਣ ਵਾਲੀ ਖਾਨਾਪੂਰਤੀ ਸੰਬੰਧੀ ਐਨ.ਸੀ.ਬੀ ਦੇ ਡਾਈਰੈਕਟਰ ਸ੍ਰੀ ਸਤਿਆ ਨਰਾਇਣ ਪ੍ਰਧਾਨ ਨੂੰ ਬੀਤੇ ਸਮੇ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲਿਖੇ ਪੱਤਰਾਂ ਦਾ ਵੇਰਵਾ ਦਿੰਦੇ ਹੋਏ ਵੱਡੇ ਸਮੱਗਲਰਾਂ ਅਤੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਸਿਆਸਤਦਾਨਾਂ ਵਿਰੁੱਧ ਕਾਨੂੰਨੀ ਅਮਲ ਕਰਨ ਦੀ ਜੋਰਦਾਰ ਅਪੀਲ ਤੇ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਆਪਣੇ ਇਸ ਪੱਤਰ ਦੇ ਨਾਲ ਬੀਤੇ ਸਮੇ ਵਿਚ ਪਾਰਟੀ ਵੱਲੋ ਅਫਸਰਾਨ ਤੇ ਸਿਆਸਤਦਾਨਾਂ ਨੂੰ ਲਿਖੇ ਗਏ ਪੱਤਰਾਂ ਦੀ ਨਕਲ ਕਾਪੀਆ ਵੀ ਸ੍ਰੀ ਪ੍ਰਧਾਨ ਨੂੰ ਜਾਣਕਾਰੀ ਹਿੱਤ ਨੱਥੀ ਕੀਤੀਆ ਤਾਂ ਕਿ ਸ੍ਰੀ ਪ੍ਰਧਾਨ ਸਹੀ ਦਿਸ਼ਾ ਵੱਲ ਸਹੀ ਸਮੇ ਤੇ ਇਨ੍ਹਾਂ ਵੱਡੇ ਸਮੱਗਲਰਾਂ ਵਿਰੁੱਧ ਅਮਲੀ ਰੂਪ ਵਿਚ ਕਾਰਵਾਈ ਕਰ ਸਕਣ ਅਤੇ ਪੰਜਾਬ ਦੀ ਨੌਜਵਾਨੀ ਨੂੰ ਆਪਣੇ ਵਪਾਰਕ ਫਾਇਦਿਆ ਲਈ ਨਸਿਆ ਵੱਲ ਧਕੇਲਣ ਅਤੇ ਪੰਜਾਬ ਵਿਚ ਵੱਧਦੇ ਜਾ ਰਹੇ ਨਸੇ ਦੇ ਕਾਰੋਬਾਰ ਨੂੰ ਰੋਕਿਆ ਜਾ ਸਕੇ । ਸ. ਮਾਨ ਨੇ ਸ੍ਰੀ ਪ੍ਰਧਾਨ ਤੋ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਸਾਡੇ ਵੱਲੋ ਸਮੇ-ਸਮੇ ਤੇ ਲਿਖੇ ਗਏ ਪੱਤਰਾਂ ਦੀ ਪੰਜਾਬ ਪੱਖੀ ਸੋਚ ਨੂੰ ਪ੍ਰਵਾਨ ਕਰਦੇ ਹੋਏ ਇਸ ਨਸਿਆ ਦੇ ਹੋ ਰਹੇ ਕਾਰੋਬਾਰ ਤੇ ਇਸ ਵਿਚ ਸਾਮਿਲ ਵੱਡੇ ਸਮੱਗਲਰਾਂ ਤੇ ਸਿਆਸਤਦਾਨਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹੇ ਕਰਕੇ ਗ੍ਰਿਫਤਾਰ ਕਰਦੇ ਹੋਏ ਬਣਦੀਆ ਸਜਾਵਾਂ ਦਿਵਾਕੇ ਪੰਜਾਬ ਸੂਬੇ, ਪੰਜਾਬੀਆ ਨੂੰ ਇਸ ਦੁਖਾਂਤ ਤੋ ਨਿਜਾਤ ਦਿਵਾਉਣ ਵਿਚ ਭੂਮਿਕਾ ਨਿਭਾਉਣਗੇ ।