ਕਿਸਾਨਾਂ ਦੀਆਂ ਲਟਕਦੀਆਂ ਮੰਗਾ ਨੂੰ ਆਗਾਮੀ ਬਜਟ ਸੈਸ਼ਨ 'ਚ ਸੰਸਦ ਅੰਦਰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ: ਸੰਯੁਕਤ ਕਿਸਾਨ ਮੋਰਚਾ

ਕਿਸਾਨਾਂ ਦੀਆਂ ਲਟਕਦੀਆਂ ਮੰਗਾ ਨੂੰ ਆਗਾਮੀ ਬਜਟ ਸੈਸ਼ਨ 'ਚ ਸੰਸਦ ਅੰਦਰ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ: ਸੰਯੁਕਤ ਕਿਸਾਨ ਮੋਰਚਾ

ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਅਤੇ ਕਿਸਾਨਾਂ ਨੂੰ ਜਾਤ, ਧਰਮ, ਖੇਤਰ, ਭਾਸ਼ਾ ਦੇ ਨਾਂ 'ਤੇ ਵੰਡਣ ਦੀ ਜੋ ਸਾਜ਼ਿਸ਼ ਰਚੀ ਗਈ ਸੀ, ਉਹ ਅਜੇ ਵੀ ਹੈ ਜਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 9 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਕਿਸਾਨ ਮੋਰਚਾ ਦੀ ਇਕ ਅਹਿਮ ਮੀਟਿੰਗ ਕਰਨਾਲ, ਹਰਿਆਣਾ ਦੇ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਹੋਈ। ਕਿਸਾਨ ਆਗੂ ਸਤਿਆਵਾਨ, ਕਿਸ਼ੋਰ ਧਮਾਲੇ, ਸੁਰੇਸ਼ ਕੌਠ ਨੇ ਸਾਂਝੇ ਤੌਰ ’ਤੇ ਇਸ ਦੀ ਪ੍ਰਧਾਨਗੀ ਕੀਤੀ।

ਮੀਟਿੰਗ ਵਿੱਚ ਸਾਰਿਆਂ ਨੇ ਵੱਧ ਤੋਂ ਵੱਧ ਏਕਤਾ ਅਤੇ ਜੋਰਦਾਰ ਸੰਘਰਸ਼ ਦੇ ਸੰਕਲਪ ਲੈ ਕੇ ਸਾਂਝੇ ਕਿਸਾਨ ਮੋਰਚੇ ਨੂੰ ਮਜ਼ਬੂਤ ​​ਅਤੇ ਵਿਸ਼ਾਲ ਕਰਨ ’ਤੇ ਜ਼ੋਰ ਦਿੱਤਾ।

ਆਗੂਆਂ ਨੇ ਪਿਛਲੇ ਅੰਦੋਲਨਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ 26 ਨਵੰਬਰ ਨੂੰ ਸਮਾਪਤ ਹੋਇਆ ‘ਰਾਜ ਨਿਵਾਸ ਚਲੋ’ ਪ੍ਰੋਗਰਾਮ ਮੁਹਾਲੀ, ਪੰਚਕੂਲਾ, ਲਖਨਊ, ਪਟਨਾ, ਕੋਲਕਾਤਾ, ਭੋਪਾਲ, ਜੈਪੁਰ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਭਰ ਵਿੱਚ ਸਫ਼ਲ ਰਿਹਾ।

ਕੁਝ ਸੂਬਾ ਸਰਕਾਰਾਂ ਵੱਲੋਂ ਪ੍ਰਦਰਸ਼ਨਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਦੀ ਸਖ਼ਤ ਨਿਖੇਧੀ ਕੀਤੀ ਗਈ। ਸਾਰੇ ਆਗੂਆਂ ਨੇ ਸਰਕਾਰ ਦੇ ਕਿਸਾਨ ਵਿਰੋਧੀ ਰਵੱਈਏ ’ਤੇ ਭਾਰੀ ਰੋਸ ਪ੍ਰਗਟ ਕੀਤਾ।  ਉਨ੍ਹਾਂ ਨੇ ਘਰ ਵਾਪਸੀ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ, ਜਿਸ ਵਿੱਚ ਐਮਐਸਪੀ ਗਾਰੰਟੀ ਐਕਟ ਲਾਗੂ ਕਰਨਾ ਵੀ ਸ਼ਾਮਲ ਹੈ।

ਇਸ ਦੇ ਉਲਟ ਬਿਜਲੀ ਖੇਤਰ ਨੂੰ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦੀ ਨਾਪਾਕ ਨੀਅਤ ਨਾਲ ਲੋਕ ਸਭਾ ਵਿੱਚ ਬਿਜਲੀ ਬਿੱਲ 2022 ਪੇਸ਼ ਕਰ ਦਿੱਤਾ ਹੈ ਅਤੇ ਕਿਸਾਨਾਂ 'ਤੇ ਤਰ੍ਹਾਂ-ਤਰ੍ਹਾਂ ਦੇ ਹਮਲੇ ਕੀਤੇ ਜਾ ਰਹੇ ਹਨ। ਸਮੂਹ ਆਗੂਆਂ ਨੇ ਮਹਿਸੂਸ ਕੀਤਾ ਕਿ ਸਰਕਾਰ ਵੱਲੋਂ 26 ਜਨਵਰੀ 2021 ਨੂੰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਅਤੇ ਕਿਸਾਨਾਂ ਨੂੰ ਜਾਤ, ਧਰਮ, ਖੇਤਰ, ਭਾਸ਼ਾ ਦੇ ਨਾਂ 'ਤੇ ਵੰਡਣ ਦੀ ਜੋ ਸਾਜ਼ਿਸ਼ ਰਚੀ ਗਈ ਸੀ, ਉਹ ਅਜੇ ਵੀ ਜਾਰੀ ਹੈ।

ਸੰਯੁਕਤ ਕਿਸਾਨ ਮੋਰਚਾ ਨੇ ਇਸ ਨੂੰ ਹਰ ਕੀਮਤ 'ਤੇ ਅਸਫਲ ਕਰਨ ਦਾ ਆਪਣਾ ਸੰਕਲਪ ਦੁਹਰਾਇਆ। ਇਸ ਦੇ ਨਾਲ ਹੀ ਕਿਹਾ ਕਿ ਆਉਣ ਵਾਲੀ 26 ਜਨਵਰੀ ਨੂੰ ਦੇਸ਼ ਭਰ 'ਚ ਵੱਡੇ ਪੱਧਰ 'ਤੇ ਜਨ-ਗਣ ਏਕਤਾ ਪ੍ਰੋਗਰਾਮ ਕਰਵਾਉਣ ਤੋਂ ਇਲਾਵਾ ਆਗਾਮੀ ਬਜਟ ਸੈਸ਼ਨ 'ਚ ਬਾਕੀ ਮੰਗਾਂ ਨੂੰ ਸੰਸਦ 'ਚ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ ।

ਇਨ੍ਹਾਂ ਦਾ ਐਲਾਨ 24 ਦਸੰਬਰ ਨੂੰ ਕਰਨਾਲ ਵਿੱਚ ਦੁਬਾਰਾ ਹੋਣ ਵਾਲੀ ਮੀਟਿੰਗ ਵਿੱਚ ਵਿਸਥਾਰਪੂਰਵਕ ਚਰਚਾ ਤੋਂ ਬਾਅਦ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਭਾਰਤੀ ਖੇਤੀਬਾੜੀ ਵਿੱਚ ਜੀ ਐਮ ਬੀਜਾਂ ਦੀ ਸ਼ੁਰੂਆਤ ਦਾ ਸਖ਼ਤ ਵਿਰੋਧ ਕਰਦਾ ਹੈ। ਜੇਕਰ ਇਸ ਨੂੰ ਵਾਪਸ ਨਾ ਲਿਆ ਗਿਆ ਤਾਂ ਸਮੁੱਚੀ ਖੇਤੀ ਦੇਸ਼-ਵਿਦੇਸ਼ ਦੀਆਂ ਖੇਤੀ ਖੇਤਰ ਦੀਆਂ ਦਿੱਗਜਾਂ ਅਤੇ ਬਹੁਕੌਮੀ ਕੰਪਨੀਆਂ ਦੇ ਹੱਥਾਂ ਵਿੱਚ ਚਲੀ ਜਾਵੇਗੀ।

ਲਖੀਮਪੁਰ ਖੇੜੀ ਵਿੱਚ ਕਿਸਾਨਾਂ ’ਤੇ ਜ਼ੁਲਮ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਅਦਾਲਤ ਵੱਲੋਂ ਦੋਸ਼ ਆਇਦ ਕੀਤੇ ਜਾਣ ’ਤੇ ਉਨ੍ਹਾਂ ਕਿਹਾ ਕਿ ਕਾਤਲਾਂ ਨੂੰ ਸਜ਼ਾਵਾਂ ਮਿਲਣ ਦੀ ਆਸ ਹੈ। ਨਾਲ ਹੀ ਕਿਹਾ ਕਿ ਝੂਠੇ ਕੇਸਾਂ ਵਿੱਚ ਫਸੇ ਕਿਸਾਨਾਂ ਨੂੰ ਤੁਰੰਤ ਪ੍ਰਭਾਵ ਨਾਲ ਰਿਹਾਅ ਕੀਤਾ ਜਾਵੇ। ਮੀਟਿੰਗ ਵਿਚ ਜ਼ਮੀਨ ਪ੍ਰਾਪਤੀ ਅਤੇ ਹੋਰ ਮੁੱਦਿਆਂ 'ਤੇ ਦੇਸ਼ ਭਰ 'ਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਗੰਨਾ ਕਾਸ਼ਤਕਾਰਾਂ ਨੂੰ ਬਣਦਾ ਮੁੱਲ ਅਤੇ ਬਕਾਇਆ ਰਾਸ਼ੀ ਤੁਰੰਤ ਪ੍ਰਭਾਵ ਨਾਲ ਦੇਣ ਦੀ ਮੰਗ ਕੀਤੀ ਗਈ। ਕਿਸਾਨਾਂ ਦੀ ਲੜਾਈ ਜਾਰੀ ਰਹੇਗੀ। ਮੀਟਿੰਗ ‘ਲੜੋ-ਜਿੱਤ’ ਦੇ ਸੰਕਲਪ ਨਾਲ ਸਮਾਪਤ ਹੋਈ