ਭਾਰਤੀ ਲੋਕ ਸਭਾ ਚੋਣਾਂ : ਬੜੀ ਧੂਮ ਸੇ ਨਿਕਲੇਗਾ ਜਨਾਜ਼ਾ ਤੇਰਾ...

ਭਾਰਤੀ ਲੋਕ ਸਭਾ ਚੋਣਾਂ : ਬੜੀ ਧੂਮ ਸੇ ਨਿਕਲੇਗਾ ਜਨਾਜ਼ਾ ਤੇਰਾ...

ਭਾਰਤੀ ਲੋਕਤੰਤਰ ਦੇ ਇਕ ਵੱਡੇ ਦੰਭ ਵਿਚ ਆਜ਼ਾਦ ਤੇ ਨਿਰਪੱਖ ਚੋਣਾਂ ਦਾ ਜੁਮਲਾ ਵੀ ਪਿਛਲੇ 70 ਸਾਲ ਤੋਂ ਹਾਜ਼ਰ ਹੈ। 17ਵੀਂਆਂ ਲੋਕ ਸਭਾ ਚੋਣਾਂ 'ਚ ਬਹੁਰਾਸ਼ਟਰੀ ਕੰਪਨੀਆਂ, ਕਾਰਪੋਰੇਟ ਘਰਾਣਿਆਂ ਦੇ ਪੈਸਿਆਂ ਨਾਲ ਖੇਡੀ ਜਾਣ ਵਾਲੀ ਸੱਤਾ ਦੀ ਇਸ ਖੇਡ ਵਿਚ ਤਮਾਮ ਝੂਠੇ ਵਾਅਦਿਆਂ ਤੇ ਦਾਅਵਿਆਂ ਦੀ ਬਾਜ਼ੀ ਪੈ ਰਹੀ ਹੈ। ਇਸ ਵਾਰ ਭਾਜਪਾ ਖਾਸਕਰ ਸੰਘ ਪਰਿਵਾਰ ਦਾ ਹਕੂਮਤੀ ਦਾਬਾ ਪੂਰੇ ਜਲੌਅ ਵਿਚ ਹੈ। ਪ੍ਰਧਾਨ ਮੰਤਰੀ ਦੀ ਰੈਲੀ ਚੋਣ ਕਮਿਸ਼ਨ ਦੀਆਂ ਪ੍ਰੈਸ ਕਾਨਫਰੰਸਾਂ ਦਾ ਸਮਾਂ ਤਬਦੀਲ ਕਰਵਾ ਦਿੰਦੀ ਹੈ। ਅਲੀ ਤੇ ਹਨੂਮਾਨ ਚੋਣ ਲੜ ਰਹੇ ਹਨ, ਸਾਧਾਂ ਦੇ 'ਪ੍ਰਵਚਨ' ਗਾਲਾਂ ਨੂੰ ਸ਼ਰਮਸ਼ਾਰ ਕਰ ਰਹੇ ਹਨ। ਇਸ ਸਭ ਦੇ ਬਾਵਜੂਦ ਆਲਮੀ ਬਰਾਦਰੀ, ਯੂਐਨਓ ਤੇ ਲੋਕਾਂ ਵਿਚ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਗੁਰਜ ਦੀ ਸਲਾਮਤੀ ਲਈ ਕਥਿਤ ਸਖਤੀ, ਚੇਤਾਵਨੀਆਂ ਤੇ ਪਾਬੰਦੀਆਂ ਦਾ ਢੌਂਗ ਵੀ ਜਾਰੀ ਹੈ। ਅਜਿਹੇ ਹਾਲਾਤ ਵਿਚ ਇਹ ਸ਼ੇਅਰ ਢੁਕਵਾਂ ਜਾਪਦਾ ਹੈ ਕਿ- 
''ਬੜੀ ਧੂਮ ਸੇ ਨਿਕਲੇਗਾ ਜਨਾਜ਼ਾ ਤੇਰਾ 
ਜਿਸੇ ਦੇਖਕਰ ਮੌਤ ਭੀ ਇਤਰਾਏਗੀ
ਸਫੇਦ ਕਫਨ ਮੇਂ ਲਿਪਟਾ ਤਿਰਾ ਬਦਨ
ਭੀ ਜ਼ਮੀਰ ਯਹ ਦੇਖ ਕਰ ਸ਼ਰਮਾਏਗੀ।”
ਜਿਹੜੀਆਂ ਅਦਾਲਤਾਂ ਨੂੰ ਰਾਜਧਾਨੀਆਂ ਵਿਚ ਦਿਨ-ਦਿਹਾੜੇ ਗਲਾਂ ਵਿਚ ਟਾਇਰ ਪਾ ਕੇ ਜਿਉਂਦੇ ਫੂਕ ਦਿੱਤੇ ਗਏ ਸਿੱਖ ਹਾਲਾਂ ਤਕ ਨਹੀਂ ਦਿਖੇ, ਜਿਸ ਪੁਲਿਸ ਤੇ ਪ੍ਰਸ਼ਾਸਨ ਦੇ ਹੱਥ ਖੁਦ ਹੀ ਬੇਦੋਸ਼ਿਆਂ ਦੇ ਖੂਨ ਨਾਲ ਲਿੱਬੜੇ ਹੋਣ ਅਤੇ ਜਿਸ ਚੋਣ ਕਮਿਸ਼ਨ ਦੀ ਸਿਮਰਤੀ ਵਿਚੋਂ ਪੰਜ ਸਾਲ ਪਹਿਲਾਂ ਦਿੱਤੇ ਹਲਫੀਆਂ ਬਿਆਨਾਂ ਦੇ ਵੇਰਵੇ ਹੀ ਮਿਟ ਗਏ ਹੋਣ, ਉਨ੍ਹਾਂ ਸੰਸਥਾਵਾਂ ਤੋਂ ਭਾਰਤ ਦੇ ਭੋਲੇ ਲੋਕ ਆਜ਼ਾਦ ਤੇ ਨਿਰਪੱਖ ਚੋਣਾਂ ਦੀ ਆਸ ਕਰਦੇ ਹਨ।
ਹੁਣ ਭਾਰਤੀ ਲੋਕਤੰਤਰ ਦੇ ਜਨਾਜ਼ੇ ਵਿਚ ਯੂਰਪੀ ਫਾਸ਼ੀਵਾਦ-ਨਾਜੀਵਾਦ ਦੇ ਨਮੂਨੇ ਦਾ ਮੇਡ ਇਨ ਇੰਡੀਆ-ਫਾਸ਼ੀਵਾਦ ਵੀ ਪੂਰੀ ਵਿਊਂਤਬੰਦੀ ਤੇ ਧੂਮ-ਧੜੱਕੇ ਨਾਲ ਸ਼ਾਮਿਲ ਹੈ। ਪੂਰੇ ਦੇਸ਼ ਵਿਚ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ, ਅਯੁੱਧਿਆ ਵਿਚ ਰਾਮ ਮੰਦਿਰ ਬਣਾਉਣ, ਜੰਮੂ-ਕਸ਼ਮੀਰ ਵਿਚ ਧਾਰਾ 370 ਖਤਮ ਕਰਨ, ਵਿੱਦਿਆ, ਸਾਹਿਤ, ਕਲਾ ਤੇ ਸੱਭਿਆਚਾਰ ਦਾ ਭਗਵਾਂਕਰਨ ਕਰਨ ਆਦਿ ਦੇ ਮੁੱਦੇ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਖਤਮ ਕਰਨ ਦੇ ਰਵਾਇਤੀ ਮੁੱਦਿਆਂ ਦਾ ਮੁੰਹ ਚਿੜਾ ਰਹੇ ਹਨ। ਇਹ ਵੀ ਸੰਤਾਪ ਹੀ ਹੈ ਕਿ ਗਰੀਬੀ, ਬੇਰੁਜ਼ਗਾਰੀ ਤੇ ਮਹਿੰਗਾਈ ਦੇ ਮੁੱਦੇ ਸਤਹੀਣ ਕਰ ਦਿੱਤੇ ਗਏ ਹਨ ਪਰ ਇਹ ਸਮੱਸਿਆਵਾਂ ਪਹਿਲਾਂ ਨਾਲੋਂ ਵੀ ਵਿਕਰਾਲ ਹੋ ਗਈਆਂ ਹਨ। 
ਹਿੰਦੂ ਫਾਸ਼ੀਵਾਦ ਦਾ ਖਤਰਨਾਕ ਚਿਹਰਾ ਲਗਾਤਾਰ ਤੇਜ਼ੀ ਨਾਲ ਉਘੜਕੇ ਸਾਹਮਣੇ ਆ ਰਿਹਾ ਹੈ। ਸੰਘ ਦੇ ਲੁਕਵੇਂ ਤੇ ਪ੍ਰਤੱਖ ਦੋਵੇਂ ਤਰ੍ਹਾਂ ਦੇ ਏਜੰਡਿਆਂ ਵਿਚ ਫਿਰਕੂ, ਗੈਰ-ਜਮਹੂਰੀ, ਘੱਟ ਗਿਣਤੀਆਂ, ਦਲਿਤਾਂ, ਅਤੇ ਔਰਤਾਂ ਦੀ ਆਜ਼ਾਦੀ ਪ੍ਰਤੀ ਰੂੜੀਵਾਦੀ ਨੀਚਤਾ ਦਾ ਪੈਂਤੜਾ ਮੂਹਰੇ ਹੈ। ਆਪਣੇ ਇਸ ਖਬਤ ਦੀ ਪੂਰਤੀ ਲਈ ਉਹ ਕਿਸੇ ਵੀ ਹੱਦ ਨੂੰ ਪਾਰ ਕਰਨ ਲਈ ਤਿਆਰ ਹਨ। ਪਿਛਲੇ ਪੰਜ ਸਾਲ ਦਾ ਮੋਦੀ ਦਾ ਸ਼ਾਸਨ ਇਸ ਦੀ ਪ੍ਰਤੱਖ ਮਿਸਾਲ ਹੈ।
ਅਜਿਹੇ ਮੋੜ ਉਤੇ ਸਿੱਖ ਭਾਈਚਾਰੇ ਦੇ ਸਾਹਮਣੇ ਇਕ ਵੱਡਾ ਸਵਾਲ ਜਿਥੇ ਆਪਣੀ ਰਾਜਨੀਤਕ ਪੁਜ਼ੀਸ਼ਨ ਦਾ ਹੈ, ਉਥੇ ਨਾਲ ਹੀ ਇਸ ਦੇਸ਼ ਵਿਚ ਆਪਣੀ ਨਿਆਰੀ ਤੇ ਵਿਲੱਖਣ ਹੋਂਦ ਦਾ ਵੀ ਹੈ। ਇਹ ਇਕ ਇਤਿਹਾਸਕ ਤੱਥ ਹੈ ਕਿ ਸੈਂਕੜੇ ਸਾਲਾਂ ਤੋਂ ਹਿੰਦੂ ਅਤੇ ਮੁਸਲਮਾਨ ਵਿਚਕਾਰ ਸੱਭਿਆਚਾਰਕ, ਧਾਰਮਿਕ ਅਤੇ ਕੌਮੀ ਦੁਸ਼ਮਣੀ ਬਰਕਰਾਰ ਹੈ। ਇਸ ਦੇ ਬੀਜ ਇਨ੍ਹਾਂ ਦੋਵਾਂ ਧਰਮਾਂ ਦੇ ਵਿਚਾਰਧਾਰਾਈ ਵਿਰੋਧ ਵਿਚ ਪਏ ਹਨ। ਸਾਡੇ ਬਾਨੀ ਗੁਰੂ ਨਾਨਕ ਸਾਹਿਬ ਦਾ ਸਪੱਸ਼ਟ ਐਲਾਨ ਹੈ ਕਿ ਸਿੱਖ ਨਾ ਹਿੰਦੂ ਹੈ ਅਤੇ ਨਾ ਮੁਸਲਮਾਨ ਹੈ। ਇਸ ਕਰ ਕੇ ਗੁਰਬਾਣੀ ਦੀ ਰੌਸ਼ਨੀ ਵਿਚ ਅਸੀਂ ਇਨ੍ਹਾਂ ਨਾਖੁਸ਼ਗਵਾਰ ਵਰਤਮਾਨ ਤੱਥਾਂ ਦਾ ਹਿੰਮਤ ਨਾਲ ਸਾਹਮਣਾ ਤਾਂ ਕਰਨਾ ਹੀ ਹੈ, ਨਾਲ ਹੀ ਹਿੰਦੂ-ਮੁਸਲਮਾਨ ਦੇ ਵਿਚਾਰਧਾਰਾਈ ਵਿਰੋਧ ਦੇ ਇਤਿਹਾਸਕ ਸੱਚ ਨੂੰ ਵੀ ਚੇਤੇ ਰੱਖਣਾ ਹੈ। ਅੱਜ ਇਹ ਬਿਲਕੁਲ ਨਹੀਂ ਮੰਨਿਆ ਜਾ ਸਕਦਾ ਕਿ ਹਿੰਦੁਸਤਾਨ ਏਕਤਾ 'ਚ ਪਰੋਇਆ ਹੋਇਆ ਇਕ ਰਾਸ਼ਟਰ ਹੈ। ਅੱਜ ਦੇ ਹਿੰਦੁਸਤਾਨ ਵਿਚ ਪ੍ਰਤੱਖ ਤੇ ਅਪ੍ਰਤੱਖ ਦੋ ਰਾਸ਼ਟਰ ਹਨ, ਇਕ ਹਿੰਦੂਤਵ ਨੂੰ ਪ੍ਰਨਾਇਆ ਹੈ, ਦੂਜਾ ਇਸਲਾਮ ਦੀ ਤਰਜ਼-ਏ-ਜ਼ਿੰਦਗੀ ਵਾਲਾ ਰਾਸ਼ਟਰ ਹੈ। ਸਿੱਖ ਆਪਣੀ ਆਜ਼ਾਦ ਹਸਤੀ ਤੇ ਵੱਖਰੀ ਪਹਿਚਾਣ ਲਈ ਜੂਝ ਰਹੇ ਹਨ। 
ਆਰਐਸਐਸ ਹੁਣ ਭਾਰਤ ਵਿਚ ਇਕ ਵੱਡੀ ਸ਼ਕਤੀ ਬਣ ਗਿਆ ਹੈ ਜੋ ਡਾ.ਕੇਸ਼ਵ ਬਲਰਾਮ ਹੇਡਗਵਾਰ, ਵੀਰ ਸਾਵਰਕਰ ਤੇ ਗੋਲਵਰਕਰ ਦੇ ਵਿਚਾਰ ਨੂੰ ਮਾਨਤਾ ਦਿੰਦਾ ਹੈ। ਉਹ ਇਸ ਵਿਚਾਰ ਨੂੰ ਖਾਰਜ ਕਰਦਾ ਹੈ ਕਿ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈਆਂ ਨੇ ਮਿਲ ਕੇ ਭਾਰਤ ਦੇ ਰੂਪ ਵਿਚ ਇਕ ਰਾਸ਼ਟਰ ਦਾ ਗਠਨ ਕੀਤਾ ਹੈ। ਅਜ਼ਾਦੀ ਤੋਂ ਪਹਿਲੀ ਸਵੇਰ (14 ਅਗਸਤ 1947) ਨੂੰ ਪ੍ਰਕਾਸ਼ਿਤ ਆਰਐਸਐਸ. ਦੇ ਮੁੱਖ ਪੱਤਰ 'ਆਰਗੇਨਾਇਜ਼ਰ' ਵਿਚ ਪ੍ਰਕਾਸ਼ਿਤ ਸੰਪਾਦਕੀ ਵਿਚ ਹੀ ਇਸ ਦਾ ਐਲਾਨ ਠੋਕ ਵਜਾ ਕੇ ਕਰ ਦਿੱਤਾ ਗਿਆ ਸੀ ਕਿ ''ਹਿੰਦੂਸਤਾਨ ਵਿਚ ਸਿਰਫ ਹਿੰਦੂ ਹੀ ਰਾਸ਼ਟਰ ਦਾ ਨਿਰਮਾਣ ਕਰਦਾ ਹੈ ਅਤੇ ਰਾਸ਼ਟਰ ਦਾ ਢਾਂਚਾ ਉਸੇ ਸੁਰੱਖਿਅਤ ਅਤੇ ਸਹੀ ਬੁਨਿਆਦ 'ਤੇ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ।” ਉਦੋਂ ਉਹ ਆਪਣੇ ਵਿਚਾਰਾਂ ਨੂੰ ਲਾਗੂ ਕਰਨ ਦੀ ਸਥਿਤੀ ਵਿਚ ਨਹੀਂ ਸੀ, ਹੁਣ ਹਾਲਾਤ ਬਦਲ ਗਏ ਹਨ। ਇਸ ਕਰ ਕੇ ਪੰਜਾਬ ਤੇ ਪੰਥ ਦਰਦੀਆਂ ਨੂੰ ਸੂਬੇ ਵਿਚ ਇਕ ਅਜਿਹੀ ਲੀਡਰਸ਼ਿਪ ਨੂੰ ਉਭਾਰਨਾ ਪ੍ਰਮੁੱਖ ਏਜੰਡਾ ਹੋਣਾ ਚਾਹੀਦਾ ਹੈ ਜੋ ਸਾਡੀਆਂ ਵਰਤਮਾਨ ਸਮੱਸਿਆਵਾਂ ਨੂੰ ਮੁਖਾਤਿਬ ਤਾਂ ਹੋਵੇ ਹੀ, ਨਾਲ ਹੀ ਉਪਰੋਕਤ ਇਤਿਹਾਸਕ ਤੱਥਾਂ ਨੂੰ ਵੀ ਧਿਆਨ ਵਿਚ ਰੱਖਦੀ ਹੋਵੇ। ਆਪਾਂ ਸਾਰੇ ਜਾਣਦੇ ਹਨ ਕਿ ਭਾਰਤ ਦੇ ਕਰੋੜਾਂ ਆਮ ਲੋਕ ਜਿਸ ਤਰ੍ਹਾਂ ਦਾ ਜੀਵਨ ਜੀਣ ਲਈ ਮਜਬੂਰ ਹਨ, ਉਹ ਵਿਸ਼ਵ ਦੇ ਦੂਜੇ ਭਾਰਤ ਵਰਗੇ ਹੀ ਕੁਦਰਤੀ ਅਸਾਸਿਆਂ ਨਾਲ ਭਰਪੂਰ ਦੇਸ਼ਾਂ ਦੇ ਮੁਕਾਬਲੇ ਸ਼ਰਮਸਾਰ ਹੋਣ ਵਾਲੀ ਗੱਲ ਹੈ। ਉਪਰੋਂ ਹੁਣ ਨਫਰਤ ਤੇ ਫਿਰਕੂ ਰਾਜਨੀਤੀ ਦਾ ਬੋਲਬਾਲਾ ਨਿਰੰਤਰ ਵਧਦਾ ਜਾ ਰਿਹਾ ਹੈ। ਤੱਥ ਗਵਾਹ ਹਨ ਕਿ ਦੇਸ਼ ਦੀ ਅਜਿਹੀ ਹਾਲਤ ਲਈ ਉਹ ਫਲਸਫਾ ਤੇ ਉਸ ਦੇ ਪੈਰੋਕਾਰ ਹੀ ਜ਼ਿੰਮੇਵਾਰ ਹਨ, ਜਿਸ ਨੂੰ ਗੁਰੂ ਸਾਹਿਬਾਨ ਨੇ ''ਬਿਪਰਨ ਕੀ ਰੀਤ” ਦਾ ਨਾਮ ਦੇ ਕੇ ਸਾਨੂੰ ਸੁਚੇਤ ਕੀਤਾ ਹੋਇਆ ਹੈ। ਇਸ ਕਰ ਕੇ ਇਹ ਸਵਾਲ ਸੁੱਟ ਪਾਉਣ ਵਾਲਾ ਨਹੀਂ ਹੈ ਕਿ ਜੇ ਕੋਈ ਆਪਣੇ ਆਪ ਨੂੰ 'ਹਿੰਦੂ ਰਾਸ਼ਟਰਵਾਦੀ' ਮੰਨਦਾ ਹੈ ਤਾਂ ਫਿਰ ਹੋਰ ਕੋਈ 'ਮੁਸਲਿਮ ਰਾਸ਼ਟਰਵਾਦੀ', 'ਸਿੱਖ ਰਾਸ਼ਟਰਵਾਦੀ', 'ਇਸਾਈ ਰਾਸ਼ਟਰਵਾਦੀ' ਅਤੇ ਹੋਰ 'ਰਾਸ਼ਟਰਵਾਦੀ' ਕਿਉਂ ਨਹੀਂ ਹੋ ਸਕਦਾ? ਇਸ ਤਰ੍ਹਾਂ ਆਪਣੇ ਆਪ ਹੀ ਭਾਰਤ ਦੀ ਇਕ ਹੋਰ ਵੰਡ ਲਈ ਜ਼ਮੀਨ ਤਿਆਰ ਹੋ ਰਹੀ ਜਾਪਦੀ ਹੈ। ਲਾਜ਼ਮੀ ਤੌਰ ਉਤੇ ਸਿੱਖ ਕੌਮ ਨੂੰ ਆਪਣੀ ਤਿਆਰੀ ਰੱਖਣੀ ਪਵੇਗੀ, ਤਾਂ ਕਿ ਬਾਅਦ ਵਿਚ ਸਮਰੱਥ ਲੀਡਰਸ਼ਿਪ ਦੀ ਅਣਹੋਂਦ ਕਾਰਨ ਸੰਨ ਸੰਤਾਲੀ ਦੀ ਭੁੱਲ ਵਾਂਗ ਮੁੜ ਪਛਤਾਉਣਾ ਨਾ ਪਵੇ।