ਬਹਿਬਲ ਕਲਾਂ ਸਾਕਾ: ਐਸਐਸਪੀ ਚਰਨਜੀਤ ਸ਼ਰਮਾ ਦੀ ਜਿਪਸੀ 'ਤੇ ਝੂਠੇ ਗੋਲੀਆਂ ਦੇ ਨਿਸ਼ਾਨ ਬਣਾਉਣ ਵਾਲਾ ਸ਼ਖਸ ਗ੍ਰਿਫਤਾਰ

ਬਹਿਬਲ ਕਲਾਂ ਸਾਕਾ: ਐਸਐਸਪੀ ਚਰਨਜੀਤ ਸ਼ਰਮਾ ਦੀ ਜਿਪਸੀ 'ਤੇ ਝੂਠੇ ਗੋਲੀਆਂ ਦੇ ਨਿਸ਼ਾਨ ਬਣਾਉਣ ਵਾਲਾ ਸ਼ਖਸ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬਾਦਲ ਸਰਕਾਰ ਵੇਲੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ 'ਤੇ ਪੁਲਸ ਵੱਲੋਂ ਗੋਲੀ ਚਲਾਉਣ ਦੇ ਮਾਮਲੇ 'ਚ ਜਾਂਚ ਕਰ ਰਹੀ ਸਿੱਟ ਨੇ ਪੁਲਸ ਦੀ ਜਿਪਸੀ 'ਤੇ ਗੋਲੀਆਂ ਵੱਜਣ ਦੇ ਨਕਲੀ ਨਿਸ਼ਾਨ ਬਣਾਉਣ ਦੇ ਦੋਸ਼ੀ ਫਰੀਦਕੋਟ ਵਾਸੀ ਸੋਹੇਲ ਬਰਾੜ ਨੂੰ ਗ੍ਰਿਫਤਾਰ ਕੀਤਾ ਹੈ।

ਇਸ ਵਿਅਕਤੀ 'ਤੇ ਦੋਸ਼ ਹੈ ਕਿ ਇਸ ਮਾਮਲੇ 'ਚ ਦੋਸ਼ੀ ਮੋਗਾ ਦੇ ਐਸਐਸਪੀ ਚਰਨਜੀਤ ਸ਼ਰਮਾ ਦੀ ਪਾਇਲਟ ਜਿਪਸੀ 'ਤੇ ਇਸਨੇ ਗੋਲੀਆਂ ਵੱਜਣ ਦੇ ਝੂਠੇ ਨਿਸ਼ਾਨ ਬਣਾਏ ਸੀ। ਇਹ ਕਾਰਾ ਇਸ ਦੇ ਘਰ ਹੀ ਕੀਤਾ ਗਿਆ ਦੱਸਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਚਰਨਜੀਤ ਸ਼ਰਮਾ ਦੀ ਅਗਵਾਈ ਵਿਚ ਪੁਲਸ ਨੇ ਸ਼ਾਂਤਮਈ ਸਿੱਖ ਸੰਗਤਾਂ 'ਤੇ ਗੋਲੀ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ ਜਦਕਿ ਕਈ ਹੋਰ ਸੰਗਤਾਂ ਜ਼ਖਮੀ ਹੋਈਆਂ ਸਨ। ਇਸ ਤੋਂ ਬਾਅਦ ਚਰਨਜੀਤ ਸ਼ਰਮਾ ਨੇ ਦੋਸ਼ ਉਲਟਾ ਸਿੱਖ ਸੰਗਤਾਂ 'ਤੇ ਪਾਉਣ ਲਈ ਆਪਣੀ ਜਿਪਸੀ ਉੱਤੇ ਗੋਲੀਆਂ ਲੱਗਣ ਦੇ ਝੂਠੇ ਨਿਸ਼ਾਨ ਬਣਾਏ।

ਦੋਸ਼ੀ ਸੋਹੇਲ ਬਰਾੜ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਸਿੱਟ ਦੇ ਮੁੱਖ ਜਾਂਚ ਅਫਸਰ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਸਨੂੰ ਕੱਲ੍ਹ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਇਸ ਮਾਮਲੇ 'ਚ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਸਾਬਕਾ ਬਾਦਲ ਦਲ ਦੇ ਵਿਧਾਇਕ ਮਨਤਾਰ ਬਰਾੜ, ਆਈਜੀ ਪਰਮਰਾਜ ਉਮਰਾਨੰਗਲ, ਐਸਐਸਪੀ ਚਰਨਜੀਤ ਸ਼ਰਮਾ, ਐਸਪੀ ਪਰਮਜੀਤ ਪੱਨੂ ਅਤੇ ਬਲਜੀਤ ਸਿੱਧੂ, ਐਸਐਚਓ ਗੁਰਦੀਪ ਪੰਧੇਰ ਖਿਲਾਫ ਚਲਾਨ ਦਾਖਲ ਕੀਤੇ ਗਏ ਹਨ।