ਭਾਰਤ ਨੇ ਅਸਟ੍ਰੇਲੀਆ ਨੂੰ ਆਪਣੇ ਫੌਜੀ ਅੱਡੇ ਵਰਤਣ ਦਾ ਹੱਕ ਦਿੱਤਾ

ਭਾਰਤ ਨੇ ਅਸਟ੍ਰੇਲੀਆ ਨੂੰ ਆਪਣੇ ਫੌਜੀ ਅੱਡੇ ਵਰਤਣ ਦਾ ਹੱਕ ਦਿੱਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਅਤੇ ਅਸਟ੍ਰੇਲੀਆ ਨੇ ਅੱਜ ਇਕ ਸਮਝੌਤਾ ਕਰਦਿਆਂ ਤੈਅ ਕੀਤਾ ਹੈ ਕਿ ਦੋਵੇਂ ਦੇਸ਼ ਲੋੜ ਪੈਣ 'ਤੇ ਇਕ ਦੂਜੇ ਦੇ ਫੌਜੀ ਅੱਡਿਆਂ ਨੂੰ ਵਰਤ ਸਕਦੇ ਹਨ। ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਰਮਿਆਨ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਬੈਠਕ ਵਿਚ ਇਹ ਸਮਝੌਤਾ ਕੀਤਾ ਗਿਆ। 

ਭਾਰਤ ਨੇ ਪਹਿਲਾਂ ਅਜਿਹਾ ਹੀ ਸਮਝੌਤਾ ਅਮਰੀਕਾ ਨਾਲ ਵੀ ਕੀਤਾ ਹੋਇਆ ਹੈ। ਹੁਣ ਅਸਟ੍ਰੇਲੀਆ ਨਾਲ ਹੋਇਆ ਭਾਰਤ ਦਾ ਇਹ ਸਮਝੌਤਾ ਦੱਖਣੀ ਏਸ਼ੀਆ ਵਿਚ ਚੀਨ ਦੀ ਵੱਧ ਰਹੀ ਤਾਕਤ ਨੂੰ ਜਵਾਬ ਦੇਣ ਲਈ ਕੀਤਾ ਸਮਝੌਤਾ ਮੰਨਿਆ ਜਾ ਰਿਹਾ ਹੈ। 

ਦੱਸ ਦਈਏ ਕਿ ਕੋਰੋਨਾਵਾਇਰਸ ਮਹਾਂਮਾਰੀ ਫੈਲਣ ਤੋਂ ਬਾਅਦ ਅਮਰੀਕਾ ਅਤੇ ਚੀਨ ਦਰਮਿਆਨ ਚੱਲ ਰਹੀ ਵਿਸ਼ਵ ਆਗੂ ਬਣਨ ਦੀ ਹੋੜ ਤਿੱਖੀ ਹੋ ਗਈ ਹੈ ਅਤੇ ਇਸ ਦਰਮਿਆਨ ਭਾਰਤ ਵੱਲੋਂ ਅਮਰੀਕੀ ਧੜੇ ਵਿਚ ਸ਼ਾਮਲ ਹੋਣ ਦੇ ਖੁੱਲ੍ਹੇ ਸੰਕੇਤ ਦਿੱਤੇ ਜਾ ਚੁੱਕੇ ਹਨ। ਅਸਟ੍ਰੇਲੀਆ ਵੀ ਅਮਰੀਕੀ ਧੜੇ ਦੇ ਦੇਸ਼ਾਂ ਵਿਚ ਗਿਣਿਆ ਜਾਂਦਾ ਹੈ ਅਤੇ ਪ੍ਰਸ਼ਾਂਤ ਮਹਾਸਾਗਰ ਵਿਚ ਚੀਨ ਖਿਲਾਫ ਅਮਰੀਕਾ ਦਾ ਅਹਿਮ ਭਾਈਵਾਲ ਹੈ। 

ਇਸ ਖਿੱਚੋਤਾਣ ਵਿਚ ਜਿਸ ਦਿਨ ਤੋਂ ਭਾਰਤ ਨੇ ਅਮਰੀਕੀ ਧੜੇ ਵਿਚ ਸ਼ਾਮਲ ਹੋਣ ਦੇ ਇਸ਼ਾਰੇ ਦਿੱਤੇ ਸਨ, ਉਸੇ ਦਿਨ ਤੋਂ ਚੀਨ ਨੇ ਭਾਰਤ ਨੂੰ ਦਬਕਾ ਮਾਰਨ ਲਈ ਪਹਿਲਾਂ ਤੋਂ ਚੱਲੇ ਆ ਰਹੇ ਸਰਹੱਦ ਵਿਵਾਦ ਨੂੰ ਹਵਾ ਦੇ ਦਿੱਤੀ ਸੀ। ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਚੀਨ ਦੇ ਫੌਜੀ ਭਾਰਤ ਦੇ ਦਾਅਵੇ ਵਾਲੇ ਇਲਾਕੇ ਵਿਚ 3 ਕਿਲੋਮੀਟਰ ਤਕ ਅੰਦਰ ਆ ਚੁੱਕੇ ਹਨ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਗੱਲ ਨੂੰ ਪ੍ਰਵਾਨ ਕੀਤਾ ਸੀ।

ਅਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਨੇ ਜਨਵਰੀ ਵਿਚ ਭਾਰਤ ਦੌਰੇ 'ਤੇ ਆਉਣਾ ਸੀ, ਪਰ ਉਹਨਾਂ ਦਿਨਾਂ ਵਿਚ ਅਸਟ੍ਰੇਲੀਆ 'ਚ ਫੈਲੀ ਜੰਗਲੀ ਅੱਗ ਕਾਰਨ ਉਹ ਦੌਰਾ ਰੱਦ ਹੋ ਗਿਆ ਸੀ। ਉਸ ਤੋਂ ਬਾਅਦ ਕੋਰੋਨਾਵਾਇਰਸ ਮਹਾਂਮਾਰੀ ਫੈਲਣ ਕਾਰਨ ਦੌਰੇ ਦਾ ਸਬੱਬ ਨਹੀਂ ਬਣ ਸਕਿਆ। ਪਰ ਇਹਨਾਂ ਹਾਲਾਤਾਂ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਅਜਿਹੇ ਅਹਿਮ ਸਮਝੌਤੇ ਨੂੰ ਦੋਵਾਂ ਮੁਲਕਾਂ ਵੱਲੋਂ ਸਿਰੇ ਚੜ੍ਹਾਉਣਾ ਇਸ ਦੀ ਮੋਜੂਦਾ ਹਾਲਾਤ ਵਿਚ ਹੋਰ ਅਹਿਮੀਅਤ ਵੱਲ ਇਸ਼ਾਰੇ ਕਰਦਾ ਹੈ।

ਸੂਤਰਾਂ ਮੁਤਾਬਕ ਭਾਰਤ, ਅਮਰੀਕਾ, ਜਪਾਨ ਅਤੇ ਅਸਟ੍ਰੇਲੀਆ ਮਿਲ ਕੇ ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰ ਵਿਚ ਜੰਗੀ ਅਭਿਆਸ ਕਰਨ ਦੀ ਤਿਆਰੀ ਕਰ ਰਹੇ ਹਨ। ਇਹ ਅਭਿਆਸ ਚੀਨ ਨੂੰ ਹੋਰ ਭੜਕਾ ਸਕਦਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।