ਸਿੱਖ ਵਿਰੋਧੀ ਕਤਲੇਆਮ ਬਾਰੇ ਸਿਟ  ਦਾ ਕਾਰਜਕਾਲ ਛੇ ਮਹੀਨੇ ਵਧਿਆ

ਸਿੱਖ ਵਿਰੋਧੀ ਕਤਲੇਆਮ ਬਾਰੇ ਸਿਟ  ਦਾ ਕਾਰਜਕਾਲ ਛੇ ਮਹੀਨੇ ਵਧਿਆ

ਅੰਮ੍ਰਿਤਸਰ ਟਾਈਮਜ਼ ਬਿਉਰੋ       

ਕਾਨਪੁਰ : ਸਿੱਖ ਵਿਰੋਧੀ ਕਤਲੇਆਮ  ਦੌਰਾਨ ਦਰਜ ਮੁਕੱਦਮਿਆਂ ਦੀ ਜਾਂਚ ਲਈ ਗਠਿਤ ਵਿਸ਼ੇਸ਼ ਪੜਤਾਲੀਆ ਟੀਮ ਦਾ ਕਾਰਜਕਾਲ ਛੇ ਮਹੀਨੇ ਵਧਾਇਆ ਗਿਆ ਹੈ। ਹੁਣ ਟੀਮ ਇਸ ਸਾਲ 27 ਨਵੰਬਰ ਤਕ ਜਾਂਚ ਪੂਰੀ ਕਰੇਗੀ। ਹਾਲਾਂਕਿ ਟੀਮ ਨੇ 19 ਮੁਕੱਦਮਿਆਂ ਦੀ ਪੜਤਾਲ 'ਚੋਂ 12 ਵਿਚ ਸਬੂਤ ਤੇ ਗਵਾਹ ਜੁਟਾ ਲਏ ਹਨ। ਤਿੰਨ ਮੁਕੱਦਮਿਆਂ ਵਿਚ ਦੋਸ਼ ਪੱਤਰ ਵੀ ਅਦਾਲਤ ਵਿਚ ਦਾਖ਼ਲ ਹੋਣ ਦੀ ਉਮੀਦ ਹੈ।ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਈ ਹਿੰਸਾ ਦੌਰਾਨ ਸ਼ਹਿਰ ਵਿਚ 127 ਲੋਕਾਂ ਦੀ ਹੱਤਿਆ ਤੇ ਲੁੱਟਮਾਰ ਹੋਈ ਸੀ ਤੇ ਕਈ ਪਰਿਵਾਰ ਹਿਜਰਤ ਕਰ ਗਏ ਸਨ। ਫਰਵਰੀ 2019 ਵਿਚ ਸ਼ਾਸਨ ਨੇ ਦੰਗਿਆਂ ਦੌਰਾਨ ਹੱਤਿਆ, ਲੁੱਟ, ਡਕੈਤੀ ਵਰਗੇ ਗੰਭੀਰ ਅਪਰਾਧਾਂ ਦੀ ਜਾਂਚ ਲਈ ਸੇਵਾ ਮੁਕਤ ਡੀਜੀ ਅਤੁਲ ਕੁਮਾਰ ਦੀ ਅਗਵਾਈ ਵਿਚ ਐੱਸਆਈਟੀ ਦਾ ਗਠਨ ਕੀਤਾ ਸੀ।27 ਮਈ 2019 ਨੂੰ ਐੱਸਆਈਟੀ ਨੇ ਕੰਮ ਸ਼ੁਰੂ ਕੀਤਾ ਤੇ ਬਾਅਦ ਵਿਚ ਇਸ ਨੂੰ ਥਾਣੇ ਦਾ ਦਰਜਾ ਵੀ ਮਿਲਿਆ। ਦਸਤਾਵੇਜ਼ ਇਕੱਠੇ ਕਰਨ ਤੋਂ ਬਾਅਦ ਐੱਸਆਈਟੀ ਨੇ 19 ਮੁਕੱਦਮਿਆਂ ਦੀ ਅਗਾਊਂ ਪੜਤਾਲ ਸ਼ੁਰੂ ਕੀਤੀ। ਇਸ ਦਰਮਿਆਨ ਦੋ ਵਾਰ ਐੱਸਆਈਟੀ ਦਾ ਕਾਰਜਕਾਲ ਵਧਾਇਆ ਗਿਆ। ਹਾਲ ਹੀ ਵਿਚ ਟੀਮ ਨੇ ਇਕ ਦਰਜਨ ਮਾਮਲਿਆਂ ਵਿਚ ਪੁਖ਼ਤਾ ਸਬੂਤ ਤੇ ਗਵਾਹ ਜੁਟਾਏ ਪਰ 27 ਮਈ ਨੂੰ ਇਸ ਦਾ ਕਾਰਜਕਾਲ ਖ਼ਤਮ ਹੋ ਰਿਹਾ ਸੀ।ਇਸ ਕਾਰਨ ਐੱਸਆਈਟੀ ਦੇ ਐੱਸਪੀ ਨੇ ਛੇ ਮਹੀਨੇ ਦਾ ਵਕਤ ਹੋਰ ਮੰਗਿਆ ਸੀ। ਐੱਸਪੀ ਬਾਲੇਂਦੂ ਭੂਸ਼ਣ ਨੇ ਦੱਸਿਆ ਕਿ ਪੰਜਾਬ, ਮੱਧ ਪ੍ਰਦੇਸ਼, ਦਿੱਲੀ ਆਦਿ ਸੂਬਿਆਂ ਵਿਚ ਐੱਸਆਈਟੀ ਨੇ ਜਾ ਕੇ ਗਵਾਹਾਂ ਦੇ ਬਿਆਨ ਦਰਜ ਕੀਤੇ ਤੇ ਸਬੂਤੇ ਜੁਟਾਏ ਹਨ। ਕੁਝ ਮੁਕੱਦਮਿਆਂ ਦੀ ਪੜਤਾਲ ਵੀ ਪੂਰੀ ਹੋ ਚੁੱਕੀ ਹੈ। ਸ਼ਾਸਨ ਤੋਂ ਕਾਰਜਕਾਲ ਛੇ ਮਹੀਨੇ ਹੋਰ ਵਧਾਉਣ ਦੀ ਮੰਗ ਕੀਤੀ ਗਈ ਸੀ। ਹੁਣ ਛੇ ਮਹੀਨੇ ਦਾ ਵਕਤ ਹੋਰ ਮਿਲਿਆ ਹੈ।